ਇਹ ਕਹਿਣ ਚ’ ਕੋਈ ਅਤਕਥਨੀ ਨਹੀ ਕਿ ਪ੍ਰਦੇਸਾਂ ਵਿੱਚ ਬਹੁਮਤ ਪੰਜਾਬੀਆਂ ਨੇ ਔਕੜਾਂ ਭਰੇ ਸੰਘਰਸ਼ ਨਾਲ ਜੂਝ ਕੇ ਜਿੰਦਗੀ ਦੇ ਸੁੱਖ ਐਸ਼ੋ ਅਰਾਮ ਵਾਲੇ ਝੰਡੇ ਗੱਡੇ ਹੋਏ ਹਨ। ਪਰ ਫੁੱਲ ਦੂਰੋਂ ਹੀ ਸੁਹਾਵਣੇ ਲਗਦੇ ਨੇ, ਕਈ ਉਦਾਸਹੀਣਤਾ ,ਇਕੱਲਤਾ ਤੇ ਕੋਹਲੂ ਦੇ ਬੈਲ ਵਾਲੀ ਜਿੰਦਗੀ ਵੀ ਵਿਚਰ ਰਹੇ ਹਨ। ਕੁਝ ਕਿ ਗੱਦਿਆਂ ਉਪਰ ਬੈਠ ਕੇ ਚੁਸਕੀਆਂ ਲੈਦੇ ਪਿਛੋਕੜ ਨੂੰ ਵੀ ਕੋਸ ਰਹੇ ਹਨ। ਇਸ ਦੇ ਬਾਵਯੂਦ ਢਲਦੀ ਉਮਰੇ ਪਿੱਛੇ ਜਾਣ ਦੀ ਤਾਂਘ ਲਈ ਬੇਬੱਸ ਵੀ ਵੇਖੇ ਹਨ।ਜਿਵੇਂ ਵੀ ਹੈ ਉਹਨਾਂ ਦਾ ਮੋਹ ਆਪਣੀ ਜਨਮ ਭੂੁਮੀ ਨਾਲ ਅਟੁੱਟ ਹੁੰਦਾ ਹੈ। ਆਖਰ ਤੂਬੇਂ ਦੀ ਤਾਰ ਪੰਜਾਬ ਨਾਲ ਹੀ ਵੱਜਦੀ ਹੈ।ਜਿਸ ਦੀ ਮਿਸਾਲ ਪੱਥਰ ਦੀਆਂ ਕੋਠੀਆਂ ਵਿੱਚ ਇੱਕਲੇ ਬੈਠੇ ਬਜੁਰਗਾਂ ਤੋਂ ਆਮ ਮਿਲ ਜਾਦੀ ਹੈ। ਪਿੱਛਲੇ ਦੋ ਮਹੀਨੇ ਪਿੰਡਾਂ ਤੇ ਸ਼ਹਿਰਾਂ ਵਿੱਚ ਲੋਕਾਂ ਨਾਲ ਵਿਚਰਨ ਦਾ ਮੌਕਾ ਮਿਲਿਆ। ਸੋਚ ਸਭ ਦੀ ਇੱਕ ਸੀ, ਪਰ ਸਟਾਈਲ ਵੱਖੋ ਵੱਖਰਾ ਸੀ। ਕੋਈ ਜਮਾਨਾ ਸੀ, ਲੜਕੀ ਵਾਲੇ ਪੜ੍ਹਿਆ ਲਿਖਿਆ ਜਾਂ ਜਮੀਨ ਜਾਇਦਾਦ ਵਾਲਾ ਵਰ ਲੱਭਦੇ ਸਨ। ਇਸ ਤਰ੍ਹਾਂ ਹੀ ਮੁੰਡੇ ਵਾਲੇ ਪੜ੍ਹੀ ਲਿਖੀ ਸੋਹਣੀ ਸਨੁੱਖੀ ਨੂੰਹ ਭਾਲਦੇ ਸਨ।