ਫ਼ਤਹਿਗੜ੍ਹ ਸਾਹਿਬ – “ਹਿੰਦੂਤਵ ਨਿਜਾਮ ਤੇ ਹਿੰਦੂਤਵ ਪੁਲਿਸ, ਅਰਧ ਸੈਨਿਕ ਬਲਾਂ ਵੱਲੋਂ ਸਿੱਖ ਕੌਮ ਦੇ ਅਮਨਮਈ ਤੇ ਜਮਹੂਰੀਅਤ ਢੰਗ ਨਾਲ ਕੀਤੀਆ ਗਈਆ ਕਾਰਵਾਈਆ ਸਮੇਂ ਬਿਨ੍ਹਾਂ ਵਜਹ ਪੁਲਿਸ ਗੋਲੀਆ ਚਲਾਕੇ ਸਿੱਖ ਕੌਮ ਦਾ ਕਤਲੇਆਮ ਕਰਨ ਦੇ ਅਮਲ ਪ੍ਰਤੱਖ ਕਰਦੇ ਹਨ ਕਿ ਇਥੋਂ ਦਾ ਕਾਨੂੰਨ ਤੇ ਨਿਜਾਮ ਸਿੱਖਾਂ ਨਾਲ ਪੇਸ਼ ਆਉਦੇ ਹੋਏ ਵੱਡੇ ਕਾਨੂੰਨੀ ਤੇ ਸਮਾਜਿਕ ਵਿਤਕਰੇ ਕਰਕੇ ਖੁਦ ਹੀ ਇਥੋਂ ਦੇ ਅਮਨਮਈ ਮਾਹੌਲ ਨੂੰ ਵਿਸਫੋਟਕ ਬਣਾਉਦੇ ਹਨ । ਜਦੋਂਕਿ ਬੀਤੇ ਕੁਝ ਦਿਨ ਪਹਿਲੇ ਯੂਪੀ ਦੇ ਬੁਲੰਦ ਸਹਿਰ ਵਿਖੇ ਬਹੁਗਿਣਤੀ ਹਿੰਦੂ ਕੌਮ ਨਾਲ ਸੰਬੰਧਤ ਲੋਕਾਂ ਨੇ ਜਦੋਂ ਕਾਨੂੰਨ ਆਪਣੇ ਹੱਥ ਵਿਚ ਲੈਕੇ ਇਕ ਪੁਲਿਸ ਇੰਸਪੈਕਟਰ ਤੇ ਇਕ ਨੌਜ਼ਵਾਨ ਦਾ ਕਤਲ ਕਰ ਦਿੱਤਾ, ਉਸ ਸਮੇਂ ਅਤੇ ਅੰਮ੍ਰਿਤਸਰ ਵਿਖੇ ਪੁਲਿਸ ਉਤੇ ਹੋਏ ਪਥਰਾਅ ਸਮੇਂ ਇਹ ਪੁਲਿਸ ਇਕ ਮੂਕ-ਦਰਸ਼ਕ ਬਣਕੇ ਨਜ਼ਰ ਆਉਦੇ ਦਿਖਾਈ ਦਿੱਤੇ । ਦੂਸਰੇ ਪਾਸੇ ਪਾਕਿਸਤਾਨ ਮੁਸਲਿਮ ਕੌਮ ਨਾਲ ਸੰਬੰਧਤ ਇਕ ਇਸਲਾਮਿਕ ਮੁਲਕ ਹੈ, ਹਿੰਦੂਤਵ ਹੁਕਮਰਾਨ ਅਕਸਰ ਹੀ ਇਸਲਾਮਿਕ ਮੁਲਕਾਂ ਨੂੰ ਨਿਸ਼ਾਨਾਂ ਬਣਾਕੇ ਕੋਸਦੇ ਹਨ । ਜਦੋਂਕਿ ਪਾਕਿਸਤਾਨ ਵਿਚ ਸਿੱਖ ਕੌਮ ਨਾਲ ਸੰਬੰਧਤ ਵੱਡੀ ਗਿਣਤੀ ਵਿਚ ਧਾਰਮਿਕ ਸਥਾਂਨ ਵੀ ਹਨ ਅਤੇ ਚੌਖੇ ਗਿਣਤੀ ਵਿਚ ਸਿੱਖ ਕੌਮ ਵੱਸਦੀ ਹੈ । ਉਥੇ ਅੱਜ ਤੱਕ ਕਦੀ ਵੀ ਕਿਸੇ ਵੀ ਗੁਰੂਘਰ ਨੂੰ ਢਾਹੁਣ ਜਾਂ ਉਸ ਉਤੇ ਹਮਲਾ ਕਰਨ ਜਾਂ ਸਿੱਖ ਕੌਮ ਦਾ ਕਤਲੇਆਮ ਕਰਨ ਦੀ ਗੱਲ ਸਾਹਮਣੇ ਨਹੀਂ ਆਈ । ਪਰ ਇੰਡੀਆ ਤੇ ਪੰਜਾਬ ਵਿਚ ਅਤੇ ਹੋਰ ਸੂਬਿਆਂ ਵਿਚ ਸਿੱਖ ਕੌਮ ਨਾਲ ਵਿਤਕਰੇ ਭਰਿਆ ਵਿਹਾਰ ਕਰਕੇ ਇਥੋਂ ਦੀ ਪੁਲਿਸ ਤੇ ਨਿਜਾਮ ਆਪਣੇ ਜ਼ਾਬਰ ਹੋਣ ਦਾ ਪ੍ਰਤੱਖ ਸਬੂਤ ਦੇ ਰਹੇ ਹਨ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਇੰਡੀਆ ਦੇ ਹੁਕਮਰਾਨਾਂ ਅਤੇ ਇਥੋਂ ਦੀ ਪੁਲਿਸ ਵੱਲੋਂ ਘੱਟ ਗਿਣਤੀ ਸਿੱਖ ਕੌਮ ਨਾਲ ਪੇਸ਼ ਆਉਦੇ ਹੋਏ, ਉਨ੍ਹਾਂ ਦੇ ਗੁਰੂਘਰਾਂ ਉਤੇ ਹਮਲੇ ਕਰਨ ਸਮੇਂ ਅਤੇ ਸਿੱਖ ਕੌਮ ਦਾ ਕਤਲੇਆਮ ਕਰਦੇ ਸਮੇਂ ਕੀਤੇ ਜਾਂਦੇ ਆ ਰਹੇ ਘੋਰ ਵਿਤਕਰਿਆ ਨੂੰ ਹੀ ਇੰਡੀਆ ਦੀ ਅੰਦਰੂਨੀ ਕਾਨੂੰਨੀ ਤੇ ਨਿਜਾਮੀ ਵਿਵਸਥਾਂ ਨੂੰ ਕੰਮਜੋਰ ਕਰਨ ਲਈ ਦੋਸ਼ੀ ਠਹਿਰਾਉਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ 1955 ਵਿਚ ਜਦੋਂ ਸਾਂਝੇ ਪੰਜਾਬ ਦੇ ਸ੍ਰੀ ਗੋਪੀ ਚੰਦ ਭਾਰਗਵ ਮੁੱਖ ਮੰਤਰੀ ਸਨ ਅਤੇ ਆਈ.ਜੀ. ਸ੍ਰੀ ਅਸਵਨੀ ਕੁਮਾਰ ਸਨ ਤਾਂ ਉਸ ਸਮੇਂ ਵੀ ਮੁਤੱਸਵੀ ਹੁਕਮਰਾਨਾਂ ਨੇ ਸ੍ਰੀ ਦਰਬਾਰ ਸਾਹਿਬ ਉਤੇ ਹਮਲਾ ਕੀਤਾ ਸੀ । ਫ਼ੌਜ ਅਤੇ ਹੁਕਮਰਾਨ ਉਸ ਸਮੇਂ ਵੀ ਮੂਕ ਦਰਸਕ ਬਣੇ ਰਹੇ । ਇਸੇ ਤਰ੍ਹਾਂ 1984 ਵਿਚ ਸ੍ਰੀ ਦਰਬਾਰ ਸਾਹਿਬ ਤੇ 36 ਹੋਰ ਗੁਰੂਘਰਾਂ ਉਤੇ ਫ਼ੌਜ ਨੇ ਹਮਲਾ ਕੀਤਾ, ਉਸ ਸਮੇਂ ਵੀ ਨਿਰਪੱਖਤਾ ਨਾਲ ਕੰਮ ਕਰਨ ਵਾਲੀ ਫ਼ੌਜ ਅਤੇ ਪੁਲਿਸ ਹੁਕਮਰਾਨਾਂ ਦੀ ਰਖੇਲ ਬਣਕੇ ਮਨੁੱਖਤਾ ਦਾ ਖੂਨ ਵਹਾਉਦੀ ਰਹੀ । ਫਿਰ ਜਦੋਂ ਸਿੱਕਮ ਵਿਚ ਗੁਰਦੁਆਰਾ ਸ੍ਰੀ ਡਾਂਗਮਾਰ ਨੂੰ ਢਾਹ ਕੇ ਹੁਕਮਰਾਨਾਂ ਨੇ ਉਥੇ ਜ਼ਬਰੀ ਮੰਦਰ ਸਥਾਪਿਤ ਕੀਤਾ ਉਸ ਸਮੇਂ ਵੀ ਪੁਲਿਸ ਤੇ ਫ਼ੌਜ ਮੂਕ ਦਰਸਕ ਬਣੀ ਰਹੀ । ਜਦੋਂ ਮਿਜੋਰਮ ਦੀ ਰਾਜਧਾਨੀ ਸਿਲਾਂਗ ਵਿਚ ਜਿਥੇ ਸਿੱਖ ਲੰਮੇਂ ਸਮੇਂ ਤੋਂ ਅਮਨ-ਚੈਨ ਨਾਲ ਵੱਸਦੇ ਤੇ ਕਾਰੋਬਾਰ ਕਰਦੇ ਆ ਰਹੇ ਹਨ, ਉਨ੍ਹਾਂ ਨੂੰ ਉਥੋਂ ਉਜਾੜਨ ਲਈ ਪੁਲਿਸ ਤੇ ਹੁਕਮਰਾਨਾਂ ਵੱਲੋਂ ਨਿਰੰਤਰ ਕਈ ਦਿਨ ਜੁਲਮ ਹੁੰਦੇ ਰਹੇ, ਉਸ ਸਮੇਂ ਵੀ ਪੁਲਿਸ ਤੇ ਨਿਜਾਮ ਮੂਕ ਦਰਸ਼ਕ ਬਣੇ ਰਹੇ । ਫਿਰ ਹਰਿਦੁਆਰ ਵਿਚ ਸ੍ਰੀ ਗੁਰੂ ਨਾਨਕ ਸਾਹਿਬ ਨਾਲ ਸੰਬੰਧਤ ਗੁਰਦੁਆਰਾ ਗਿਆਨ ਗੋਦੜੀ ਦੇ ਕੌਮੀ ਇਤਿਹਾਸਿਕ ਅਸਥਾਂਨ ਨੂੰ ਯੂਪੀ ਦੀ ਬਾਦਲ ਦਲ ਦੀ ਭਾਈਵਾਲ ਬੀਜੇਪੀ ਜਮਾਤ ਦੇ ਅਧੀਨ ਜ਼ਬਰੀ ਢਾਹਕੇ ਉਥੇ ਬਹੁਗਿਣਤੀ ਹਿੰਦੂਤਵ ਵਪਾਰੀਆ ਦਾ ਕਬਜਾ ਕਰਵਾਉਣ ਦੀ ਗੱਲ ਸਮੇਂ ਵੀ ਪੁਲਿਸ ਤੇ ਨਿਜਾਮ ਮੂਕ ਦਰਸ਼ਕ ਬਣੇ ਰਹੇ । ਹੁਣ ਬੀਤੇ ਇਤਿਹਾਸ ਵਿਚ ਗੁਰੂ ਸਾਹਿਬਾਨ ਜੀ ਦੀਆਂ ਜੰਗਾਂ ਅਤੇ ਲੜਾਈਆ ਸਮੇਂ ਮਹੱਤਵਪੂਰਨ ਯੋਗਦਾਨ ਪਾਉਣ ਵਾਲੇ ਅਤੇ ਸਿੱਖ ਕੌਮ ਦਾ ਮਹੱਤਵਪੂਰਨ ਹਿੱਸਾ ਸਿੱਕਲੀਗਰ ਸਿੱਖਾਂ ਉਤੇ ਮਹਾਰਾਸ਼ਟਰ, ਆਂਧਰਾ ਅਤੇ ਮੱਧ ਪ੍ਰਦੇਸ਼ ਵਿਚ ਬਹੁਗਿਣਤੀ ਵੱਲੋਂ ਅਤੇ ਨਿਜਾਮ ਵੱਲੋਂ ਹਮਲੇ ਕਰਕੇ ਉਨ੍ਹਾਂ ਉਤੇ ਜ਼ਬਰ-ਜੁਲਮ ਕਰਕੇ ਉਨ੍ਹਾਂ ਨੂੰ ਸਿੱਖੀ ਤੋਂ ਦੂਰ ਕਰਨ ਦੀਆਂ ਕੋਸਿ਼ਸ਼ਾਂ ਕਰਨਾ ਵੀ ਇਥੋਂ ਦੇ ਕਾਨੂੰਨ ਅਤੇ ਬਰਾਬਰਤਾ ਦੇ ਨਿਯਮਾਂ ਦਾ ਮੂੰਹ ਚਿੜ੍ਹਾ ਰਹੀਆ ਹਨ ।
ਸ. ਮਾਨ ਨੇ ਕਿਹਾ ਕਿ ਜਦੋਂ ਇਨਸਾਨੀਅਤ ਦੇ ਵਿਰੁੱਧ ਸਾਜ਼ਸੀ ਢੰਗ ਨਾਲ ਅਜਿਹੇ ਵੱਡੇ ਗੈਰ-ਕਾਨੂੰਨੀ ਤੇ ਗੈਰ-ਸਮਾਜਿਕ ਵਿਤਕਰੇ ਹੋਣ ਅਤੇ ਹੁਕਮਰਾਨ ਤੇ ਪੁਲਿਸ ਅਜਿਹਾ ਕਰਦੇ ਹੋਏ ਇਕ ਹੋਣ ਤਾਂ ਸੰਜ਼ੀਦਗੀ ਤੇ ਇਮਾਨਦਾਰੀ ਰੱਖਣ ਵਾਲੇ ਮਨੁੱਖਤਾ ਪੱਖੀ ਹਿੰਦੂ ਸਖਸ਼ੀਅਤਾਂ ਦਾ ਇਹ ਇਨਸਾਨੀ ਫਰਜ ਬਣ ਜਾਂਦਾ ਹੈ ਕਿ ਇਥੇ ਕੋਈ ਅਜਿਹਾ ਬ਼ਗਾਵਤੀ ਮਾਹੌਲ ਬਣੇ ਅਤੇ ਇਥੋਂ ਦੇ ਅਮਨ-ਚੈਨ ਨੂੰ ਵੱਡਾ ਖ਼ਤਰਾ ਪੈਦਾ ਹੋ ਜਾਵੇ ਉਸ ਤੋਂ ਪਹਿਲੇ ਇਹ ਸਖਸ਼ੀਅਤਾਂ ਇਸ ਜ਼ਬਰ-ਜੁਲਮ ਵਿਰੁੱਧ ਹੁਕਮਰਾਨਾਂ ਤੇ ਪੁਲਿਸ ਦੀਆਂ ਆਪਹੁਦਰੀਆ ਕਾਰਵਾਈਆ ਵਿਰੁੱਧ ਆਵਾਜ਼ ਉਠਾਕੇ ਇਨਸਾਫ਼ ਦੀ ਆਵਾਜ਼ ਨੂੰ ਬੁਲੰਦ ਕਰਨ ਤਾਂ ਕਿ ਸਿੱਖ ਕੌਮ ਵਿਚ ਅਤੇ ਹੋਰ ਘੱਟ ਗਿਣਤੀ ਕੌਮਾਂ ਵਿਚ ਕਿਸੇ ਤਰ੍ਹਾਂ ਦੀ ਬੈਗਾਨਗੀ ਜਾਂ ਵਿਦਰੋਹ ਨਾ ਉੱਠੇ । ਅਜਿਹੇ ਵਿਤਕਰੇ ਹੀ ਸਿੱਖ ਕੌਮ ਨੂੰ ਵਿਦਰੋਹ ਤੇ ਬਗਾਵਤ ਵੱਲ ਪ੍ਰੇਰਦੇ ਹਨ ਜੇਕਰ ਹੁਕਮਰਾਨ ਤੇ ਪੁਲਿਸ ਇਥੇ ਸਥਾਈ ਤੌਰ ਤੇ ਅਮਨ-ਚੈਨ ਤੇ ਜਮਹੂਰੀਅਤ ਦਾ ਬੋਲਬਾਲਾ ਚਾਹੁੰਦੇ ਹਨ ਤਾਂ ਅਜਿਹੇ ਜ਼ਬਰ-ਜੁਲਮ ਅਤੇ ਸਿੱਖ ਕੌਮ ਨਾਲ ਵਿਤਕਰੇ ਭਰੀਆ ਕਾਰਵਾਈਆ ਤੁਰੰਤ ਬੰਦ ਕਰਨ ਦਾ ਉਦਮ ਹੋਵੇ ਅਤੇ ਬਰਾਬਰਤਾ ਤੇ ਨਿਰਪੱਖਤਾ ਦੇ ਨਿਯਮਾਂ ਨਾਲ ਸਿੱਖ ਕੌਮ ਨਾਲ ਪੇਸ਼ ਆਇਆ ਜਾਵੇ । ਸ. ਮਾਨ ਨੇ ਉਮੀਦ ਪ੍ਰਗਟ ਕੀਤੀ ਕਿ ਇਨਸਾਫ਼ ਪਸ਼ੰਦ ਬਹੁਗਿਣਤੀ ਨਾਲ ਸੰਬੰਧਿਤ ਨਿਵਾਸੀ, ਹੁਕਮਰਾਨਾਂ ਵੱਲੋਂ ਸਿੱਖ ਕੌਮ ਨਾਲ ਕੀਤੀਆ ਜਾ ਰਹੀਆ ਜਿਆਦਤੀਆ ਤੇ ਵਿਤਕਰਿਆ ਵਿਰੁੱਧ ਆਵਾਜ਼ ਬੁਲੰਦ ਕਰਨਗੇ ਅਤੇ ਇਥੇ ਅਮਨ-ਚੈਨ ਦਾ ਸੰਦੇਸ਼ ਦੇਣ ਦੀ ਜਿੰਮੇਵਾਰੀ ਨਿਭਾਉਣਗੇ ।