ਪੰਜਾਬ ਦੇ ਮੁੱਖਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮੋਦੀ ਨੂੰ ਆੜੇ ਹੱਥੀਂ ਲੈਂਦੇ ਹੋਏ ਕਿਹਾ ਕਿ ਉਹ ਦੱਸਣ ਕਿ ਉਨ੍ਹਾਂ ਨੇ ਦੇਸ਼ ਦੀ ਜਨਤਾ ਨਾਲ ਜੋ ਵਾਅਦੇ ਕੀਤੇ ਸਨ, ਉਨ੍ਹਾਂ ਵਿੱਚੋਂ ਇੱਕ ਵੀ ਪੂਰਾ ਕੀਤਾ ਹੈ। ਕੈਪਟਨ ਨੇ 1947 ਤੋਂ ਬਾਅਦ ਦੇ ਦੇਸ਼ ਦੇ ਸਾਰੇ ਨੇਤਾਵਾਂ ਵਿੱਚੋਂ ਮੋਦੀ ਨੂੰ ਹੁਣ ਤੱਕ ਦਾ ਸੱਭ ਤੋਂ ਮਾੜਾ ਨੇਤਾ ਦੱਸਿਆ। ਉਨ੍ਹਾਂ ਨੇ ਕਿਹਾ ਕਿ ਮੋਦੀ ਸਰਕਾਰ ਦੀਆਂ ਲੋਕ ਵਿਰੋਧੀ ਅਤੇ ਵੰਡਣ ਵਾਲੀਆਂ ਨੀਤੀਆਂ ਦੇ ਕਾਰਣ ਦੇਸ਼ ਤਬਾਹੀ ਵੱਲ ਜਾ ਰਿਹਾ ਹੈ।
ਗੁਰਦਾਸਪੁਰ ਵਿੱਚ ਮੋਦੀ ਵੱਲੋਂ ਦਿੱਤੇ ਗਏ ਭਾਸ਼ਣ ਦੇ ਜਵਾਬ ਵਿੱਚ ਮੁੱਖ ਮੰਤਰੀ ਨੇ ਕਿਹਾ ਕਿ ਜੁਮਲੇਬਾਜ਼ ਪ੍ਰਧਾਨਮੰਤਰੀ ਨੇ ਛਲ, ਕਪਟ ਅਤੇ ਪਾਖੰਡ ਨਾਲ ਦੇਸ਼ ਨੂੰ ਵਿਨਾਸ਼ਕਾਰੀ ਪਤਣ ਵੱਲ ਧੱਕ ਦਿੱਤਾ ਹੈ। ਇਸ ਲਈ ਦੇਸ਼ਵਾਸੀਆਂ ਨੇ ਆਪਣੇ ਚੰਗੇ ਭਵਿੱਖ ਦੇ ਲਈ ਸੱਤਾ ਤੋਂ ਪਾਸੇ ਕਰਨ ਦਾ ਮਨ ਬਣਾ ਲਿਆ ਹੈ। ਉਨ੍ਹਾਂ ਨੇ ਕਿਹਾ ਕਿ ਲੋਕ ਹੈਰਾਨ ਹਨ ਕਿ ਮੋਦੀ ਜਲਦੀ ਹੀ ਆ ਰਹੀਆਂ ਲੋਕ ਸਭਾ ਚੋਣਾਂ ਦੌਰਾਨ ਕਿਹੜਾ ਮੂੰਹ ਲੈ ਕੇ ਦੇਸ਼ ਦੀ ਜਨਤਾ ਦੇ ਸਾਹਮਣੇ ਜਾਣਗੇ। ਉਨ੍ਹਾਂ ਨੇ ਮੋਦੀ ਨੂੰ ਚੁਣੌਤੀ ਦਿੰਦੇ ਹੋਏ ਕਿਹਾ ਕਿ ਉਨ੍ਹਾਂ ਨੇ ਆਪਣੇ ਪੰਜ ਸਾਲ ਦੇ ਕਾਰਜਕਾਲ ਦੌਰਾਨ ਜਨਤਾ ਨਾਲ ਕੀਤੇ ਗਏ ਵਾਅਦਿਆਂ ਵਿੱਚੋਂ ਇੱਕ ਨੂੰ ਵੀ ਪੂਰਾ ਕੀਤਾ ਹੈ ਤਾਂ ਉਸ ਦੀ ਜਾਣਕਾਰੀ ਦੇਣ।
ਉਨ੍ਹਾਂ ਨੇ ਮੋਦੀ ਦੁਆਰਾ ਦਿੱਤੇ ਗਏ ਬਿਆਨਾਂ ਦੀ ਸਖਤ ਆਲੋਚਨਾ ਕਰਦੇ ਹੋਏ ਕਿਹਾ ਕਿ ਅਗਾਮੀ ਲੋਕਸਭਾ ਚੋਣਾਂ ਵਿੱਚ ਸਪੱਸ਼ਟ ਤੌਰ ਤੇ ਆਪਣੀ ਹਾਰ ਨੂੰ ਵੇਖਦੇ ਹੋਏ ਪ੍ਰਧਾਨਮੰਤਰੀ ਬੁਰੀ ਤਰ੍ਹਾਂ ਬੁਖਲਾ ਗਏ ਹਨ। ਇਸ ਕਰਕੇ ਉਹ ਲੋਕਾਂ ਨੂੰ ਨਿਰਾਸ਼ਾਜਨਕ ਢੰਗ ਨਾਲ ਗੁੰਮਰਾਹ ਕਰਨ ਦਾ ਯਤਨ ਕਰ ਰਹੇ ਹਨ।