ਫ਼ਤਹਿਗੜ੍ਹ ਸਾਹਿਬ – “ਸਿੱਖ ਕੌਮ ਦੀ ਲੰਮੇਂ ਸਮੇਂ ਤੋਂ ਹੁੰਦੀ ਆ ਰਹੀ ਮੰਗ ਅਤੇ ਰੋਜ਼ਾਨਾ ਸਿੱਖਾਂ ਦੀ ਅਰਦਾਸ ਵਿਚ ਸ਼ਾਮਿਲ ਵਿਛੜੇ ਗੁਰਧਾਮਾਂ ਦੇ ਦਰਸ਼ਨ ਦੀਦਾਰੇ ਨੂੰ ਪਾਕਿਸਤਾਨ ਦੀ ਸ੍ਰੀ ਇਮਰਾਨ ਖਾਨ ਹਕੂਮਤ ਅਤੇ ਇੰਡੀਆ ਦੀ ਹਕੂਮਤ ਵੱਲੋਂ ਸ੍ਰੀ ਕਰਤਾਰਪੁਰ ਸਾਹਿਬ ਦੇ ਲਾਂਘੇ ਲਈ ਪ੍ਰਵਾਨਗੀ ਦੇਣ ਦੇ ਅਮਲਾਂ ਦਾ ਜਿੱਥੇ ਅਸੀਂ ਸਵਾਗਤ ਤੇ ਧੰਨਵਾਦ ਕਰਦੇ ਹਾਂ, ਉਥੇ ਸ੍ਰੀ ਮੋਦੀ ਹਕੂਮਤ ਵੱਲੋਂ ਅੱਜ ਮਿਤੀ 26 ਨਵੰਬਰ 2018 ਨੂੰ ਸਰਹੱਦ ਉਤੇ ਪਿੰਡ ਮਾਨ ਵਿਖੇ ਕੀਤੇ ਗਏ ਸਮਾਗਮ ਵਿਚ ਸਿੱਖ ਕੌਮ ਵੱਲੋਂ ਪੂਰਨ ਤੌਰ ਤੇ ਦੁਰਕਾਰੇ ਜਾ ਚੁੱਕੇ ਰਵਾਇਤੀ ਆਗੂਆਂ ਸ. ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਸਿੰਘ ਬਾਦਲ ਅਤੇ ਬੀਬੀ ਹਰਸਿਮਰਤ ਕੌਰ ਬਾਦਲ ਜਿਨ੍ਹਾਂ ਨੂੰ ਜਸਟਿਸ ਰਣਜੀਤ ਸਿੰਘ ਕਮਿਸ਼ਨ ਵੱਲੋਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਮਾਮਲੇ ਵਿਚ ਅਤੇ ਬਰਗਾੜੀ ਵਿਖੇ 2 ਸਿੱਖ ਨੌਜ਼ਵਾਨਾਂ ਦਾ ਕਤਲ ਕਰਨ ਦੇ ਸੰਗੀਨ ਮਾਮਲੇ ਵਿਚ ਦੋਸ਼ੀ ਠਹਿਰਾਇਆ ਹੋਇਆ ਹੈ ਅਤੇ ਜਿਨ੍ਹਾਂ ਦੀਆਂ ਸਿੱਖ ਕੌਮ ਅਤੇ ਪੰਜਾਬ ਸੂਬੇ ਵਿਰੋਧੀ ਕਾਰਵਾਈਆ ਦੀ ਬਦੌਲਤ ਅੱਜ ਸਿੱਖ ਕੌਮ ਦੇ 90% ਨਿਵਾਸੀ ਨਫ਼ਰਤ ਦੀ ਨਜ਼ਰ ਨਾਲ ਦੇਖ ਰਹੇ ਹਨ, ਉਨ੍ਹਾਂ ਨੂੰ ਸ੍ਰੀ ਕਰਤਾਰਪੁਰ ਸਾਹਿਬ ਦੇ ਸਿੱਖ ਕੌਮ ਦੇ ਮਹਾਨ ਅਸਥਾਂਨ ਦੇ ਲਾਂਘੇ ਦੇ ਕੌਰੀਡੋਰ ਦੇ ਉਦਘਾਟਨ ਸਮਾਗਮ ਵਿਚ ਬੁਲਾਕੇ ਜਿਥੇ ਬਹੁਤ ਵੱਡੀ ਬਜਰ ਗੁਸਤਾਖੀ ਕੀਤੀ ਹੈ, ਉਥੇ ਇਸ ਹੋਏ ਸਮਾਗਮ ਦੌਰਾਨ ਸੰਤ ਸਮਾਜ ਅਤੇ ਸੰਤ ਸਮਾਜ ਦੇ ਮੁੱਖੀ ਬਾਬਾ ਸਰਬਜੋਤ ਸਿੰਘ ਬੇਦੀ ਅਤੇ ਸਿੱਖ ਕੌਮ ਵੱਲੋਂ ਬਾਦਲ ਮੁਰਦਾਬਾਦ ਦੇ ਨਾਅਰੇ ਲਗਾਉਦੇ ਹੋਏ ਜੋ ਸਿੱਖ ਕੌਮ ਵੱਲੋਂ ਪ੍ਰਤੀਕਰਮ ਜਾਹਿਰ ਕੀਤਾ ਗਿਆ ਹੈ, ਉਹ ਇਸ ਸਮਾਗਮ ਤੇ ਸੈਂਟਰ ਹਕੂਮਤ ਨੇ ਅਜਿਹਾ ਕਰਕੇ ਇਸ ਵੱਡੀ ਕੌਮੀ ਖੁਸ਼ੀ ਦੇ ਮੌਕੇ ਨਮੋਸ਼ੀ ਪੈਦਾ ਕਰ ਦਿੱਤੀ ਹੈ ਅਤੇ ਹੁਕਮਰਾਨਾਂ ਨੂੰ ਸਿੱਖ ਕੌਮ ਦੀਆਂ ਭਾਵਨਾਵਾਂ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਹੁਣ ਸਿੱਖ ਕੌਮ ਸ. ਪ੍ਰਕਾਸ਼ ਸਿੰਘ ਬਾਦਲ ਅਤੇ ਬਾਦਲ ਪਰਿਵਾਰ ਨੂੰ ਕਿਸੇ ਵੀ ਕੌਮੀ ਸਮਾਗਮ ਵਿਚ ਸ਼ਮੂਲੀਅਤ ਨੂੰ ਬਿਲਕੁਲ ਬਰਦਾਸ਼ਤ ਨਹੀਂ ਕਰੇਗੀ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਪਾਕਿਸਤਾਨ ਹਕੂਮਤ ਅਤੇ ਇੰਡੀਆ ਦੀ ਹਕੂਮਤ ਵੱਲੋਂ ਸ੍ਰੀ ਕਰਤਾਰਪੁਰ ਸਾਹਿਬ ਲਾਂਘੇ ਨੂੰ ਪ੍ਰਵਾਨਗੀ ਦੇਣ ਦੇ ਫੈਸਲੇ ਦਾ ਸਵਾਗਤ ਕਰਦੇ ਹੋਏ ਅਤੇ ਇੰਡੀਅਨ ਹੁਕਮਰਾਨਾਂ ਵੱਲੋਂ ਸਿੱਖ ਕੌਮ ਵਿਰੋਧੀ ਸ. ਪ੍ਰਕਾਸ਼ ਸਿੰਘ ਬਾਦਲ ਅਤੇ ਬਾਦਲ ਪਰਿਵਾਰ ਨੂੰ ਅਜਿਹੇ ਕੌਮੀ ਸਮਾਗਮਾਂ ਵਿਚ ਬੁਲਾਉਣ ਦੀ ਜੋਰਦਾਰ ਨਿੰਦਾ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ 