ਦੁਬਈ,(ਪਰਮਜੀਤ ਸਿੰਘ ਬਾਗੜੀਆ) – ਦੁਬਈ ਦੇ ਪ੍ਰਸਿੱਧ ਕਾਰੋਬਾਰੀ ਕੁਲਵਿੰਦਰ ਬਾਸੀ ਵਲੋਂ ਸੁਰਜਨ ਸਿੰਘ ਚੱਠਾ ਦੀ ਅਗਵਾਈ ਵਾਲੀ ਨਾਰਥ ਇੰਡੀਆ ਸਰਕਲ ਸਟਾਇਲ ਕਬੱਡੀ ਫੈਡਰੇਸ਼ਨ ਨਾਲ ਮਿਲ ਕੇ ਪਹਿਲਾ ‘ਕਾਰ ਫੇਅਰ ਦੁਬਈ ਕਬੱਡੀ ਕੱਪ’ ਸਥਾਨਕ ਪੁਲਿਸ ਆਫੀਸਰਜ਼ ਸਟੇਡੀਅਮ ਵਿਖੇ ਕਰਵਾਇਆ ਗਿਆ ਜਿਸ ਵਿਚ 6 ਟੀਮਾਂ ਦੇ ਮੁਕਾਬਲੇ ਕਰਵਾਏ ਗਏ। ਪਹਿਲੇ ਹੀ ਮੁਕਾਬਲੇ ਵਿਚ ਗੁਰਦੇਵ ਦੇਬੀ ਵਲੋਂ ਬਣਾਈ ਸ਼ੇਰੇ ਪੰਜਾਬ ਕਬੱਡੀ ਕਲੱਬ ਨੇ ਤਰਲੋਚਨ ਸਿੰਘ ਵਲੋਂ ਤਿਆਰ ਗਿੱਲ ਲਾਇਨਜ ਨੂੰ ਇਕਪਾਸੜ ਮੁਕਾਬਲੇ ਵਿਚ ਹਰਾਇਆ। ਸ਼ੇਰੇ ਪੰਜਾਬ ਵਲੋਂ ਸੁਲਤਾਨ ਤੇ ਲੱਡੂ ਦੁਗਾਲ ਨੇ ਸ਼ਾਨਦਾਰ ਕਬੱਡੀਆਂ ਪਾਈਆਂ ਤੇ ਜਾਫੀ ਸੰਦੀਪ ਨੰਗਲ, ਖੁਸ਼ੀ ਦਿੜਬਾ ਤੇ ਜੱਗਾ ਚਿੱਟੀ ਦੇ 2-2 ਅਤੇ ਹੈਪੀ ਸੀਂਧੜਾ ਦੇ 3 ਜੱਫੇ ਰਹੇ। ਦੂਜੇ ਮੁਕਾਬਲੇ ਵਿਚ ਅਲ ਕੁਬੇਨ ਕਲੱਬ ਨੇ ਨਸਰਾਲਾ ਟਾਈਗਰਜ ਨੂੰ 38-ਸਾਢੇ 52 ਅੰਕਾਂ ਨਾਲ ਹਰਾਇਆ। ਮੈਚ ਵਿਚ ਕੁਬੈਨ ਕਲੱਬ ਦੇ ਧਾਵੀਆਂ ਜੋਤਾ ਮਹਿਮਦਵਾਲ, ਮੱਖਣ ਮੱਖੀ ਤੇ ਬੰਟੀ ਟਿੱਬਾ ਨੇ ਬੇਰੋਕ ਕਬੱਡੀਆਂ ਪਾਈਆਂ ਜਦਕਿ ਯਾਦਾ 2 ਤੇ ਜੋਧਾ ਸੁਰਖਪੁਰ 3 ਜੱਫੇ ਲਾਉਣ ਵਿਚ ਸਫਲ ਰਿਹਾ। ਤੀਜੇ ਮੁਕਾਬਲੇ ਵਿਚ ਸ਼ੇਰੇ ਪੰਜਾਬ ਨੇ ਗੁਰਵਿੰਦਰ ਭੋਲਾ ਵਲੋਂ ਬਣਾਈ ਟੀਮ ਸਪੋਰੰਗ ਡੇਲ ਸੋਲਜਰਜ ਨੂੰ 38-ਸਾਢੇ 48 ਅੰਕਾਂ ਨਾਲ ਮਾਤ ਦਿੱਤੀ। ਮੈਚ ਵਿਚ ਖੁਸ਼ੀ ਦਿੜਬਾ, ਜੱਗਾ ਚਿੱਟੀ ਤੇ ਅਮ੍ਰਿਤ ਔਲਖ ਦੇ 3-3 ਜੱਫੇ ਰਹੇ। ਚੌਥੇ ਮੈਚ ਵਿਚ ਗੁਰਦਾਸਪੁਰ ਲਾਇਨਜ ਨੇ ਨਸਰਾਲਾ ਟਾਈਗਰਜ ਨੂੰ ਸਾਢੇ 33 -49 ਅੰਕਾਂ ਨਾਲ ਹਰਾਇਆ। ਧਾਵੀ ਨਿਰਮਲ ਲੋਪੋਕੇ ਤੇ ਅਮਿਤ ਗੁੱਜਰ ਨੇ ਸ਼ਾਨਦਾਰ ਕਬੱਡੀਆਂ ਪਾਈਆਂ ਜਾਫੀ ਇੰਦਰਜੀਤ ਕਲਸੀਆਂ 5 ਜੱਫੇ ਲਾ ਕੇ ਮੇਲਾ ਲੁੱਟ ਗਿਆ, ਪਲਾ ਜਲਾਲ ਤੇ ਸਨੀ ਆਦਮਵਾਲ ਦੇ ਵੀ 3-3 ਜੱਫੇ ਰਹੇ। ਪੰਜਵੇ ਮੈਚ ਵਿਚ ਸਪਰਿੰਗ ਡੇਲ ਟੀਮ ਬੁੱਗਾ ਮਨਾਣਾ ਦੀਆਂ 11, ਦੱਲੀ ਕਕਰਾਲੀ ਦੀਆਂ 10 ਤੇ ਜੱਗਾ ਕੋਟ ਦੀਆਂ 9 ਬੇਰੋਕ ਕਬੱਡਆਂਿ ਅਤੇ ਜਾਫੀ ਬਿੱਲਾ ਗਗੜਾ ਕਾਜੂ ਰਣੀਕੇ ਦੇ 4-4 ਜੱਫਿੳਾਂ ਸਦਕਾ ਗਿੱਲ ਲਾਇਨਜ ਨੂੰ 34 ਸਾਢੇ 56 ਅੰਕਾਂ ਨਾਲ ਹਰਾਇਆ।
ਪੰਜਾਬ ਤੋਂ ਚੋਟੀ ਦੇ ਖਿਡਾਰਾੀਆਂ ਨਾਲ ਸਜੀਆਂ ਟੀਮਾਂ ਦੇ ਫਸਵੇਂ ਮੁਕਾਬਲੇ ਵੀ ਹੋਏ ਅਤੇ ਸਟਾਰ ਖਿਡਾਰੀਆਂ ਵਾਲੀਆਂ ਟੀਮਾਂ ਦੇ ਸੈਮੀਫਾਈਨਲ ਵਿਚ ਆਸ ਤੋਂ ਉਲਟ ਹਾਰ ਜਾਣ ਕਰਕੇ ਵੱਡੇ ਉਲਟਫੇਰ ਵੀ ਹੋਏ ਜਿਸ ਦਾ ਹਜਾਰਾਂ ਦੀ ਗਿਣਤੀ ਵਿਚ ਪੂਰੇ ਯੂ.ਏ.