ਨਵੀਂ ਦਿੱਲੀ- ਦਿੱਲੀ ਦੇ ਮੁੱਖਮੰਤਰੀ ਦੇ ਸਿੰਘਾਸਨ ਤੇ ਲਗਾਤਾਰ 15 ਸਾਲ ਤੱਕ ਰਾਜ ਕਰਨ ਵਾਲੀ ਸ਼ੀਲਾ ਦੀਕਸ਼ਤ ਦਿੱਲੀ ਪ੍ਰਦੇਸ਼ ਕਾਂਗਰਸ ਕਮੇਟੀ ( DPCC ) ਦੀ ਪ੍ਰਧਾਨ ਹੋਵੇਗੀ। ਇਸ ਦੇ ਨਾਲ ਹੀ ਡਾ. ਯੋਗਾਨੰਦ ਸ਼ਾਸਤਰੀ, ਦੇਵੇਂਦ ਯਾਦਵ, ਹਾਰੂਨ ਯੂਸਫ਼ ਅਤੇ ਰਾਜੇਸ਼ ਲਿਲੋਠੀਆ ਨੂੰ ਕਾਰਜਕਾਰੀ ਪ੍ਰਧਾਨ ਬਣਾਇਆ ਜਾ ਰਿਹਾ ਹੈ। ਇਨ੍ਹਾਂ ਅਹੁਦੇਦਾਰਾਂ ਬਾਰੇ ਰਸਮੀ ਤੌਰ ਤੇ ਜਲਦੀ ਹੀ ਘੋਸ਼ਣਾ ਕਰ ਦਿੱਤੀ ਜਾਵੇਗੀ।
ਸਾਬਕਾ ਮੁੱਖਮੰਤਰੀ ਸ਼ੀਲਾ ਦੀਕਸ਼ਤ ਹੀ ਪਾਰਟੀ ਅੰਦਰ ਚੱਲ ਰਹੇ ਵਿਵਾਦਾਂ ਨੂੰ ਦੂਰ ਕਰਕੇ ਸੱਭ ਨੂੰ ਇੱਕ ਪਲੇਟਫਾਰਮ ਤੇ ਇੱਕਠਿਆਂ ਕਰਨ ਦੀ ਸਮੱਰਥਾ ਰੱਖਦੀ ਹੈ। ਕਾਂਗਰਸ ਪ੍ਰਧਾਨ ਦੇ ਅਹੁਦੇ ਦੇ ਲਈ ਉਪਰ-ਉਪਰ ਤਾਂ ਚਾਰ-ਪੰਜ ਨਾਮ ਹੀ ਆ ਰਹੇ ਸਨ ਪਰ ਇਸ ਲਈ ਘੱਟ ਤੋਂ ਘੱਟ 20 ਦੇ ਕਰੀਬ ਨੇਤਾ ਦਾਅਵੇਦਾਰੀ ਕਰ ਚੁੱਕੇ ਹਨ। ਇਨ੍ਹਾਂ ਵਿੱਚ ਕਈ ਸਾਬਕਾ ਪ੍ਰਧਾਨ, ਸਾਂਸਦ, ਮੰਤਰੀ ਅਤੇ ਵਿਧਾਇਕ ਸ਼ਾਮਿਲ ਸਨ। ਪਰ ਸ਼ੀਲਾ ਦੀਕਸ਼ਤ ਇੱਕ ਅਜਿਹੀ ਕਦਾਵਰ ਨੇਤਾ ਹੈ ਜਿਸ ਦਾ ਲੋਹਾ ਵਿਰੋਧੀ ਦਲ ਵੀ ਮੰਨਦੇ ਹਨ ਅਤੇ ਉਹ ਵੀ ਮੰਨਦੇ ਹਨ ਕਿ ਉਨ੍ਹਾਂ ਦੇ ਕੋਲ ਸ਼ੀਲਾ ਦੇ ਬਰਾਬਰ ਦਾ ਨੇਤਾ ਨਹੀਂ ਹੈ।
ਦਿੱਲੀ ਪ੍ਰਦੇਸ਼ ਕਾਂਗਰਸ ਕਮੇਟੀ ਪ੍ਰਧਾਨ ਦੇ ਤੌਰ ਤੇ ਸੱਭ ਤੋਂ ਅੱਗੇ ਹੋਣ ਦੇ ਕਈ ਕਾਰਣ ਹਨ। ਇਸ ਸੱਭ ਦੇ ਦਰਮਿਆਨ ਸ਼ੀਲਾ ਦੀਕਸ਼ਤ ਦਾ 15 ਸਾਲ ਤੱਕ ਦਿੱਲੀ ਵਿੱਚ ਸਫ਼ਲ ਸਰਕਾਰ ਚਲਾਉਣ ਦਾ ਅਨੁਭਵ ਸੱਭ ਤੇ ਹਾਵੀ ਰਿਹਾ।