ਖਾਰਤੁਮ – ਸੁਡਾਨ ਵਿੱਚ ਹਾਲ ਹੀ ਵਿੱਚ ਰੋਟੀ ਦੇ ਰੇਟਾਂ ਵਿੱਚ ਕੀਤੇ ਗਏ ਵਾਧੇ ਨੂੰ ਲੈ ਕੇ ਲੋਕਾਂ ਵੱਲੋਂ ਕੀਤੇ ਜਾ ਰਹੇ ਵਿਰੋਧ ਪ੍ਰਦਰਸ਼ਨਾਂ ਦੌਰਾਨ ਪੁਲਿਸ ਅਤੇ ਜਨਤਾ ਦਰਮਿਆਨ ਹੋਈਆਂ ਝੜਪਾਂ ਵਿੱਚ 19 ਲੋਕ ਮਾਰੇ ਗਏ ਹਨ। ਸੁਡਾਨ ਵਿੱਚ ਭੁੱਖਮਰੀ ਇੱਕ ਬਹੁਤ ਵੱਡੀ ਸਮੱਸਿਆ ਹੈ। ਦੇਸ਼ ਵਿੱਚ ਭਾਰੀ ਸੰਖਿਆ ਵਿੱਚ ਲੋਕ ਇਸ ਸਰਕਾਰੀ ਫੈਂਸਲੇ ਦਾ ਵਿਰੋਧ ਕਰ ਰਹੇ ਹਨ।
ਸਰਕਾਰ ਨੇ ਰੋਟੀ ਦੀ ਕੀਮਤ ਇੱਕ ਸੁਡਾਨੀ ਪੌਂਡ ਤੋਂ ਵਧਾ ਕੇ 3 ਸੁਡਾਨੀ ਪੌਂਡ ਕਰ ਦਿੱਤੀ ਹੈ ਜਿਸ ਕਰਕੇ ਦੇਸ਼ ਵਿੱਚ ਭਾਰੀ ਗਿਣਤੀ ਵਿੱਚ ਲੋਕ ਇਸ ਫੈਂਸਲੇ ਦਾ ਵਿਰੋਧ ਕਰ ਰਹੇ ਹਨ। ਸਰਕਾਰੀ ਤੌਰ ਤੇ ਇਸ ਗੱਲ ਦੀ ਪੁਸ਼ਟੀ ਕਰ ਦਿੱਤੀ ਗਈ ਹੈ ਕਿ ਦੋ ਸੁਰੱਖਿਆ ਕਰਮਚਾਰੀਆਂ ਸਮੇਤ 19 ਲੋਕ ਮਾਰੇ ਗਏ ਹਨ ਅਤੇ 219 ਦੇ ਕਰੀਬ ਲੋਕ ਜਖ਼ਮੀ ਹੋਏ ਹਨ। ਖਾਣੇ ਦੀ ਮੁੱਲ ਵਿੱਚ ਹੋਏ ਇਸ ਵਾਧੇ ਨਾਲ ਸਰਕਾਰ ਦੇ ਵਿਰੁੱਧ ਦੇਸ਼ਭਰ ਵਿੱਚ ਰੋਸ ਮੁਜ਼ਾਹਿਰੇ ਕੀਤੇ ਜਾ ਰਹੇ ਹਨ।
ਦੇਸ਼ ਦੀ ਰਾਜਧਾਨੀ ਖਾਰਤੁਮ ਤੱਕ ਵੀ ਪਹੁੰਚ ਗਏ ਅਤੇ ਰਾਸ਼ਟਰਪਤੀ ਭਵਨ ਦੇ ਨਜ਼ਦੀਕ ਇੱਕਠੀ ਹੋਈ ਭੀੜ ਨੂੰ ਤਿੱਤਰ-ਬਿੱਤਰ ਕਰਨ ਦੇ ਲਈ ਸੁਰੱਖਿਆ ਬਲਾਂ ਦੁਆਰਾ ਅੱਥਰੂ ਗੈਸ ਦੇ ਗੋਲੇ ਛੱਡੇ ਗਏ। ਸ਼ਹਿਰ ਦੇ ਸੰਸਦ ਮੈਂਬਰ ਵੱਲੋਂ ਪ੍ਰਦਰਸ਼ਨਕਾਰੀਆਂ ਦੇ ਖਿਲਾਫ਼ ਤਾਕਤ ਦੀ ਵਰਤੋਂ ਕੀਤੇ ਜਾਣ ਦਾ ਵਿਰੋਧ ਵੀ ਕੀਤਾ ਗਿਆ ਸੀ।