ਪਿੰਡ ਦੇ ਗੁਰਦੁਆਰੇ ਕੋਲ ਦੀ ਲੰਘਣ ਲਗੀਆਂ ਤਾਂ ਦੇਖਿਆਂ ਤਾਂ ਬਹੁਤ ਸਾਰੇ ਲੋਕੀ ਥੱੜੇ ਦੇ ਉੱਪਰ ਇਕੱਠੇ ਹੋਏ ਹਨ। ਪਤਾ ਲੱਗਾ ਕਿ ਜਿਹੜਾ ਅਕਾਲੀਆਂ ਨੇ ਮੋਰਚਾ ਲਾਇਆ ਹੈ, ਉਸ ਵਿਚ ਜੱਥਾ ਭੇਜਣ ਦਾ ਫ਼ੈਸਲਾ ਹੋ ਰਿਹਾ ਕਿ ਕੌਣ ਕੌਣ ਜੱਥੇ ਵਿਚ ਜਾਵੇਗਾ।
ਲੋਕਾਂ ਦਾ ਰੌਲਾ ਸੁੱਣ ਕੇ ਦੀਪੀ ਸਿਮਰੀ ਨੂੰ ਕਹਿਣ ਲੱਗੀ, “ਲੋਕਾਂ ਵਿਚ ਕਿੰਨਾ ਜੋਸ਼ ਆ ਜੱਥੇ ਦੇ ਨਾਲ ਜਾਣ ਦਾ।”
“ਲੋਕੀ ਨਿਆਂ ਹਾਸਲ ਕਰਨਾ ਚਾਹੁੰਦੇ ਆ।”
“ਜੇਹਲਾਂ ਵਿਚ ਜਾਣ ਨਾਲ ਹੀ ਨਿਆਂ ਮਿਲ ਜਾਵੇ ਤਾਂ ਵੀ ਚੰਗਾ ਆ।”
“ਉਹ ਤਾਂ ਸਮਾਂ ਹੀ ਦੱਸੇਗਾ।”
ਪੰਚਾਇਤੀ ਨਲਕੇ ਵਾਲੇ ਚੁਰਾਹੇ ਤੇ ਆਈਆਂ ਤਾਂ ਉੱਥੇ ਗੀਰੀ ਅਮਲੀ ਦੋ ਤਿੰਨਾਂ ਬੰਦਿਆ ਨੂੰ ਘੇਰੀ ਖੜ੍ਹਾ ਸੀ ਤੇ ਰੌਲ੍ਹਾ ਪਾ ਰਿਹਾ ਸੀ, “ਇਹ ਸਰਪੰਚ ਆਪਣੇ ਆਪ ਨੂੰ ਸਮਝਦਾ ਕੀ ਏ, ਮੈਂ ਤਾਂ ਜ਼ਰੂਰ ਜਾਊਂ।”
“ਗੀਰੀ ਗੱਲ ਤੂੰ ਵੀ ਨਹੀ ਸਮਝਦਾ।” ਤਰਖਾਣਾ ਦੇ ਨਾਜਰ ਨੇ ਕਿਹਾ, “ਜੱਥੇ ਵਿਚ ਸਿਰਫ ਗੁਰਮੱਖ ਬੰਦੇ ਹੀ ਜਾ ਰਹੇ ਨੇ।”
“ਨਾਜਰਾ, ਮੈਂ ਕਿਹੜਾ ਗੁੱਰਮੁੱਖਾਂ ਨਾਲੋਂ ਘੱਟ ਆ।”
ਅਮਲੀ ਦੀ ਗੱਲ ਸੁੱਣ ਕੇ ਕੋਲ ਖੜੇ ਬੰਦੇ ਹੱਸ ਪਏ।
“ਮੇਰੀ ਗੱਲ ਤੇ ਹੱਸੋ ਨਾਂ।” ਅਮਲੀ ਫਿਰ ਬੋਲਿਆ, ਠਸੱਚ ਕਹਿੰਦਾ ਵਾਂ, “ਇਹ ਗੁੱਰਮੁੱਖ ਸੁਭਾਅ ਵਾਲੇ ਬੰਦੇ ਸੈਟਰ ਦੀ ਗੋਰਮਿੰਟ ਨੂੰ ਥੱਲੇ ਨਹੀਂ ਲਾਹ ਸਕਦੇ।”
“ਤੇ ਤੂੰ ਥੱਲੇ ਲਾਹ ਦੇਵੇਂਗਾ।”
“ਮੈ ਤਾਂ ਗੌਰਮਿੰਟ ਨੂੰ ਉਹ ਝੁੱਕੀ ਦੇਵਾਂਗਾ, ਸਾਰੀ ਦੁਨੀਆ ਹਿਲ ਜਾਊ, ਇਹਨਾ ਕੰਜਰਾਂ ਨੂੰ ਕੰਜਰ ਬਣ ਕੇ ਟਕਰੂੰਗਾ।”
ਲੋਕੀ ਅਜੇ ਵੀ ਅਮਲੀ ਦੀਆਂ ਗੱਲਾ ਸੁਣ ਰਹੇ ਸਨ, ਪਰ ਦੀਪੀ ਤੇ ਸਿਮਰੀ ਚਲੀਆਂ ਗਈਆਂ।
ਦੀਪੀ ਨੇ ਘਰ ਪਹੁੰਚ ਕੇ ਦੇਖਿਆ ਕਿ ਉੱਥੇ ਵੀ ਮੋਰਚੇ ਦਾ ਹੀ ਰੌਲ੍ਹਾ ਪੈ ਰਿਹਾ ਹੈ। ਇੰਦਰ ਸਿੰਘ ਹਰਨਾਮ ਕੌਰ ਨੂੰ ਕਹਿ ਰਿਹਾ ਸੀ, “ਇਕ ਵਾਰੀ ਸੁਣ ਲੈ ਜਾਂ ਦਸ ਵਾਰੀ ਮੈਂ ਜੱਥੇ ਨਾਲ ਜਾਣਾ ਹੀ ਜਾਣਾ ਐ।”
“ਤੂੰ ਤਾਂ ਜੀ, ਇਦਾਂ ਕਹਿ ਰਿਹਾ ਆਂ, ਜਿਵੇਂ ਕਿਸੇ ਦੀ ਜਨੇਤੀ ਜਾਣਾ ਹੋਵੇ।” ਹਰਨਾਮ ਕੌਰ ਖਿੱਝ ਕੇ ਬੋਲੀ, “ਬੁੱਢੇ ਬਾਰੇ ਬੰਦਾ ਘਰ ਬਹਿ ਕੇ ਵਾਹਿਗੁਰੂ ਵਾਹਿਗੁਰੂ ਕਰੇ।”
“ਜਿਹਨਾ ਨੂੰ ਆਪਣੇ ਹੱਕ ਲੈਣ ਦਾ ਚਾਅ ਹੋਵੇ ਉਹ ਜੇਲਾਂ ਵਿਚ ਜਨੇਤੀਆਂ ਵਾਂਗ ਹੀ ਜਾਂਦੇ ਨੇ।”
“ਬੀਬੀ ਜੀ, ਤੁਸੀ ਬਾਬਾ ਜੀ ਨੂੰ ਜੱਥੇ ਵਿਚ ਜਾਣ ਤੋਂ ਕਿਉਂ ਰੋਕਦੇ ਹੋ?” ਦੀਪੀ ਨੇ ਕਿਹਾ, “ਜੇ ਉਹ ਜਾਣਾ ਚਾਹੁੰਦੇ ਨੇ ਤਾਂ ਜਾਣ ਦਿਉ।”
“ਪੁੱਤ, ਇਹਨੂੰ ਕੀ ਪਤਾ, ਪੰਜਾਬੀਆਂ ਨੇ ਕਿੰਨੀਆਂ ਕੁਰਬਾਨੀਆਂ ਦੇ ਕੇ ਅਜ਼ਾਦੀ ਲਈ ਸੀ ਤੇ ਮੁੜ ਪੰਜਾਬੀਆਂ ਦਾ ਕੀ ਹਾਲ ਹੋਇਆ।”
“ਆਹੋ, ਬੀਬੀ ਜੀ, ਬਾਬਾ ਜੀ ਚਾਹੁੰਦੇ ਨੇ ਕਿ ਪੰਜਾਬੀਆਂ ਨਾਲ ਨਿਆਂ ਹੋਵੇ।”
“ਇਹਦੇ ਜ੍ਹੇਲ ਜਾਣ ਨਾਲ ਪੰਜਾਬੀਆਂ ਨਾਲ ਨਿਆਂ ਹੋ ਜਾਵੇਗਾ, ਜਿਥੇ ਇੱਨਾ ਚਿਰ ਅੱਗੇ ਕੁਝ ਨਹੀਂ ਹੋਇਆ।” ਹਰਨਾਮ ਕੌਰ ਨੇ ਕਿਹਾ, “ਮੈਨੂੰ ਕੀ ਜੋ ਮਰਜ਼ੀ ਕਰਦੇ ਫਿਰੋ।”
ੳਦੋਂ ਹੀ ਗਿਆਨ ਕੌਰ ਨੇ ਕੰਧ ਉੱਪਰ ਦੀ ਬਹੁਤ ਹੀ ਘਬਰਾਈ ਹੋਈ ਅਵਾਜ਼ ਵਿਚ ਕਿਹਾ, “ਦੀਪੀ, ਦੋੜ ਕੇ ਆਉ, ਦੇਖੋ ਤੁਹਾਡੇ ਤਾਏ ਨੂੰ ਕੀ ਹੋਇਆ।”
ਸਾਰਾ ਟੱਬਰ ਗਿਆਨ ਕੌਰ ਦੇ ਘਰ ਵੱਲ ਨੂੰ ਦੋੜ ਪਿਆ। ਜਾ ਕੇ ਦੇਖਿਆ ਤਾਂ ਵੇਲਾ ਸਿੰਘ ਬੇਹੋਸ਼ੀ ਦੀ ਹਾਲਤ ਵਿਚ ਮੰਜੇ ਤੇ ਪਿਆ ਸੀ। ਦੀਪੀ ਪਿੰਡ ਵਾਲੇ ਡਾਕਟਰ ਨੂੰ ਲੈਣ ਦੌੜ ਪਈ। ਹਾਲ-ਦੁਹਾਈ ਸੁਣ ਕੇ ਆਂਢ-ਗੁਆਂਡ ਇਕੱਠਾ ਹੋ ਗਿਆ। ਸਾਰੇ ਆਪਣਾ ਆਪਣਾ ਹੀਲਾ ਕਰਨ ਲੱਗ ਪਏ ਕਿ ਵੇਲਾ ਸਿੰਘ ਨੂੰ ਹੋਸ਼ ਆ ਜਾਏ, ਪਰ ਡਾਕਟਰ ਦੇ ਆਉਣ ਤੋਂ ਪਹਿਲਾਂ ਹੀ ਵੇਲਾ ਸਿੰਘ ਚੜ੍ਹਾਈ ਕਰ ਗਿਆ।