1947 ਤੋਂ ਹੀ ਗੁਰੂ ਨਾਨਕ ਸਾਹਿਬ ਜੀ ਨਾਲ ਸੰਬੰਧਤ ਸ੍ਰੀ ਕਰਤਾਰਪੁਰ ਸਾਹਿਬ ਦੇ ਲਾਂਘੇ ਦੀ ਮੰਗ ਹੁੰਦੀ ਆ ਰਹੀ ਹੈ ਜੋ ਪੂਰਨ ਹੋਈ ਹੈ, ਪਰ ਸਾਡੀ ਬਦਨਸੀਬੀ ਦੀ ਗੱਲ ਇਹ ਹੋਈ ਹੈ ਕਿ ਪਹਿਲੇ 1947 ਵਿਚ ਵੰਡ ਸਮੇਂ ਸਿੱਖ ਕੌਮ ਦੀ ਨਸ਼ਲੀ ਸਫ਼ਾਈ ਕੀਤੀ ਗਈ ਅਤੇ 1984 ਵਿਚ ਇੰਡੀਅਨ ਹੁਕਮਰਾਨਾਂ ਨੇ ਸਾਜ਼ਸੀ ਢੰਗ ਨਾਲ ਫਿਰ ਸਿੱਖ ਕੌਮ ਦੀ ਨਸ਼ਲੀ ਸਫ਼ਾਈ ਕਰਵਾਈ ਅਤੇ ਨਾਲ ਹੀ ਸ੍ਰੀ ਦਰਬਾਰ ਸਾਹਿਬ ਉਤੇ ਫ਼ੌਜੀ ਹਮਲਾ ਕਰਕੇ ਸਮੁੱਚੇ ਸਿੱਖ ਮਨਾਂ ਨੂੰ ਡੂੰਘੇ ਜਖ਼ਮ ਦਿੱਤੇ ਹਨ । ਹੁਣ 6 ਮਹੀਨੇ ਤੋਂ ਭਾਈ ਧਿਆਨ ਸਿੰਘ ਮੰਡ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਅਗਵਾਈ ਵਿਚ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਦੋਸ਼ੀਆਂ ਨੂੰ ਅਤੇ ਭਾਈ ਗੁਰਜੀਤ ਸਿੰਘ ਤੇ ਕ੍ਰਿਸ਼ਨ ਭਗਵਾਨ ਸਿੰਘ ਦੇ ਕਾਤਲਾਂ ਨੂੰ ਸਜ਼ਾਵਾਂ ਦਿਵਾਉਣ ਲਈ, 25-25 ਸਾਲਾ ਤੋਂ ਜੇਲ੍ਹਾਂ ਵਿਚ ਬੰਦੀ ਬਣਾਏ ਗਏ ਸਿੱਖਾਂ ਦੀ ਮੁਕੰਮਲ ਰਿਹਾਈ ਲਈ ਪੁਰਅਮਨ ਢੰਗ ਨਾਲ ਮੋਰਚਾ ਚਲਾਇਆ ਜਾ ਰਿਹਾ ਹੈ । ਪਰ ਹੁਕਮਰਾਨਾਂ ਵੱਲੋਂ ਸਿੱਖ ਕੌਮ ਦੀਆਂ ਕਾਨੂੰਨੀ ਅਤੇ ਸਮਾਜਿਕ ਮੰਗਾਂ ਨੂੰ ਪੂਰਨ ਕਰਨ ਤੋਂ ਟਾਲ-ਮਟੋਲ ਦੀ ਨੀਤੀ ਅਪਣਾਈ ਜਾ ਰਹੀ ਹੈ, ਜਦੋਂਕਿ ਗੁਰੂ ਨਾਨਕ ਸਾਹਿਬ ਨੇ ਅਤੇ ਛੇਵੀ ਪਾਤਸ਼ਾਹੀ ਨੇ ਬਹੁਤ ਸਮਾਂ ਪਹਿਲੇ ਮਨੁੱਖੀ ਕਦਰਾ-ਕੀਮਤਾ ਤੇ ਪਹਿਰਾ ਦਿੰਦੇ ਹੋਏ ਆਪਣੇ ਨਾਲ ਜੇਲ੍ਹਾਂ ਵਿਚ ਵੱਡੀ ਗਿਣਤੀ ਬੰਦੀਆਂ ਨੂੰ ਰਿਹਾਅ ਕਰਵਾਕੇ ਮਨੁੱਖਤਾ ਦੀ ਗੱਲ ਕੀਤੀ ਸੀ ।