ਈ ਤੋਂ ਪਹੁੰਚੇ ਦਰਸ਼ਕਾਂ ਨੇ ਭਰਭੂਰ ਅਨੰਦ ਲਿਆ। ਪਹਿਲਾ ਫਸਵਾਂ ਮੁਕਾਬਲਾ ਗੁਰਦਾਸਪੁਰ ਲਾਇਨਜ ਅਤੇ ਅਲ ਕੁਬੈਨ ਕਬੱਡੀ ਕਲੱਬ ਵਿਚਕਾਰ ਕੱਪ ਦਾ ਛੇਵਾਂ ਮੈਚ ਸੀ ਜੋ 45 ਦੇ ਮੁਕਾਬਲੇ ਸਾਢੇ 45 ਅੰਕਾਂ ਨਾਲ ਗੁਰਦਾਸਪੁਰ ਲਾਇਨਜ ਦੇ ਹੱਕ ਵਿਚ ਨਿਬੜਿਆ। ਕੁਬੈਨ ਕਲੱਬ ਵਲੋਂ ਧਾਵੀ ਰਵੀ ਦਿਉਰਾ ਨੇ 11 ਬੇਰੋਕ ਕਬੱਡੀਆਂ ਪਾਈਆਂ ਤੇ ਜੋਧਾ ਸੁਰਖਪੁਰ 5 ਜੱਫੇ ਲਾਉਣ ਵਿਚ ਸਫਲ ਰਿਹਾ ਦੂਜੇ ਪਾਸੇ ਗੁਰਦਾਸਪੁਰ ਲਾਇਨਜ ਵਲੋਂ ਗੱਗੀ ਖੀਰਾਂਵਾਲੀ ਨੇ 12 ਵਿਚੋਂ 11 ਬੇਰੋਕ ਕਬੱਡੀਆਂ ਪਾਈਆਂ ਅਤੇ ਜਾਫੀ ਇੰਦਰਜੀਤ ਕਲਸੀਆਂ 4 ਜੱਫੇ ਲਾਉਣ ਵਿਚ ਸਫਲ ਰਿਹਾ। ਪਹਿਲੇ ਸੈਮੀਫਾਈਲ ਵਿਚ ਗੁਰਦਾਸਪੁਰ ਲਾਇਨਜ ਨੇ ਸ਼ੇਰੇ ਪੰਜਾਬ ਕਲੱਬ ਨੂੰ ਸਾਢੇ 44 ਮੁਕਾਬਲੇ 50 ਅੰਕਾਂ ਨਾਲ ਹਰਾ ਕੇ ਫਾਈਨਲ ਵਿਚ ਪ੍ਰਵੇਸ਼ ਕੀਤਾ। ਇਸ ਮੈਚ ਵਿਚ ਵੀ ਗੁਰਦਾਸਪੁਰ ਲਾਇਨਜ ਦੇ ਧਾਵੀ ਗੱਗੀ ਖੀਰਾਂਵਾਲੀ ਨੇ 12 ਨਾਨਸਟਾਪ ਕਬੱਡੀਆਂ ਪਾਈਆਂ ਅਤੇ ਜਾਫੀ ਇੰਦਰਜੀਤ ਕਲਸੀਆਂ ਸ਼ੇਰੇ ਪੰਜਾਬ ਦੀਆਂ ਵੱਡੀਆਂ ਰੇਡਾਂ ਕਮਲ ਨਵਾਂ ਪਿੰਡ ਨੂੰ 1 ਅਤੇ ਸੁਲਤਾਨ ਤੇ ਵਿਨੇ ਖੱਤਰੀ ਨੂੰ 2-2 ਜੱਫੇ ਲਾ ਕੇ ਮੇਲਾ ਲੁੱਟ ਗਿਆ, ਦੂਜੇ ਪਾਸੇ ਸ਼ੇਰੇ ਪੰਜਾਬ ਦੇ ਜਾਫੀ ਜੱਗਾ ਚਿੱਟੀ ਨੇ ਵੀ ਵਿਰੋਧੀ ਧਾਵੀ ਨਿਰਮਲ ਲੋਪੋਕੇ, ਰਾਜੂ ਕੋਟਲਾ ਭੜੀ ਅਤੇ ਰਿੰਕੂ ਖਰੈਟੀ ਨੂੰ 1-1 ਜੱਫਾ ਲਾ ਕੇ ਵਾਹ ਵਾਹ ਕਰਵਾਈ। ਦੂਜੇ ਸੈਮੀਫਾਈਨਲ ਵਿਚ ਸਪਰਿੰਗਡੇਲ ਸੋਲਜਰਜ ਨੇ ਅਲ ਕੇਬੇਨ ਦੀ ਟੀਮ ਨੂੰ ਸਾਢੇ 47 ਮੁਕਾਬਲੇ 49 ਅੰਕਾਂ ਨਾਲ ਹਰਾ ਕੇ ਉਲਟਫੇਰ ਵਾਲੀ ਗੱਲ ਕਰ ਵਿਖਾਈ। ਸਪਰਿੰਗਡੇਲ ਦੇ ਜਾਫੀ ਕਾਜੂ ਰਣੀਕੇ ਨੇ ਕੁਬੇਨ ਦੇ ਧਾਵੀ ਜੋਤਾ ਮਹਿਮਦਵਾਲ, ਮੱਖਣ ਮੱਖੀ ਤੇ ਅਮਨ ਟਿੱਬਾ ਨੂੰ 1-1 ਅਤੇ ਲੱਖਾ ਢੰਡੋਲੀ ਨੇ ਜੋਤਾ ਮਹਿਮਦਵਾਲ , ਕਾਲਾ ਧਨੌਲਾ ਤੇ ਰਵੀ ਦਿਓਰਾ ਨੂੰ 1-1 ਜੱਫਾ ਠੋਕਿਆ। ਬਿੱਲਾ ਗਗੜਾ ਤੇ ਬੱਬੂ ਝਨੇੜੀ ਵੀ ਕ੍ਰਮਵਾਰ ਜੋਤਾ ਤੇ ਕਾਲਾ ਧਨੌਲਾ ਅਤੇ ਜੋਤਾ ਤੇ ਰਵੀ ਦਿਉਰਾ ਨੂੰ 1-1 ਜੱਫਾ ਲਾ ਗਏ। ਟੀਮ ਦੇ ਧਾਵੀ ਪਿੰਕਾ ਜਰਗ ਨੇ 10 ਵਿਚੋਂ 9, ਜੱਗਾ ਕੋਟਾ ਨੇ 11 ਵਿਚੋਂ 9 ਅਤੇ ਗਗਨ ਢੰਡੋਲੀ ਨੇ 12 ਵਿਚੋਂ 11 ਸਫਲ ਕਬੱਡੀਆਂ ਪਾਈਆਂ, ਹਾਰੀ ਟੀਮ ਕੁਬੇਨ ਦੇ ਜਾਫੀ ਸ਼ਰਨਾ ਡੱਗੋ ਰਮਾਣਾ ਨੇ ਧਾਵੀ ਜੱਗਾ ਕੋਟਾਂ, ਗਗਨ ਢੰਡੋਲੀ, ਦਲਵੀਰ ਮਨਾਣਾ ਤੇ ਬੁੱਗਾ ਮਨਾਣਾ ਨੂੰ 1-1 ਜੱਫਾ ਲਾ ਕੇ ਚਰਚਾ ਕਰਵਾਈ। ਸਟਾਰ ਜਾਫੀ ਯਾਦਾ ਸੁਰਖਪੁਰ ਦਾ ਮੈਚ ਡਾਵਾਂਡੋਲ ਹੋਏ ਤੋਂ ਬਾਦ ਜਾਫ ਲਾਈਨ ਵਿਚ ਆਉਣਾ ਮਹਿੰਗਾ ਪਿਆ।
