ਕੋਲਕਾਤਾ – ਪੱਛਮੀ ਬੰਗਾਲ ਦੀ ਮੁੱਖਮੰਤਰੀ ਮਮਤਾ ਬੈਨਰਜੀ ਨੇ ਆਪਣੀ ਸਟੇਟ ਦੇ ਅਧਿਕਾਰੀਆਂ ਨੂੰ ਇਹ ਸਪੱਸ਼ਟ ਨਿਰਦੇਸ਼ ਦਿੱਤੇ ਹਨ ਕਿ ਉਹ ਕੇਂਦਰ ਸਰਕਾਰ ਨਾਲ ਬੰਗਾਲ ਨਾਲ ਜੁੜੇ ਡੇਟਾ ਸ਼ੇਅਰ ਕਰਨਾ ਬੰਦ ਕਰ ਦੇਣ। 24 ਪਰਗਨਾ ਜਿਲ੍ਹੇ ਵਿੱਚ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਹੋਈ ਬੈਠਕ ਵਿੱਚ ਮਮਤਾ ਨੇ ਕਿਹਾ ਕਿ ਪੱਛਮੀ ਬੰਗਾਲ ਦੇ ਸਰਕਾਰੀ ਵਿਭਾਗ ਆਪਣਾ ਖੁਦ ਦਾ ਪੋਰਟਲ ਬਣਾਉਣਗੇ ਅਤੇ ਡੇਟਾ ਸੁਰੱਖਿਅਤ ਰੱਖਣਗੇ। ਮਮਤਾ ਦਾ ਕਹਿਣਾ ਹੈ ਕਿ ਕੇਂਦਰ ਸਰਕਾਰ ਪੱਛਮੀ ਬੰਗਾਲ ਤੋਂ ਲਏ ਡੇਟਾ ਦਾ ਪ੍ਰਯੋਗ ਸਮਾਜ ਦੇ ਕੁਝ ਵਰਗਾਂ ਵਿੱਚ ਰਾਜਨੀਤਕ ਸੰਦੇਸ਼ ਭੇਜਣ ਦੇ ਲਈ ਕਰ ਰਹੀ ਹੈ।
ਰਾਜ ਸਰਕਾਰ ਦੇ ਅਧਿਕਾਰੀਆਂ ਨੇ ਮੁੱਖਮੰਤਰੀ ਦੁਆਰਾ ਦਿੱਤੇ ਗਏ ਨਿਰਦੇਸ਼ਾਂ ਦਾ ਪਾਲਣ ਕਰਦੇ ਹੋਏ ਸਾਰੇ ਸਰਕਾਰੀ ਮਹਿਕਮਿਆਂ ਦੇ ਡੇਟਾ ਨੂੰ ਸੁਰੱਖਿਅਤ ਰੱਖਣ ਦੇ ਲਈ ਡੈਸ਼ਬੋਰਡ ਬਣਾਉਣ ਦੀ ਦਿਸ਼ਾ ਵਿੱਚ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ। ਇਹ ਡੈਸ਼ਬੋਰਡ ਸਾਰੇ ਸਰਕਾਰੀ ਪੋਰਟਲਾਂ ਦੇ ਲਈ ਕਾਮਨ ਪਲੇਟਫਾਰਮ ਦਾ ਕੰਮ ਕਰੇਗਾ। ਵਰਨਣਯੋਗ ਹੈ ਕਿ ਪਿੱਛਲੇ ਦਿਨੀਂ ਗ੍ਰਹਿ ਵਿਭਾਗ ਨੇ 10 ਜਾਂਚ ਏਜੈਂਸੀਆਂ ਨੂੰ ਇਹ ਅਧਿਕਾਰ ਦਿੱਤਾ ਸੀ ਕਿ ਉਹ ਦੇਸ਼ ਵਿੱਚ ਕਿਤੇ ਵੀ ਕਿਸੇ ਵੀ ਕੰਪਿਊਟਰ ਦਾ ਡੇਟਾ ਖੰਗਾਲ ਸਕਦੀ ਹੈ। ਕੇਂਦਰ ਸਰਕਾਰ ਦੇ ਇਸ ਫੈਂਸਲੇ ਦਾ ਵਿਰੋਧੀ ਪਾਰਟੀਆਂ ਵੱਲੋਂ ਪੁਰਜੋਰ ਵਿਰੋਧ ਕੀਤਾ ਗਿਆ ਸੀ।
ਮਮਤਾ ਬੈਨਰਜੀ ਦਾ ਕਹਿਣਾ ਹੈ, ‘ ਹੁਣ ਅਸੀਂ ਆਪਣੇ ਪੋਰਟਲ ਤੇ ਹੀ ਪੱਛਮੀ ਬੰਗਾਲ ਨਾਲ ਜੁੜੇ ਡੇਟਾ ਸੁਰੱਖਿਅਤ ਰਖਾਂਗੇ। ਸਾਨੂੰ ਕੇਂਦਰ ਨਾਲ ਡੇਟਾ ਸ਼ੇਅਰਿੰਗ ਬੰਦ ਕਰਨੀ ਹੋਵੇਗੀ ਕਿਉਂਕਿ ਡੇਟਾ ਇੱਕਠਾ ਕਰਨ ਦੇ ਨਾਮ ਤੇ ਉਹ ਲੋਕ ਬਹੁਤ ਸਾਰੀਆਂ ਚੀਜ਼ਾਂ ਨੂੰ ਆਪਣੇ ਕੰਟਰੋਲ ਵਿੱਚ ਲੈਣ ਦਾ ਯਤਨ ਕਰ ਰਹੇ ਹਨ। ਕੇਂਦਰ ਸਰਕਾਰ ਸਿੱਧੇ ਤੌਰ ਤੇ ਸੰਘੀ ਢਾਂਚੇ ਨੂੰ ਪ੍ਰਭਾਵਿਤ ਕਰ ਰਹੀ ਹੈ ਜੋ ਕਿ ਉਚਿਤ ਨਹੀਂ ਹੈ। ਇਸ ਤੋਂ ਪਹਿਲਾਂ ਦੇਸ਼ ਵਿੱਚ ਕਦੇ ਵੀ ਅਜਿਹਾ ਨਹੀਂ ਹੋਇਆ। ਸਾਡੀ ਸਰਕਾਰ ਵੀ ਕੇਂਦਰ ਦੀ ਤਰ੍ਹਾਂ ਹੀ ਚੁਣ ਕੇ ਸਤਾ ਵਿੱਚ ਆਈ ਹੈ।’