ਨਵੀਂ ਦਿੱਲੀ : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕਰਤਾਰਪੁਰ ਸਾਹਿਬ ਵਿਖੇ 100 ਕਮਰਿਆਂ ਦਾ ਯਾਤਰੀ ਨਿਵਾਸ ਬਣਾਉਣ ਦੀ ਪੇਸ਼ਕਸ਼ ਕੀਤੀ ਹੈ। ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਇਸ ਮਾਮਲੇ ’ਤੇ ਅੱਜ ਪੱਤਰ ਲਿਖਿਆ ਹੈ। ਜੀ.ਕੇ. ਨੇ ਇਸ ਮਾਮਲੇ ’ਚ ਭਾਰਤ ਅਤੇ ਪਾਕਿਸਤਾਨ ਸਰਕਾਰ ਵੱਲੋਂ ਕਰਤਾਰਪੁਰ ਲਾਂਘਾ ਖੋਲਣ ਦੀ ਕੀਤੀ ਜਾ ਰਹੀ ਪਹਿਲ ਦਾ ਸੁਆਗਤ ਕੀਤਾ ਹੈ।
ਜੀ.ਕੇ. ਨੇ ਕਿਹਾ ਕਿ ਕਰਤਾਰਪੁਰ ਲਾਂਘੇ ਦੇ ਖੁਲਣ ਨਾਲ ਭਾਈਚਾਰਕ ਸਾਂਝ, ਬਰਾਬਰਤਾ ਅਤੇ ਮਨੁੱਖਤਾ ਦੀ ਸੇਵਾ ਦੇ ਗੁਰੂ ਨਾਨਕ ਦੇਵ ਜੀ ਵੱਲੋਂ ਦਿੱਤੇ ਗਏ ਸੁਨੇਹੇ ਦਾ ਪ੍ਰਚਾਰ ਹੋਵੇਗਾ। ਕਰਤਾਰਪੁਰ ਲਾਂਘਾ ਖੁਲਣ ਨਾਲ ਗੁਰੂ ਨਾਨਕ ਦੇਵ ਜੀ ਨਾਲ ਸੰਬੰਧਿਤ ਉਕਤ ਸਥਾਨ ’ਤੇ ਲੱਖਾਂ ਸੰਗਤਾਂ ਦਰਸ਼ਨ ਦਿਦਾਰੇ ਲਈ ਜਾਇਆ ਕਰਣਗੀਆਂ। ਇਸ ਕਰਕੇ ਸੰਗਤਾਂ ਦੀ ਰਿਹਾਇਸ਼ ਵਾਸਤੇ ਦਿੱਲੀ ਕਮੇਟੀ ਨੂੰ ਅਤਿਆਧੂਨਿਕ ਤਕਨੀਕਾਂ ਨਾਲ ਲੈਸ਼ 100 ਕਮਰਿਆਂ ਦੀ ਉਸਾਰੀ ਕਰਨ ਦੀ ਮਨਜੂਰੀ ਦਿੱਤੀ ਜਾਣੀ ਚਾਹੀਦੀ ਹੈ।
ਜੀ.ਕੇ. ਨੇ ਇਮਰਾਨ ਖਾਨ ਨੂੰ ਇਸ ਸੰਬੰਧੀ ਕਰਤਾਰਪੁਰ ਸਾਹਿਬ ਵਿਖੇ ਯਾਤਰੀ ਨਿਵਾਸ ਬਣਾਉਣ ਲਈ ਥਾਂ ਦੇਣ ਦੀ ਮੰਗ ਕੀਤੀ ਹੈ। ਜੀ.ਕੇ. ਨੇ ਕਿਹਾ ਕਿ 1947 ’ਚ ਪੰਜਾਬ ਦੀ ਹੋਈ ਵੰਡ ਦੇ ਕਾਰਨ ਵੱਡੀ ਤਦਾਦ ’ਚ ਸਿੱਖ ਉਜੜ੍ਹ ਕੇ ਪਾਕਿਸਤਾਨ ਤੋਂ ਦਿੱਲੀ ਅਤੇ ਹੋਰਨਾਂ ਜਗ੍ਹਾਂ ਤੇ ਆ ਕੇ ਵੱਸੇ ਸੀ। ਇਸ ਕਰਕੇ ਆਪਣੇ ਬੁਜੂਰਗਾਂ ਦੀ ਧਰਤੀ ਦੇ ਦਰਸ਼ਨ ਦੀਦਾਰੇ ਕਰਨ ਨੂੰ ਦਿੱਲੀ ਦੇ ਸਿੱਖ ਉਤਸ਼ਾਹਿਤ ਹਨ। ਇਸ ਲਈ ਸਿੱਖਾਂ ਦੀਆਂ ਭਾਵਨਾਵਾਂ ਦੀ ਤਰਜ਼ਮਾਨੀ ਕਰਦੇ ਹੋਏ ਪਾਕਿਸਤਾਨੀ ਸਰਕਾਰ ਦਿੱਲੀ ਕਮੇਟੀ ਨੂੰ ਯਾਤਰੀ ਨਿਵਾਸ ਬਣਾਉਣ ਦੀ ਮਨਜੂਰੀ ਅਤੇ ਜਮੀਨ ਦੋਨੋਂ ਦੇਵੇ।