ਚੰਡੀਗੜ੍ਹ – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਾਬਕਾ ਪ੍ਰਧਾਨ ਅਕਾਲੀ ਦਲ ਬਾਦਲ ਦੀ ਉਚ ਨੇਤਾ ਬੀਬੀ ਜਗੀਰ ਕੌਰ ਨੂੰ ਹਾਈਕੋਰਟ ਨੇ ਉਨ੍ਹਾਂ ਦੀ ਬੇਟੀ ਦੀ ਹੱਤਿਆ ਦੇ ਮਾਮਲੇ ਵਿੱਚ ਬਹੁਤ ਵੱਡੀ ਰਾਹੱਤ ਦਿੱਤੀ ਹੈ। ਇਸ ਮਾਮਲੇ ਵਿੱਚ ਮੰਗਲਵਾਰ ਨੂੰ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਫੈਂਸਲਾ ਸੁਣਾਉਂਦੇ ਹੋਏ ਸਾਰੇ ਦੋਸ਼ਾਂ ਤੋਂ ਬਰੀ ਕਰ ਦਿੱਤਾ ਹੈ। ਹਾਈ ਕੋਰਟ ਨੇ ਬੀਬੀ ਜਗੀਰ ਕੌਰ ਨੂੰ ਸੀਬੀਆਈ ਅਦਾਲਤ ਦੁਆਰਾ ਸੁਣਾਈ ਗਈ ਪੰਜ ਸਾਲ ਦੀ ਸਜ਼ਾ ਨੂੰ ਖਾਰਿਜ਼ ਕਰ ਦਿੱਤਾ ਹੈ।
ਬੀਬੀ ਜਗੀਰ ਕੌਰ ਦੀ ਧੀ ਹਰਪ੍ਰੀਤ ਕੌਰ ਦੀ 20 ਜੂਨ, 2000 ਵਿੱਚ ਸ਼ਕੀ ਹਾਲਾਤ ਵਿੱਚ ਮੌਤ ਹੋ ਗਈ ਸੀ। ਇਸ ਮੌਤ ਤੋਂ ਬਾਅਦ ਬੀਬੀ ਉਪਰ ਹੀ ਹੱਤਿਆ ਦਾ ਆਰੋਪ ਲਗਾਇਆ ਗਿਆ ਸੀ। ਸੀਬੀਆਈ ਕੋਰਟ ਨੇ ਬੀਬੀ ਨੂੰ ਹੱਤਿਆ ਦੇ ਆਰੋਪਾਂ ਤੋਂ ਤਾਂ ਬਰੀ ਕਰ ਦਿੱਤਾ ਸੀ ਪਰ ਅਗਵਾ ਅਤੇ ਅਬਾਰਸ਼ਨ ਦਾ ਦੋਸ਼ੀ ਠਹਿਰਾਉਂਦੇ ਹੋਏ ਪੰਜ ਸਾਲ ਦੀ ਸਜ਼ਾ ਸੁਣਾਈ ਸੀ। ਬਾਅਦ ਵਿੱਚ ਇਹ ਮਾਮਲਾ ਹਾਈ ਕੋਰਟ ਪਹੁੰਚਿਆ ਸੀ।
ਹਰਪ੍ਰੀਤ ਦਾ ਪਤੀ ਹੋਣ ਦਾ ਦਾਅਵਾ ਕਰਨ ਵਾਲੇ ਕਮਲਜੀਤ ਨੇ ਬੀਬੀ ਜਗੀਰ ਕੌਰ ਨੂੰ ਹੱਤਿਆ ਦੇ ਆਰੋਪ ਤੋਂ ਬਰੀ ਕਰਨ ਦੇ ਸੀਬੀਆਈ ਅਦਾਲਤ ਦੇ ਫੈਂਸਲੇ ਨੂੰ ਖਾਰਿਜ਼ ਕਰਨ ਦੀ ਮੰਗ ਕੀਤੀ ਸੀ। ਬਾਅਦ ਵਿੱਚ ਸੀਬੀਆਈ ਨੇ ਵੀ ਵਿਸ਼ੇਸ਼ ਅਦਾਲਤ ਦੇ ਫੈਂਸਲੇ ਦੇ ਖਿਲਾਫ਼ ਹਾਈ ਕੋਰਟ ਵਿੱਚ ਅਪੀਲ ਦਾਇਰ ਕੀਤੀ ਸੀ। ਇਸ ਅਪੀਲ ਤੇ 26 ਅਕਤੂਬਰ ਨੂੰ ਹਾਈਕੋਰਟ ਦੇ ਜਸਟਿਸ ਏ.ਬੀ. ਚੌਧਰੀ ਅਤੇ ਜਸਟਿਸ ਕੁਲਦੀਪ ਸਿੰਘ ਨੇ ਆਪਣਾ ਫੈਂਸਲਾ ਸੁਰੱਖਿਅਤ ਰੱਖ ਲਿਆ ਸੀ।