ਇਹ ਹੋਰ ਵੀ ਦੁੱਖ ਤੇ ਅਫ਼ਸੋਸ ਵਾਲੇ ਅਮਲ ਹਨ ਕਿ ਬੀਤੇ ਕੁਝ ਦਿਨ ਪਹਿਲੇ ਬੀਬੀ ਹਰਸਿਮਰਤ ਕੌਰ ਤੇ ਸੁਖਬੀਰ ਸਿੰਘ ਬਾਦਲ ਦੇ ਘਰ ਹੋਏ ਇਕ ਸਮਾਗਮ ਵਿਚ ਸ੍ਰੀ ਨਰਿੰਦਰ ਮੋਦੀ ਅਤੇ ਸਾਬਕਾ ਵਜ਼ੀਰ-ਏ-ਆਜ਼ਮ ਮਨਮੋਹਨ ਸਿੰਘ ਆਏ । ਬੇਸ਼ੱਕ ਨਰਿੰਦਰ ਮੋਦੀ ਨੂੰ ਤਾਂ ਸਿੱਖੀ ਪੰ੍ਰਪਰਾਵਾਂ, ਮਰਿਯਾਦਾਵਾਂ ਬਾਰੇ ਗਿਆਨ ਨਹੀਂ ਹੈ, ਪਰ ਸ. ਮਨਮੋਹਨ ਸਿੰਘ ਤਾਂ ਸਿੱਖ ਕੌਮ ਵਿਚੋਂ ਹਨ ਅਤੇ ਉਨ੍ਹਾਂ ਨੂੰ ਸਿੱਖ ਕੌਮ ਦੀ ਮਨੋਵਿਗਿਆਨ ਸਥਿਤੀ ਤੋਂ ਭਰਪੂਰ ਜਾਣਕਾਰੀ ਹੈ ਕਿ ਸਿੱਖ ਕੌਮ ਆਪਣੇ ਵੱਲੋਂ ਦੁਰਕਾਰੇ ਜਾ ਚੁੱਕੇ ਜਾਂ ਅਲੱਗ-ਥਲੱਗ ਕੀਤੇ ਜਾ ਚੁੱਕੇ ਸਿੱਖ ਵਿਰੋਧੀ ਸੋਚ ਵਾਲੇ ਆਗੂਆਂ ਜਾਂ ਇਨਸਾਨਾਂ ਨੂੰ ਕਤਈ ਵੀ ਪ੍ਰਵਾਨ ਨਹੀਂ ਕਰਦੀ । ਇਨ੍ਹਾਂ ਨੂੰ ਇਹ ਵੀ ਪਤਾ ਹੋਣਾ ਚਾਹੀਦਾ ਹੈ ਕਿ ਸੱਤਵੀਂ ਪਾਤਸਾਹੀ ਦੇ ਸਪੁੱਤਰ ਸ੍ਰੀ ਰਾਮ ਰਾਏ ਨੇ ਗੁਰੂ ਸਾਹਿਬਾਨ ਜੀ ਦੀ ਬਾਣੀ ਨੂੰ ਔਰੰਗਜੇਬ ਸਾਹਮਣੇ ਗਲਤ ਸ਼ਬਦ ਦੇ ਕੇ ਪੜ੍ਹ ਦਿੱਤਾ ਸੀ ਅਤੇ ਗੁਰੂ ਹਰਕ੍ਰਿਸ਼ਨ ਸਾਹਿਬ ਨੇ ਆਪਣੇ ਪੁੱਤਰ ਨੂੰ ਪੰਥ ਵਿਚੋਂ ਛੇਕ ਦਿੱਤਾ ਸੀ । ਇਸ ਲਈ ਸਿੱਖ ਕੌਮ ਉਤੇ ਕੋਈ ਵੀ ਹੁਕਮਰਾਨ ਜਾਂ ਕੋਈ ਵੀ ਤਾਕਤ, ਸਿੱਖ ਕੌਮ ਨਾਲ ਗ਼ਦਾਰੀ ਅਤੇ ਧੋਖਾ ਕਰਨ ਵਾਲਿਆ ਨੂੰ ਜੇਕਰ ਜ਼ਬਰੀ ਠੋਸਣ ਦੀ ਕਾਰਵਾਈ ਕਰੇਗੀ, ਤਾਂ ਸਿੱਖ ਕੌਮ ਅਜਿਹੇ ਕਿਸੇ ਵੀ ਅਮਲ ਨੂੰ ਕਦੇ ਪ੍ਰਵਾਨ ਨਹੀਂ ਕਰਦੇ ਅਤੇ ਸਿੱਖੀ ਸਿਧਾਤਾਂ ਤੇ ਸੋਚ ਉਤੇ ਪਹਿਰਾ ਦੇ ਕੇ ਖੁਸ਼ੀ ਮਹਿਸੂਸ ਕਰਦੇ ਹਨ ਭਾਵੇ ਕਿ ਅਜਿਹੀ ਗੁਸਤਾਖੀ ਕਰਨ ਵਾਲਾ ਉਨ੍ਹਾਂ ਦੇ ਪਰਿਵਾਰਾਂ ਵਿਚੋਂ ਵੀ ਕਿਉਂ ਨਾ ਹੋਵੇ। ਹੁਣ ਜੋ ਸ. ਮਨਮੋਹਨ ਸਿੰਘ ਤੇ ਸ੍ਰੀ ਮੋਦੀ ਨੇ ਗੁਸਤਾਖੀ ਕੀਤੀ ਹੈ ਕਿ ਉਸਦਾ ਸੰਦੇਸ਼ ਸਿੱਖ ਕੌਮ ਵਿਚ ਕੀ ਜਾਵੇਗਾ ?
ਹੁਣ ਸਾਰੇ ਇਥੋਂ ਤੱਕ ਸ. ਪ੍ਰਕਾਸ਼ ਸਿੰਘ ਬਾਦਲ, ਮੋਦੀ, ਕੈਪਟਨ ਸਰਕਾਰ, ਰਵਾਇਤੀ ਲੀਡਰਸਿ਼ਪ ਇਹ ਕਹਿ ਰਹੇ ਹਨ ਕਿ ਇਥੇ ਆਈ.ਐਸ.ਆਈ. ਦਾਖਲ ਹੋ ਚੁੱਕੀ ਹੈ, ਇਥੋਂ ਤੱਕ ਕਿ ਬਰਗਾੜੀ ਮੋਰਚੇ ਨੂੰ ਵੀ ਆਈ.ਐਸ.ਆਈ. ਨਾਲ ਜੋੜਨ ਦੀ ਗੁਸਤਾਖੀ ਕਰ ਰਹੇ ਹਨ । ਨੈਸ਼ਨਲ ਕਾਨਫਰੰਸ ਅਬਦੁੱਲਾ, ਸੋਨੀਆ ਗਾਂਧੀ ਦੀ ਕਾਂਗਰਸ, ਬੀਬੀ ਮੁਫਤੀ ਮੁਹੰਮਦ ਦੀ ਪਾਰਟੀ ਪੀ.ਡੀ.ਪੀ ਬਾਰੇ ਇਹ ਪ੍ਰਚਾਰ ਕੀਤਾ ਜਾ ਰਿਹਾ ਹੈ ਕਿ ਇਹ ਪਾਕਿਸਤਾਨ ਨਾਲ ਰਲ ਗਏ ਹਨ, ਫਿਰ ਜੇ ਸਾਰੇ ਨਾਰਥ ਇੰਡੀਆਂ ਵਿਚ ਸਭ ਪਾਸੇ ਆਈ.ਐਸ.ਆਈ. ਇਨ੍ਹਾਂ ਦੇ ਕਹਿਣ ਮੁਤਾਬਿਕ ਕੰਮ ਕਰ ਰਹੀ ਹੈ ਤਾਂ ਫਿਰ ਇਨ੍ਹਾਂ ਕੋਲ ਕੀ ਹੱਕ ਰਹਿ ਗਿਆ ਹੈ ਕਿ ਇਹ ਆਪਣੇ-ਆਪ ਨੂੰ ਇੰਡੀਆਂ ਦੇ ਹੁਕਮਰਾਨ ਕਹਾਉਣ ? ਜਦੋਂ ਸਭ ਪਾਸੇ ਆਈ.ਐਸ.ਆਈ. ਹੈ ਤਾਂ ਬਾਕੀ ਕੀ ਬਚ ਗਿਆ ਹੈ ?