ਸ਼ਾਹਕੋਟ/ਮਲਸੀਆਂ,(ਏ.ਐੱਸ. ਸਚਦੇਵਾ) – ਪੰਜਾਬ ਦੇ ਦਰਿਆਵਾਂ ਨੂੰ ਦੂਸ਼ਿਤ ਕਰਨ ‘ਤੇ ਨੈਸ਼ਨਲ ਗ੍ਰੀਨ ਟਿ੍ਰਬਿਊਨਲ ਵੱਲੋਂ ਸੂਬਾ ਸਰਕਾਰ ਨੂੰ ਲਾਏ ਗਏ 50 ਕਰੋੜ ਦੇ ਜੁਰਮਾਨੇ ਦੇ ਬਾਵਜੂਦ ਵੀ ਸਰਕਾਰੀ ਅਧਿਕਾਰੀਆਂ ਨੇ ਕੋਈ ਸਬਕ ਨਹੀਂ ਸਿੱਖਿਆ। ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਮੁੜ ਮੈਂਬਰ ਬਣੇ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਬਸਤੀ ਪੀਰ ਦਾਦ ਦੇ 50 ਐਮ.ਐਲ.ਡੀ. ਵਾਲੇ ਟਰੀਟਮੈਂਟ ਪਲਾਂਟ ਦੀਆਂ ਦੋ ਚੋਰ-ਮੋਰੀਆਂ ਨੂੰ ਫੜਿਆ ਹੈ। ਐਨ.ਜੀ.ਟੀ. ਵੱਲੋਂ ਬਣਾਈ ਗਈ ਨਿਗਰਾਨ ਕਮੇਟੀ ਦੀ ਮੀਟਿੰਗ ‘ਚ ਸ਼ਾਮਲ ਹੋਣ ਤੋਂ ਪਹਿਲਾਂ ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਬਸਤੀ ਪੀਰ ਦਾਦ ਦੇ ਟਰੀਟਮੈਂਟ ਪਲਾਂਟ ਦੀ ਅਚਨਚੇਤੀ ਚੈਕਿੰਗ ਕੀਤੀ ਤਾਂ ਪਲਾਂਟ ਚਲਾਉਣ ਵਾਲਿਆਂ ਵੱਲੋਂ ਪਲਾਸਟਿਕ ਦਾ ਇੱਕ ਪਾਈਪ ਘਾਹ ਦੇ ਵਿੱਚ ਦੱਬਿਆ ਹੋਇਆ ਸੀ। ਜਿਸ ਨੂੰ ਉਹ ਚੋਰੀ ਛਿਪੇ ਅਣਸੋਧੇ ਹੋਏ ਪਾਣੀ ਨੂੰ ਸਿੱਧਾ ਹੀ ਡਰੇਨ ਵਿਚ ਪਾ ਦਿੰਦੇ ਸਨ। ਸੰਤ ਸੀਚੇਵਾਲ ਨੇ ਦੱਸਿਆ ਕਿ ਇਹ ਪਾਈਪ ਟਰੀਟਮੈਂਟ ਪਲਾਂਟ ਦੇ ਉਸ ਜਗ੍ਹਾ ਦੇ ਕੋਲੋਂ ਦੱਬਿਆ ਹੋਇਆ ਮਿਲਿਆ, ਜਿਥੇ ਪਾਣੀ ਸਾਫ ਹੋ ਕੇ ਪਲਾਂਟ ਵਿਚੋਂ ਬਾਹਰ ਜਾਂਦਾ ਸੀ। ਸੰਤ ਸੀਚੇਵਾਲ ਨੇ ਕਿਹਾ ਕਿ ਇਹ ਇੱਕ ਤਰ੍ਹਾਂ ਨਾਲ ਪੰਜਾਬ ਸਰਕਾਰ ਤੇ ਲੋਕਾਂ ਨਾਲ ਧੋਖਾ ਕੀਤਾ ਜਾ ਰਿਹਾ ਹੈ ਕਿ ਪਲਾਂਟ ਚਲਾਉਣ ਵਾਲੇ ਪ੍ਰਬੰਧਕ ਬਿਜਲੀ ਫੂਕਣ ਦੇ ਬਾਵਜੂਦ ਵੀ ਅਣਸੋਧੇ ਹੋਏ ਪਾਣੀ ਨੂੰ ਟਰੀਟ ਕੀਤੇ ਹੋਏ ਪਾਣੀ ਵਿੱਚ ਰਲਾ ਰਹੇ ਸਨ। ਉਨ੍ਹਾਂ ਦੱਸਿਆ ਕਿ ਦੂਜਾ ਮੋਘਾ ਸਿੱਧਾ ਹੀ ਡਰੇਨ ਵਿੱਚ ਖੋਲਿ੍ਹਆ ਗਿਆ ਸੀ। ਜਿਹੜਾ ਕਿ ਕਿਸੇ ਨੂੰ ਨਜ਼ਰ ਨਹੀਂ ਸੀ ਆਉਂਦਾ। ਸੰਤ ਸੀਚੇਵਾਲ ਨੇ ਇਸ ਮਸਲੇ ਨੂੰ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਅਤੇ ਨਗਰ ਨਿਗਮ ਜਲੰਧਰ ਦੇ ਅਧਿਕਾਰੀਆਂ ਦੀ ਹਾਜ਼ਰੀ ਵਿੱਚ ਹੋਈ ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਤੋਂ ਆਏ ਸੀਨੀਅਰ ਅਧਿਕਾਰੀ ਦੀ ਮੀਟਿੰਗ ’ਚ ਜੇ. ਚੰਦਰਬਾਬੂ ਦੇ ਸਾਹਮਣੇ ਰੱਖਿਆ। ਮੀਟਿੰਗ ਵਿੱਚ ਹਾਜ਼ਰ ਜਲੰਧਰ ਨਗਰ ਨਿਗਮ ਦੇ ਅਧਿਕਾਰੀਆਂ ਨੂੰ ਇਹ ਗੱਲ ਸਵੀਕਾਰ ਕਰਨੀ ਪਈ ਕਿ ਉਥੇ ਪਾਈਪਾਂ ਰਾਹੀਂ ਪਲਾਂਟ ਵਾਲੇ ਅਣਸੋਧਿਆ ਪਾਣੀ ਡਰੇਨ ਵਿੱਚ ਪਾ ਰਹੇ ਸੀ। ਪਲਾਂਟ ਵਿਚੋਂ ਨਿਕਲਣ ਵਾਲੀ ਸਲੱਜ ਦੀ ਮਾਤਰਾ ਘੱਟ ਹੋਣ ‘ਤੇ ਹੀ ਸੰਤ ਸੀਚੇਵਾਲ ਨੂੰ ਸ਼ੱਕ ਪਈ ਕਿ ਪਲਾਂਟ ਦਾ ਪਾਣੀ ਬਾਈਪਾਸ ਕਰਕੇ ਕਿਸੇ ਗੁਪਤ ਢੰਗ ਨਾਲ ਡਰੇਨ ਵਿਚ ਸੁੱਟਿਆ ਜਾ ਰਿਹਾ ਹੈ। ਇਸ ਪਲਾਂਟ ਦੀ ਨਜ਼ਰਸਾਨੀ ਕਰਦੇ ਆ ਰਹੇ ਸੰਤ ਬਲਦੇਵ ਕਿ੍ਰਸ਼ਨ ਸਿੰਘ ਨੇ ਦੱਸਿਆ ਕਿ ਉਹ ਕਾਫੀ ਸਮੇਂ ਤੋਂ ਪਲਾਂਟ ਵਾਲਿਆਂ ਦੀ ਇਸ ਕਾਰਸਤਾਨੀ ਨੂੰ ਦੇਖਦੇ ਆ ਰਹੇ ਸਨ ਤੇ ਉਹ ਇਸ ਇੰਤਜ਼ਾਰ ਵਿਚ ਸਨ ਕਿ ਮੌਕੇ ‘ਤੇ ਹੀ ਪਲਾਂਟ ਵਾਲਿਆਂ ਦੀ ਚੋਰੀ ਫੜ ਕੇ ਸੰਤ ਸੀਚੇਵਾਲ ਦੇ ਧਿਆਨ ਵਿਚ ਲਿਆਂਦੀ ਜਾਵੇ। ਉਧਰ ਮੀਟਿੰਗ ‘ਚ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਨਿਗਰਾਨ ਇੰਜੀਨੀਅਰ ਹਰਬੀਰ ਸਿੰਘ ਨੇ ਦੱਸਿਆ ਕਿ ਲਾਪ੍ਰਵਾਹੀ ਕਰਨ ਵਾਲਿਆਂ ਵਿਰੁੱਧ ਬਣਦੀ ਕਾਰਵਾਈ ਕੀਤੀ ਜਾਵੇਗੀ।
ਟਰੀਟਮੈਂਟ ਪਲਾਂਟ ‘ਚੋਂ ਅਣਸੋਧੇ ਜ਼ਹਿਰੀਲੇ ਪਾਣੀ ਨੂੰ ਡਰੇਨ ‘ਚ ਸੁੱਟਣ ਵਾਲੇ ਪਾਈਪਾਂ ਨੂੰ ਸੰਤ ਸੀਚੇਵਾਲ ਨੇ ਫੜਿਆ
This entry was posted in ਪੰਜਾਬ.