ਨਵੀਂ ਦਿੱਲੀ : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਛੋਟੇ ਸਾਹਿਬਜਾਦਿਆਂ ਦੇ ਸ਼ਹੀਦੀ ਦਿਹਾੜੇ ਮੌਕੇ ਗੁਰਦੁਆਰਾ ਮਾਤਾ ਸੁੰਦਰੀ ਵਿਖੇ ਵਿਸ਼ੇਸ਼ ਗੁਰਮਤਿ ਸਮਾਗਮ ਕਰਵਾਇਆ ਗਿਆ। ਜਿਸ ’ਚ ਗੁਰੂ ਘਰ ਦੇ ਕੀਰਤਨੀ ਜਥਿਆਂ ਨੇ ਗੁਰਬਾਣੀ ਕੀਰਤਨ ਅਤੇ ਬੀਰ ਰਸ ਭਰਪੂਰ ਬਾਣੀ ਨਾਲ ਸੰਗਤਾਂ ਨੂੰ ਨਿਹਾਲ ਕੀਤਾ। ਇਸ ਮੌਕੇ ’ਤੇ ਜਥੇਦਾਰ ਅਵਤਾਰ ਸਿੰਘ ਹਿਤ ਪ੍ਰਧਾਨ ਤਖਤ ਸ੍ਰੀ ਹਰਿਮੰਦਰ ਸਾਹਿਬ ਪਟਨਾ ਸਾਹਿਬ ਅਤੇ ਸਾਬਕਾ ਪ੍ਰਧਾਨ ਦਿੱਲੀ ਕਮੇਟੀ ਨੇ ਸੰਗਤਾਂ ਨੂੰ ਸੰਬੋਧਨ ਕਰਦਿਆਂ ਜਿਥੇ ਛੋਟੇ ਸਾਹਿਬਜਾਦਿਆਂ ਦੀ ਲਾਸਾਨੀ ਸ਼ਹਾਦਤ ਦੇ ਬੇਮਿਸਾਲ ਇਤਿਹਾਸ ਤੋਂ ਜਾਣੂ ਕਰਵਾਇਆ ਉਥੇ ਨਾਲ ਹੀ ਸੰਗਤਾਂ ਨੂੰ ਇਹ ਵੀ ਦੱਸਿਆ ਕਿ ਅੱਜ ਸਾਨੂੰ ਆਪਣੇ ਬੱਚਿਆਂ ਨੂੰ ਸਿੱਖੀ ਦੇ ਮਾਨ-ਮੱਤੇ ਇਤਿਹਾਸ ਤੋਂ ਜਾਣੂ ਕਰਾਉਣ ਅਤੇ ਉਨ੍ਹਾਂ ’ਚ ਸ਼ਾਹਿਬਜਾਦਿਆਂ ਵਰਗਾ ਸ਼ਖਸ਼ੀ ਕਿਰਦਾਰ ਪੈਦਾ ਕਰਨ ਦੀ ਲੋੜ ਹੈ ਤਾਂ ਜੋਂ ਅਸੀਂ ਆਪਣੇ ਬੱਚਿਆਂ ਨੂੰ ਕੌਮ ਦੀ ਸੇਵਾ ਲਈ ਤਿਆਰ ਕਰ ਸਕੀਏ।
ਇਸ ਮੌਕੇ ’ਤੇ ਹਰਿੰਦਰ ਪਾਲ ਸਿੰਘ ਚੇਅਰਮੈਨ ਗੁਰਮਤਿ ਕਾਲਜ ਅਤੇ ਮੈਂਬਰ ਦਿੱਲੀ ਕਮੇਟੀ ਨੇ ਅੱਲਾ ਯਾਰ ਖਾਂ ਯੋਗੀ ਦੀਆਂ ਰਚਨਾਵਾਂ ਦਾ ਹਵਾਲਾ ਦਿੰਦੇ ਹੋਇਆ ਸ਼ਾਹਿਬਜਾਦਿਆਂ ਦੀ ਅਦੁੱਤੀ ਸ਼ਹੀਦੀ ਬਾਰੇ ਦੱਸਦੇ ਹੋਏ ਕਿਹਾ ਕਿ ਸਿੱਖ ਧਰਮ ’ਚ ਹੋਈਆਂ ਸ਼ਹਾਦਤਾਂ ਤੋਂ ਪਹਿਲਾ ਹਿੰਦੂਸਤਾਨ ਦੀ ਸੰਸਕ੍ਰਿਤੀ ’ਚ ਸ਼ਹਾਦਤ ਨਾਂ ਦੇ ਸ਼ਬਦ ਦਾ ਕੋਈ ਜਿਕਰ ਨਹੀਂ ਮਿਲਦਾ। ਉਨ੍ਹਾਂ ਕਿਹਾ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਸਾਰੇ ਸੰਸਾਰ ਲਈ ਇੱਕ ਚਾਨਣ ਮੁਨਾਰਾ ਹਨ। ਇਸ ਤੋਂ ਸੇਧ ਲੈ ਕੇ ਹੀ ਅਸੀਂ ਆਪਣੇ ਜੀਵਨ ਨੂੰ ਆਤਮਕ ਅਤੇ ਸੰਸਾਰਕ ਤੌਰ ’ਤੇ ਬਲਵਾਨ ਕਰ ਸਕਦੇ ਹਾਂ। ਅਸੀਂ ਗੁਰੂ ਸਾਹਿਬ ਦੇ ਦਸੇ ਹੋਏ ਰਸਤੇ ਅਤੇ ਫਲਸਫੈ ਨੂੰ ਅਪਨਾ ਕੇ ਸਰਬਤ ਦੀ ਸੇਵਾ ਕਰ ਸਕਦੇ ਹਾਂ।
ਇਸ ਮੌਕੇ ਡਾ. ਜਸਪਾਲ ਸਿੰਘ ਸਾਬਕਾ ਵਾਇਸ ਚਾਂਸਲਰ ਪਟਿਆਲਾ ਯੂਨੀਵਰਸਿਟੀ ਨੇ ਵੀ ਸੰਗਤਾਂ ਨੂੰ ਸਿੱਖ ਇਤਿਹਾਸ ਤੋਂ ਜਾਣੂ ਕਰਵਾਇਆ। ਬਾਬਾ ਬਚਨ ਸਿੰਘ ਕਾਰਸੇਵਾ ਵਾਲਿਆਂ ਨੇ ਸੰਗਤਾਂ ਨੂੰ ਨਾਮ ਜਪਾਇਆ ਅਤੇ ਕਵੀ ਸੱਜਣਾ ਵੱਲੋਂ ਬੀਰ ਰਸੀ ਭਰਪੂਰ ਕਵਿਤਾਵਾਂ ਨਾਲ ਸੰਗਤਾਂ ਨੂੰ ਨਿਹਾਲ ਕੀਤਾ। ਇਸ ਮੌਕੇ ’ਤੇ ਕਮੇਟੀ ਦੇ ਐਕਟਿੰਗ ਪ੍ਰਧਾਨ ਹਰਮੀਤ ਸਿੰਘ ਕਾਲਕਾ, ਕਮੇਟੀ ਮੈਂਬਰ ਪਰਮਜੀਤ ਸਿੰਘ ਰਾਣਾ, ਕੁਲਵੰਤ ਸਿੰਘ ਬਾਠ, ਜਤਿੰਦਰ ਸਿੰਘ ਗੋਲਡੀ, ਜਤਿੰਦਰ ਸਿੰਘ ਸਾਹਨੀ, ਸਾਬਕਾ ਮੈਂਬਰ ਕੁਲਮੋਹਨ ਸਿੰਘ ਅਤੇ ਹੋਰ ਮੈਂਬਰ ਸਾਹਿਬਾਨਾਂ ਨੇ ਹਾਜਰੀਆਂ ਭਰੀਆਂ।