ਪਰ ਹੁਣ ਜਮਾਨੇ ਨੇ ਪਲਟੀ ਮਾਰੀ ਹੈ।ਹੁਣ ਦੋਵਾਂ ਵਿੱਚੋਂ ਇੱਕ ਜਾਣੇ ਦੀ ਆਈਲੈਟਸ ਕੀਤੀ ਹੋਵੇ ਜਾਂ ਬੈਂਡ ਪੂਰੇ ਹੋਣ। ਚਿਹਰੇ ਮੂਹਰੇ ਤਾਂ ਬਾਅਦ ਦੀਆਂ ਗੱਲਾਂ ਬਣ ਗਈਆਂ ਹਨ।ਆਰਥਿਕ ਤੌਰ ਤੇ ਕਮਜੋਰ ਵਰਗ ਦੀ ਪੜ੍ਹੀ ਲਿਖੀ ਕੁੜੀ ਨੂੰ ਸਰਦੇ ਪੁਜਦੇ ਮੁੰਡੇ ਵਾਲੇ ਆਈਲੈਟਸ ਲਈ ਖਰਚਾ ਮੁਹਾਈਆ ਕਰ ਰਹੇ ਹਨ।ਮਕਸਦ ਲੜਕੀ ਬਾਹਰ ਚਲੀ ਗਈ ਮੁੰਡੇ ਨੂੰ ਸੱਦ ਲਵੇਗੀ। ਇਹ ਹੀ ਸੋਚ ਲੜਕੀ ਵਾਲਿਆਂ ਦਾ ਮੁੰਡਿਆਂ ਵਾਲਿਆ ਪ੍ਰਤੀ ਹੈ। ਮਤਲਵ ਲਈ ਕੀਤੇ ਹੋਏ ਰਿਸ਼ਤੇ ਕਿੰਨੇ ਕੁ ਸਾਜ਼ਗਾਰ ਨੇ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ। ਦੂਸਰੀ ਗੱਲ ਸ਼ਹਿਰਾਂ ਵਿੱਚ ਟੰਗੇ ਵੱਡੇ ਵੱਡੇ ਬੋਰਡ ਪਿੰਡਾਂ ਦੀਆਂ ਕੰਧਾਂ ਤੇ ਖੇਤਾਂ ਦੀਆਂ ਮੋਟਰਾਂ ਤੇ ਲੱਗੇ ਮਸ਼ਹੂਰੀ ਦੇ ਬੈਨਰ ”ਆਈਲੈਟਸ ਕਰਕੇ ਕਨੇਡਾ, ਅਮਰੀਕਾ, ਤੇ ਅਸਟਰੇਲੀਆ ਆਦਿ ਜਾਣ ਦਾ ਸੁਨਿਹਰੀ ਮੌਕਾ” ਤੇ ਨਾਲ ਲੱਗੇ ਵਿਦੇਸੀ ਝੰਡਿਆਂ ਦੀਆਂ ਫੋਟੋਆਂ ਨੇ ਨੌਜੁਆਨ ਪੀੜ੍ਹੀ ਦੀ ਸੋਚ ਨੂੰ ਸੀਮਤ ਕਰਕੇ ਰੱਖ ਦਿੱਤਾ ਹੇ।ਇਸ ਦੌੜ ਵਿੱਚ ਅਖਬਾਰ,ਟੀ.ਵੀ. ਵਾਲੇ ਵੀ ਘੱਟ ਨਹੀ ਹਨ। ਕਈ ਤਾਂ ਉਦਾਹਰਣਾ ਵੀ ਪੇਸ਼ ਕਰਦੇ ਹਨ।”ਮੇਰਾ ਬੇਟਾ ਜਾਂ ਬੇਟੀ ਫਲਾਨੇ ਨੇ ਭੇਜਿਆ ਸੀ,ਅੱਜ ਫਲਾਨੇ ਦੇਸ਼ ਸੈਟਲ ਹੈ”। ”ਇਹ ਬਹੁਤ ਹੀ ਇਮਾਨਦਾਰੀ ਨਾਲ ਕੰਮ ਕਰਦੇ ਹਨ”। ਆਮ ਹੀ ਸੁਣਨ ਨੂੰ ਮਿਲ ਜਾਦਾਂ ਹੈ। ਵੱਡੇਂ ਵੱਡੇਂ ਮਾਲਾਂ ਵਿੱਚ ਬਰੈਂਡਟ ਸਮਾਨ ਜਿਸ ਦੀ ਕੀਮਤ ਵਿਦੇਸ਼ਾਂ ਦੀ ਕੀਮਤ ਨਾਲ ਮੇਲ ਖਾਦੀ ਹੈ।ਖਰੀਦੋ ਫਰੋਖਤ ਜੋਰਾਂ ਤੇ ਹੁੰਦੀ ਹੈ। ਆਮਦਨੀ ਵਿਦੇਸ਼ਾਂ ਨਾਲੋਂ ਘੱਟ ਹੈ ਜਾਂ ਵੱਧ ਇਸ ਦੀ ਕੋਈ ਪ੍ਰਵਾਹ ਨਹੀ ਹੈ। ਵਿਦੇਸ਼ ਤੋਂ ਗਿਆ ਆਦਮੀ ਟੀਸੀ ਚੜ੍ਹੀ ਮਹਿਗਾਈ ਵਿੱਚ ਰੇਟ ਘਟਾਉਣ ਦੀ ਗੱਲ ਕਰਦਾ ਹੈ। ਪਰ ਪੰਜਾਬ ਵਿੱਚ ਰਹਿ ਰਿਹਾ ਇਸ ਗੱਲ ਨੂੰ ਆਪਣੀ ਹੇਠੀ ਸਮਝਦਾ ਹੈ। ਖਾਲਿਸਤਾਨ ਦੇ ਬਰੋਲੇ ਜਿਹੜੇ ਬਾਹਰ ਉੱਡਦੇ ਨੇ, ਉਤਨੇ ਪੰਜਾਬ ਵਿੱਚ ਨਹੀ ਉੱਡਦੇ। ਜਿਸ ਦੀ ਸਰਕਾਰੇ ਦੁਆਰੇ ਪਹੁੰਚ ਹੈ ਉਸ ਦੀ ਕੋਈ ਰੀਸ ਨਹੀ।ਵੋਟਾਂ ਮੰਗਣ ਗਏ ਟੋਲਿਆ ਵਿੱਚ ਜਿਆਦਾ ਮਜਬੂਰ ਤੇ ਮੌਕਾ ਪ੍ਰਸਤ ਹੀ ਹੁੰਦੇ ਹਨ। ਦੇਸ਼ ਪਿਆਰ ਦੀ ਕਿਰਨ ਘੱਟ ਹੀ ਨਜ਼ਰ ਆਉਦੀ ਹੈ। ਪੈਟਰੌਲ, ਡੀਜ਼ਲ ਦੀਆਂ ਵਧੀਆਂ ਕੀਮਤਾਂ ਨੇ ਹੱਦਾਂ ਤੋੜ੍ਹੀਆਂ ਪਈਆਂ ਹਨ।ਦਿੱਲੀ ਜਾਣ ਨੂੰ ਟੈਕਸੀ ਨਾਲੋਂ ਜਹਾਜ ਸਸਤਾ ਪੈਂਦਾਂ ਹੈ।ਡੇਰਿਆਂ ਦੀ ਚੜ੍ਹਤ ਪੂਰੀ ਕਾਇਮ ਆ।ਇੱਕ ਇਤਿਹਾਸਕ ਗੂਰੂ ਘਰ ਵਿੱਚ ਛੇਵੈਂ ਗੁਰੂਆਂ ਦੇ 52 ਕਲੀਆਂ ਵਾਲੇ ਚੋਲਾ ਸਾਹਿਬ ਦੇ ਦਰਸ਼ਨਾਂ ਲਈ ਆਏ ਸਿਰਫ ਦੋ ਹੀ ਸ਼ਰਧਾਵਾਨ ਪ੍ਰਵਾਰ ਬੈਠੇ ਹੋਏ ਸਨ। ਥੋੜੀ ਦੂਰ ਅੱਗੇ ਇੱਕ ਡੇਰੇ ਅੰਦਰ ਜੋੜੇ ਘਰ ਵਿੱਚ ਜੁਤੀਆਂ ਜਮ੍ਹਾਂ ਕਰਾਉਣ ਵਾਲਿਆਂ ਦੀਆਂ ਤਿੰਨ ਲਾਈਨਾਂ ਲੱਗੀਆਂ ਹੋਈਆਂ ਸਨ। ਭਾਰੀ ਸੰਗਤ ਵੀ ਸੀ।ਪੰਜਾਬ ਵਿੱਚ ਕਈਆਂ ਨੂੰ ਪੁਰਖਿਆਂ ਦੀ ਜਮੀਨ ਵੇਚਣ ਵੇਲੇ ਕੋਈ ਦਰਦ ਨਹੀ ਹੁੰਦਾ।ਭਾਵੇਂ ਆਪ ਇੱਕ ਸਿਆੜ ਵੀ ਨਾ ਖ੍ਰੀਦਿਆ ਹੋਵੇ।ਜਿਆਦਾ ਕਰ ਮਾਪੇ ਆਪਣਿਆ ਬੱਚਿਆਂ ਦੇ ਭਵਿੱਖ ਲਈ ਸੁਚੇਤ ਨਹੀ ਜਾਪਦੇ।ਆਮ ਮੁੰਡੇ ਕੁੜੀਆਂ ਨੂੰ ਕੰਮ ਕਾਰ ਵਾਰੇ ਪੁੱਛਣ ਤੇ ਇਕੋ ਹੀ ਜਬਾਬ ਮਿਲੇਗਾ। ‘ਬੱਸ ਫਾਇਲ ਲਾਈ ਵੀ ਆ, ਜਾਣ ਦੀ ਤਿਆਰੀ ਆ” ਹੋਰ ਤਾਂ ਹੋਰ ਮਾਪੇ ਵੀ ਪਿੱਛੇ ਰਹਿਣ ਨੂੰ ਤਿਆਰ ਨਹੀ ਹਨ। ਘਰ ਰਹਿ ਗਏ ਦਾਦਾ ਦਾਦੀ ਕੋਣ ਦੇਖ ਭਾਲ ਕਰੂਗਾ,ਰੱਬ ਜਾਣੇ। ”ਸਭ ਉਡ ਜੂ ਉਡ ਜੂ ਕਰਦੇ ਨੇ”! ਬੇਰੁਜ਼ਗਾਰ ਨੂੰ ਲੱਭਣ ਲਈ ਰੋਸ਼ਨੀ ਦੀ ਲੋੜ ਨਹੀ ਪੈਂਦੀ। ਇੱਕ ਕੋਠੀ ਨੂੰ ਰੰਗ ਰੋਗਨ ਕਰ ਰਹੇ ਪ੍ਰਵਾਸੀ ਠੇਕੇਦਾਰ ਨੂੰ ਜਦੋਂ ਪੁਛਿਆ ”ਭਈਆ”,”ਆਪ ਸਭ ਬਾਹਰ ਦੇ ਮਜਦੂਰ ਰੱਖੇ ਨੇ ਪੰਜਾਬੀ ਕਿਉ ਨਹੀ ਰੱਖਦੇ”? ਉਸ ਦਾ ਦੋ ਟੁਕ ਜਬਾਬ ਸੀ ,”ਬਾਬੂ ਜੀ”,ਰੱਖੇ ਥੇ ਸਭ ਹਟਾ ਦੀਏ, ਇਧਰ ਵਾਲੇ ਲੜਕੇ ਕਾਮ ਕਰਕੇ ਰਾਜ਼ੀ ਨਹੀ ਸਾਹਿਬ”ਇੱਕ ਛੋਟੇ ਜਿਮੀਦਾਰ ਨੂੰ ਕਿਸੇ ਕੋਲੋ 100 ਰੁਪਏ ਲਈ ਮਿੰਨਤਾਂ ਕਰਦਾ ਵੀ ਵੇਖਿਆ, ਕਿਉ ਕਿ ਉਸ ਨੇ ਬੱਸ ਫੜ ਕੇ ਮੱਸਿਆ ਤੇ ਜਾਣਾ ਸੀ। ਸਰਕਾਰ ਦੇ ਚਲਾਏ ਰੰਗ ਬਰੰਗੇ ਨੋਟ ਬੱਚਿਆਂ ਦੀ ਕਿਸਮਤ ਪੁੜ੍ਹੀ ਵਰਗੇ ਲਗਦੇ ਹਨ।ਹੱਥਾਂ ਵਿੱਚ ਫੜ੍ਹੇ ਹੋਏ ਪ੍ਰਭਾਵ ਨਹੀ ਪਾ ਰਹੇ। ਥੜਿਆਂ ਉਪਰ ਢਾਣੀਆਂ ਬਣਾ ਕੇ ਤਾਸ਼ ਖੇਡ ਦੇ ਨੌਜੁਆਨ ਆਮ ਹੀ ਵੇਖਣ ਨੂੰ ਮਿਲ ਜਾਦੇਂ ਹਨ।ਜਿਹਨਾਂ ਮਿਹਨਤਕਸ਼ ਪੰਜਾਬੀਆਂ ਦੀ ਧਾਂਕ ਪੂਰੇ ਦੇਸ਼ ਵਿੱਚ ਮੰਨੀ ਜਾਂਦੀ ਸੀ। ਅੱਜ ਉਹ ਵਿਹਲੜ੍ਹ ਨੌਜੁਆਨ ਗਲਤ ਕੰਮ ਤੇ ਨਸ਼ਿਆਂ ਵਿੱਚ ਗਲਤਾਨ ਹੋ ਰਿਹਾ ਹੈ। ਪੰਜਾਬੀਆ ਨੇ ਵਿਆਹ ਤੋਂ ਪਹਿਲਾਂ ਪ੍ਰੀ ਬੈਡਿੰਗ ਦੇ ਭੁਸ ਨਾਲ ਇੱਕ ਹੋਰ ਹੀ ਵਾਧੂ ਖਰਚਾ ਸ਼ੁਰੂ ਕਰ ਲਿਆ ਹੈ। ਜਿਸ ਨਾਲ ਦਮ ਹੋਰ ਘੁੱਟੇਗਾ।ਜਿੰਦਗੀ ਦਾ ਇੱਕ ਇਹ ਵੀ ਸੱਚ ਹੈ,ਕਿ ਕਿਸੇ ਜਮਾਨੇ ਵਿੱਚ ਮਾਪੇ ਆਪਣੇ ਪੁੱਤਰਾਂ ਤੇ ਬਹੁਤ ਹੀ ਘੱਟ ਧੀਆਂ ਨੂੰ ਘਰ ਦੇ ਆਰਥਿੱਕ ਮੰਦਵਾੜੇ ਵਿੱਚੋਂ ਕੱਢਣ ਲਈ ਪ੍ਰਦੇਸ ਭੇਜਣ ਨੂੰ ਤਰਜੀਹ ਦਿੰਦੇ ਸਨ। ਕੁਝ ਹੱਦ ਤੱਕ ਕਾਮਯਾਬ ਵੀ ਹੋਏ ਹਨ। ਪਰ ਮੌਜੂਦਾ ਦੌਰ ਵਿੱਚ ਬਹੁਤ ਗਿਣਤੀ ਸਤਾਏ ਹੋਏ ਮਾਪਿਆਂ ਲਈ ”ਅੱਖੋਂ ਪਰੇ ਜੱਗ ਮਰੇ” ਵਾਲੀ ਗੱਲ ਬਣੀ ਹੋਈ ਆ। ਇਸ ਲਈ ਕਈਆਂ ਦੀ ਬੋਲਚਾਲ ਵਿੱਚ ਵਡੱਪਣ ਭਰੇ ਲਫਜ਼ ਲੁਪਤ ਹੋਏ ਪਏ ਹਨ। ਵਿਗੜੈਲ ਕਿਸਮ ਦੇ ਕਾਕੇ ਬਾਹਰ ਕੀ ਕੀ ਗੁੱਲ ਖਿਲਾਰਦੇ ਨੇ ਇਹ ਤਾਂ ਤੁਸੀ ਅਖਬਾਰਾਂ ਦੀ ਸੁਰਖੀਆਂ ਵਿੱਚ ਪੜ੍ਹ ਹੀ ਲਿਆ ਹੋਵੇਗਾ।ਇਹ ਸਭ ਕਾਸੇ ਨੂੰ ਸੰਭਾਲਣ ਲਈ ਕੁਝ ਹੱਦ ਤੱਕ ਪ੍ਰਵਾਰ ਤੇ ਕੁਝ ਸਰਕਾਰ ਦੀ ਜੁਮੇਵਾਰੀ ਬਣਦੀ ਹੈ। ਪਰ ਹਰ ਕਿਸੇ ਨੂੰ ਇੱਕੋ ਨਜ਼ਰੀਏ ਨਾਲ ਵੇਖਣਾ ਅਤਕਥਨੀ ਹੋਵੇਗੀ। ਕਿਸੇ ਇੱਕ ਧਿਰ ਨੂੰ ਦੋਸ਼ ਦੇ ਕੇ ਜੁਮੇਵਾਰੀ ਤੋਂ ਮੁਕਤ ਨਹੀ ਹੋਇਆ ਜਾ ਸਕਦਾ।ਜੁਮੇਵਾਰੀ ਹੀ ਇਨਸਾਨ ਨੂੰ ਆਪਣੀ ਹੋਂਦ ਦਾ ਅਹਿਸਾਸ ਪੈਦਾ ਕਰਦੀ ਹੈ। ਕਾਮਯਾਬੀ ਦੀ ਮੰਜ਼ਲ ਪਾਉਣ ਲਈ ਘਰ ਦੇ ਇੱਕ ਜੀਅ ਨੂੰ ਕੁਰਬਾਨੀ ਦੇਣੀ ਪੈਂਦੀ ਹੈ। ਇਹ ਮਿਸਾਲ ਤੁਸੀ ਆਪਣੇ ਆਲੇ ਦੁਆਲੇ ਵੀ ਵੇਖ ਸਕਦੇ ਹੋ! ”ਲੇਖ ਹੀ ਮਾੜੇ ਨੇ,ਕੀ ਕੀਤਾ ਜਾਵੇ,ਏਦਾਂ ਈ ਹੋਣਾ ਸੀ”ਇਹ ਗੱਲਾਂ ਕਰਨ ਵਾਲੇ ਮਾਨਸਿੱਕ ਰੋਗੀ ਤਾਂ ਹੋ ਸਕਦੇ ਹਨ।ਪਰ ਤੰਦਰੁਸਤ, ਦ੍ਰਿੜ ਤੇ ਸ੍ਰਿੜ ਇਰਾਦੇ ਵਾਲਾ ਨਹੀ ਹੋ ਸਕਦੇ।ਮੁੱਕਦੀ ਗੱਲ ਕਿਸਮਤ ਨੂੰ ਦੋਸ਼ ਦੇਕੇ ਆਪ ਤੁਸੀ ਸੁਰਖਰੂ ਨਹੀ ਹੋ ਸਕਦੇ !!!!