ਰੋਹਤਕ – ਪੰਚਕੂਲਾ ਦੀ ਸਪੈਸ਼ਲ ਸੀਬੀਆਈ ਕੋਰਟ ਨੇ ਪੱਤਰਕਾਰ ਛੱਤਰਪਤੀ ਹੱਤਿਆ ਕਾਂਡ ਵਿੱਚ ਸੌਦਾ ਸਾਧ ਸਮੇਤ ਚਾਰ ਆਰੋਪੀਆਂ ਨੂੰ ਦੋਸ਼ੀ ਕਰਾਰ ਦਿੱਤਾ ਹੈ। ਇਸ ਮਾਮਲੇ ਵਿੱਚ ਸਜ਼ਾ ਦਾ ਐਲਾਨ 17 ਜਨਵਰੀ ਨੂੰ ਕੀਤਾ ਜਾਵੇਗਾ। ਰਾਮ ਰਹੀਮ ਇਸ ਸਮੇਂ ਸੁਨਾਰੀਆ ਜੇਲ੍ਹ ਵਿੱਚ ਬੰਦ ਹੈ ਅਤੇ ਉਸ ਦੀ ਪੇਸ਼ੀ ਵੀਡੀਓ ਕਾਨਫਰੈਂਸਿੰਗ ਦੁਆਰਾ ਹੋਈ ਹੈ। ਜੇਲ੍ਹ ਦੇ ਅਹਾਤੇ ਤੇ ਆਸਪਾਸ ਦੇ ਇਲਾਕੇ ਵਿੱਚ ਡਰੋਨ ਕੈਮਰਿਆਂ ਅਤੇ ਘੋੜਾ ਪੁਲਿਸ ਦੁਆਰਾ ਵੀ ਸੁਰੱਖਿਆ ਦੇ ਪ੍ਰਬੰਧ ਕੀਤੇ ਗਏ ਸਨ।
ਪੁਲਿਸ ਨੇ ਦੋਸ਼ੀ ਠਹਿਰਾਏ ਜਾਣ ਦੇ ਤੁਰੰਤ ਬਾਅਦ ਹੀ ਤਿੰਨਾਂ ਹੋਰ ਦੋਸ਼ੀਆਂ ਕਿਸ਼ਨ ਲਾਲ, ਨਿਰਮਲ ਅਤੇ ਕੁਲਦੀਪ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਉਨ੍ਹਾਂ ਨੂੰ ਹੁਣ ਅਦਾਲਤ ਤੋਂ ਸਿੱਧਾ ਜੇਲ੍ਹ ਲਿਜਾਇਆ ਜਾ ਰਿਹਾ ਹੈ। ਜੇਲ੍ਹ ਭੇਜਣ ਤੋਂ ਪਹਿਲਾਂ ਉਨ੍ਹਾਂ ਦਾ ਮੈਡੀਕਲ ਟੈਸਟ ਕਰਵਾਇਆ ਜਾਵੇਗਾ। ਸੁਣਵਾਈ ਤੋਂ ਪਹਿਲਾਂ ਹੀ ਪੰਚਕੂਲਾ ਵਿੱਚ ਸੁਰੱਖਿਆ ਪ੍ਰਬੰਧ ਮਜ਼ਬੂਤ ਕਰ ਦਿੱਤੇ ਗਏ ਸਨ। ਜੱਜਾਂ ਦੀ ਸੁਰੱਖਿਆ ਦੇ ਵੀ ਖਾਸ ਪ੍ਰਬੰਧ ਕੀਤੇ ਗਏ ਹਨ। ਅਦਾਲਤ ਦੇ ਅਹਾਤੇ ਵਿੱਚ 240 ਜਵਾਨ ਤੈਨਾਤ ਕੀਤੇ ਗਏ ਹਨ। ਹੋਰ ਵੀ ਵੱਖ-ਵੱਖ ਨਾਕਿਆਂ ਤੇ 1200 ਦੇ ਕਰੀਬ ਹੱਥਿਆਰਬੰਦ ਜਵਾਨ ਤੈਨਾਤ ਕੀਤੇ ਗਏ ਸਨ।
ਇਹ ਮਾਮਲਾ ਲਗਭਗ 16 ਸਾਲ ਪੁਰਾਣਾ ਹੈ। ਸਾਲ 2002 ਵਿੱਚ ਪੱਤਰਕਾਰ ਰਾਮਚੰਦਰ ਛੱਤਰਪਤੀ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਛੱਤਰਪਤੀ ਆਪਣੇ ਅਖ਼ਬਾਰ ‘ਪੂਰਾ ਸੱਚ’ ਵਿੱਚ ਡੇਰੇ ਨਾਲ ਜੁੜੀਆਂ ਖ਼ਬਰਾਂ ਛਾਪਦੇ ਸਨ। ਡੇਰਾ ਮੁੱਖੀ ਸਾਧ ਤੇ ਕਿਸ਼ਨਲਾਲ, ਨਿਰਮਲ ਅਤੇ ਕੁਲਦੀਪ ਨਾਲ ਮਿਲ ਕੇ ਸਾਜਿਸ਼ ਰਚ ਕੇ ਛੱਤਰਪਤੀ ਦੀ ਹੱਤਿਆ ਕਰਵਾਉਣ ਦਾ ਆਰੋਪ ਹੈ। ਉਨ੍ਹਾਂ ਤੇ ਆਰੋਪ ਹੈ ਕਿ ਕੁਲਦੀਪ ਨੇ ਬਾਈਕ ਤੇ ਆ ਕੇ ਰਾਮਚੰਦਰ ਪਰਜਾਪਤੀ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਸੀ, ਉਸ ਸਮੇਂ ਉਸ ਦੇ ਨਾਲ ਨਿਰਮਲ ਵੀ ਸੀ।