ਫਾਈਨਲ ਵਿਚ ਗੁਰਦਾਸਪੁਰ ਲਾਇਨਜ ਦੇ ਧਾਵੀ ਗੱਗੀ ਖੀਰਾਂਵਾਲੀ ਦਾ ਬੈਸਟ ਰੇਡਰ ਵਜੋਂ ਸਪਰਿੰਗਡੇਲ ਦੇ ਧਾਵੀ ਪਿੰਕਾ ਜਰਗ ਨਾਲ ਮੁਕਾਬਲਾ ਅੰਤਲੇ ਪਲਾਂ ਤੱਕ ਚੱਲਿਆ ਦੋਵਾਂ ਨੂੰ 2-2 ਜੱਫੇ ਲੱਗੇ, ਪਿੰਕਾ ਨੇ 19 ਕਬੱਡੀਆਂ ਵਿਚੋਂ 17 ਅੰਕ ਲਏ ਪਰ ਗੱਗੀ ਖੀਰਾਂਵਾਲੀ 20 ਕਬੱਡੀਆਂ ਵਿਚ 18 ਅੰਕ ਲੈਣ ਕਰਕੇ ਬੈਸਟ ਰਹਿ ਕੇ ਆਈ ਫੋਨ-10 ਦਾ ਹੱਕਦਾਰ ਬਣਿਆ ਇਸੇ ਟੀਮ ਦੇ ਜਾਫੀ ਪਾਲਾ ਜਲਾਲ ਨੇ ਸਪਰਿੰਗਡੇਲ ਦੇ ਰੇਡਰਾਂ ਪਿੰਕਾ ਜਰਗ, ਦੱਲੀ ਕਕਰਾਲੀ ਤੇ ਬੁੱਗਾ ਮਨਾਣਾ ਨੂੰ 1-1 ਅਤੇ ਜੱਗਾ ਕੋਟਾ ਤੇ ਗਗਨ ਢੰਡੋਲੀ ਨੂੰ ਲਗਾਤਾਰ 2-2 ਜੱਫੇ ਕੁਲ 7 ਜੱਫੇ ਲਾ ਕੇ ਬੈਸਟ ਜਾਫੀ ਬਣ ਆਈ ਫੋਨ-10 ‘ਤੇ ਕਬਜਾ ਕਰ ਲਿਆ। ਜਾਫੀ ਸਨੀ ਆਦਮਵਾਲ ਵੀ ਜੱਗਾ ਕੋਟਾਂ, ਪਿੰਕਾ ਜਰਗ ਤੇ ਗਗਨ ਢੰਡੋਲੀ ਨੂੰ 1-1 ਜੱਫਾ ਲਾ ਕੇ ਆਪਣੀ ਚਰਚਾ ਕਰਵਾ ਗਿਆ। ਗੁਰਦਾਸਪੁਰ ਲਾਇਨਜ ਨੇ ਇਹ ਮੁਕਾਬਲਾ 44 –ਸਾਢੇ 50 ਅੰਕਾਂ ਨਾਲ ਜਿੱਤ ਕੇ ਦੁਬਈ ਕੱਪ ‘ਤੇ ਕਬਜਾ ਕਰ ਲਿਆ। ਜੇਤੂ ਟੀਮਾਂ ਨੂੰ ਇਨਾਮਾਂ ਦੀ ਵੰਡ ਸਮੇਂ ਮੁੱ਼ਖ ਪ੍ਰਬੰਧਕ ਕੁਲਵਿੰਦਰ ਬਾਸੀ, ਸ. ਬੂਟਾ ਸਿੰਘ ਅਲਰੱਖ਼ਾ ਤੇ ਸੁਰਜੀਤ ਸਿੰਘ, ਸੁਰਜਨ ਚੱਠਾ ਸਮੇਤ ਸਥਾਨਕ ਮਹਿਮਾਨਾਂ ਨੇ ਕੀਤੀ। ਦੁਬਈ ਕੱਪ ਬੇਮਿਸਾਲ ਪ੍ਰਬੰਧ ,ਸਖਤ ਮੁਕਾਬਲੇ ਵਾਲੈ ਮੈਚਾਂ, ਹਜਾਰਾਂ ਦੀ ਗਿਣਤੀ ਵਿਚ ਪੁੱਜੇ ਦਰਸ਼ਕਾਂ ਅਤੇ ਵੱਡੇ ਮਾਣ ਸਨਮਾਨਾਂ ਕਰਕੇ ਯਾਦਗਾਰੀ ਪੈੜਾਂ ਪਾ ਗਿਆ।