ਨਵੀਂ ਦਿੱਲੀ : ਅੱਜ ਗੁਰਦੁਆਰਾ ਰਕਾਬਗੰਜ ਸਾਹਿਬ ਦੇ ਭਾਈ ਲੱਖੀ ਸ਼ਾਹ ਵਣਜਾਰਾ ਹਾਲ ਵਿਖੇ ਜਥੇਦਾਰ ਰਛਪਾਲ ਸਿੰਘ ਜੀ ਦੀ ਆਤਮਿਕ ਸ਼ਾਂਤੀ ਲਈ ਹੋਏ ਸਮਾਗਮ ’ਚ ਪਰਿਵਾਰ ਅਤੇ ਸੰਗਤਾਂ ਵੱਲੋਂ ਉਹਨਾਂ ਦੀ ਵਿਛੋੜੇ ਰੂਹ ਨੂੰ ਅਕਾਲ ਪੁਰਖ ਆਪਣੇ ਚਰਨਾਂ ਵਿੱਚ ਸਦੀਵੀਂ ਨਿਵਾਸ ਬਖਸਣ ਦੀ ਅਕਾਲ ਪੁਰਖ ਅੱਗੇ ਅਰਦਾਸ ਕੀਤੀ ਗਈ। ਇਸ ਅਰਦਾਸ ਸਮਾਗਮ ਵਿੱਚ ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਡਾ. ਮਨੋਮਹਨ ਸਿੰਘ ਤੇ ਦਿੱਲੀ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੇ ਵੀ ਹਾਜ਼ਰੀ ਭਰੀ।
ਇਸ ਮੌਕੇ ’ਤੇ ਡਾ. ਤ੍ਰਿਲੋਚਨ ਸਿੰਘ ਸਾਬਕਾ ਐਮ.ਪੀ. ਨੇ ਉਹਨਾਂ ਜੀ ਜੀਵਨੀ ਤੇ ਚਾਨਣਾਂ ਪਾਉਂਦੇ ਹੋਏ ਕਿਹਾ ਕਿ ਮੈਨੂੰ ਭਲੀ ਪ੍ਰਕਾਰ ਯਾਦ ਹੈ ਕਿ ਜਦੋਂ ਪੰਜਾਬੀ ਸੂਬੇ ਦੀ ਮੰਗ ਲਈ ਮੋਰਚੇ ਲੱਗ ਰਹੇ ਸਨ ਤਾਂ ਜਥੇਦਾਰ ਰਛਪਾਲ ਸਿੰਘ ਜੀ ਨੇ 1965 ਦੀ 15 ਅਗਸਤ ਨੂੰ ਗੁਰਦੁਆਰਾ ਸ਼ੀਸ਼ਗੰਜ ਸਾਹਿਬ ਤੋਂ ਕਾਲੇ ਗੁਬਾਰੇ ਛੱਡੇ ਸਨ ਜੋ ਲਾਲ ਕਿਲੇ ਤੇ ਜਾ ਕੇ ਛਾ ਗਏ ਜਿਸਦਾ ਰਾਜਨੀਤਿਕ ਅੰਤਰਰਾਸ਼ਟਰੀ ਮੰਚ ਤੇ ਖਾਸਾ ਜਿਕਰ ਹੋਇਆ। ਪੰਜਾਬ ਐਂਡ ਸਿੰਧ ਬੈਂਕ ਦਾ ਨੀਂਹ ਪੱਥਰ ਵੀ ਆਪ ਜੀ ਪਾਸੋਂ ਰੱਖਵਾਇਆ ਗਿਆ। ਆਪਜੀ ਮਾਸਟਰ ਤਾਰਾ ਸਿੰਘ ਜੀ ਦਾ ਬਹੁਤ ਸਨਮਾਨ ਕਰਦੇ ਸਨ ਤੇ ਉਨ੍ਹਾਂ ਦੀ ਜਨਮ ਦਿਨ ਹਮੇਸ਼ਾਂ ਹੀ ਮਨਾਉਂਦੇ ਸਨ। ਅੱਜ ਉਨ੍ਹਾਂ ਦੇ ਰਾਜਨੀਤਕ ਕੱਦ ਦਾ ਇਸ ਗੱਲ ਤੋਂ ਪਤਾ ਲੱਗਦਾ ਹੈ ਕਿ ਜਿਥੇ ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਉਹਨਾਂ ਦੀ ਅੰਤਿਮ ਅਰਦਾਸ ਵਿਚ ਸ਼ਾਮਲ ਹੋਏ ਉਨ੍ਹਾਂ ਹੋਰਨਾਂ ਪਾਰਟੀਆਂ ਦੇ ਪ੍ਰਮੁੱਖ ਵੀ ਆਏ।
ਇਸ ਮੌਕੇ ਡਾਕਟਰ ਜਸਪਾਲ ਸਿੰਘ ਨੇ ਗੁਰਬਾਣੀ ਦੀ ਪੰਗਤੀ ‘‘ਜੇ ਜਾਣਾ ਮਰ ਜਾਈਐ’’ ਦਾ ਜ਼ਿਕਰ ਕਰਦਿਆਂ ਕਿਹਾ ਕਿ ਸਾਨੂੰ ਗੁਰੂ ਦੇ ਵਿਖਾਏ ਗਏ ਮਾਰਗ ਦੇ ਚਲਣਾ ਚਾਹੀਦਾ ਹੈ। ਉਨ੍ਹਾਂ ਨੇ ਦੱਸਿਆ ਕਿ ਜਦੋਂ ਮੈਂ ਦਿੱਲੀ ਆ ਕੇ ਆਪਣਾ ਜੀਵਨ ਸ਼ੁਰੂ ਕਰਨਾ ਸੀ ਤਾਂ ਜੰਮੂ ਦੇ ਸੰਤ ਸਿੰਘ ਤੇਗ ਜੋ ਕਿ ਅਮਰ ਅਬਦੁੱਲਾ ਨੂੰ ਵੀ ਰਾਜਨੀਤਕ ਸਲਾਹ ਦਿੰਦੇ ਸਨ ਨੇ ਮੈਨੂੰ ਕਿਹਾ ਕਿ ਸਿੱਖ ਕੌਮ ਦਾ ਕੋਈ ਮਸਲਾ ਹੋਵੇ ਤਾਂ ਤੁਸੀਂ ਰਛਪਾਲ ਸਿੰਘ ਜੀ ਨੂੰ ਜਰੂਰ ਮਿਲਣਾ। 1947 ਦੀ ਭਾਰਤ ਪਾਕ ਵੰਡ ਦੇ ਬਾਰੇ ਦੱਸਦੇ ਹੋਏ ਉਨ੍ਹਾਂ ਨੇ ਦੱਸਿਆ ਕਿ 1960 ਵਿੱਚ ਪੰਜਾਬੀ ਸੂਬੇ ਦਾ ਮੋਰਚੇ ਦੌਰਾਨ ਸ਼ੀਸ਼ਗੰਜ ਸਾਹਿਬ ਵਿਖੇ 60 ਹਜ਼ਾਰ ਦੀ ਸਿੱਖ ਸ਼ਾਮਲ ਹੋਏ ਸਨ। ਜਿਸਦੀ ਵੀਡੀਓਗ੍ਰਾਫੀ ਕੀਤੀ ਗਈ ਸੀ। ਉਹ ਅੱਜ ਵੀ ਪੰਜਾਬੀ ਯੂਨੀਵਰਸਿਟੀ ਵਿੱਚ ਪਈ ਹੈ। ਜੇਕਰ ਮਾਸਟਰ ਤਾਰਾ ਸਿੰਘ ਨਾ ਹੁੰਦੇ ਤਾਂ ਅੱਜ ਅੱਧਾ ਪੰਜਾਬ ਤੇ ਅੱਧਾ ਬੰਗਾਲ ਵੀ ਹੱਥੋਂ ਖੁਸ ਜਾਣਾ ਸੀ ਤੇ ਹਿੰਦੁਸਤਾਨ ਦੀ ਅੰਤਰਰਾਸ਼ਟਰੀ ਹੱਦ ਕੁਝ ਹੋਰ ਹੋਣੀ ਸੀ। ਡਾ. ਜਸਪਾਲ ਸਿੰਘ ਨੇ ਦਸਤਾਰ ’ਤੇ ਕੀਤੀ ਗਈ ਹੱਸੀ ਮਖੌਲ ’ਤੇ ਸਖਤ ਨੋਟਿਸ ਲੈਂਦੇ ਹੋਏ ਕਿਹਾ ਕਿ 10 ਸਾਲ ਪ੍ਰਧਾਨ ਮੰਤਰੀ ਰਹਿਣ ਵਾਲੇ ਮਨਮੋਹਨ ਸਿੰਘ ’ਤੇ ਬਣੀ ਐਸੀ ਫਿਲਮ ਨੂੰ ਵਾਹਿਆਤ ਦੱਸਿਆ ਤੇ ਸਿੱਖਾਂ ਨੂੰ ਇਸ ’ਤੇ ਗੁੱਸਾ ਪ੍ਰਗਟ ਕਰਨਾ ਚਾਹੀਦਾ ਹੈ।
ਇਸ ਮੌਕੇ ਦਿੱਲੀ ਕਮੇਟੀ ਦੇ ਕਾਰਜਕਾਰੀ ਪ੍ਰਧਾਨ ਹਰਮੀਤ ਸਿੰਘ ਕਾਲਕਾ ਨੇ ਵੀ ਜਥੇਦਾਰ ਸਾਹਿਬ ਨੂੰ ਸ਼ਰਧਾਂਜਲੀ ਭੇਟ ਕੀਤੀ ਤੇ ਕਿਹਾ ਕਿ ਉਨ੍ਹਾਂ ਦੀ ਮੇਰੇ ਦਾਦਾ ਸ. ਜਸਵੰਤ ਸਿੰਘ (1925-90) ਨਾਲ ਬੜੀ ਸਾਂਝ ਰਹੀ ਸੀ। ਉਹਨਾਂ ਨੇ ਜਥੇਦਾਰ ਸਾਹਿਬ ਦੇ ਅਕਾਲੇ ਚਲਾਣੇ ਨੂੰ ਟਕਸਾਲੀ ਯੁੱਗ ਦਾ ਅੰਤ ਨਾਲ ਪ੍ਰਭਾਸ਼ਿਤ ਕੀਤਾ।
ਇਸ ਮੌਕੇ ਦਿੱਲੀ ਕਮੇਟੀ ਦੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਨੇ ਜਥੇਦਾਰ ਰਛਪਾਲ ਸਿੰਘ ਜੀ ਨੂੰ ਆਪਣੇ ਸ਼ਰਧਾ ਦੇ ਫੁੱਲ ਭੇਟ ਕਰਦਿਆਂ ਹੋਇਆ ਕਿਹਾ ਕਿ ਮੇਰੀ ਜਥੇਦਾਰ ਸਾਹਿਬ ਨਾਲ ਪਰਿਵਾਰਕਿ ਸਾਂਝ ਰਹੀ ਹੈ। ਉਨ੍ਹਾਂ ਨੂੰ ਗੁਰੂਘਰ ਨਾਲ ਅਟੁੱਟ ਸ਼ਰਧਾ ਤੇ ਪਿਆਰ ਸੀ। ਉਨ੍ਹਾਂ ਦੇ ਅਕਾਲ ਚਲਾਣੇ ਨਾਲ ਪੰਥ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ। ਅੱਜ ਦੇ ਨੌਜਵਾਨਾਂ ਲਈ ਉਹ ਚਾਨਣ ਮੁਨਾਰਾ ਸਨ ਤੇ ਸਾਨੂੰ ਉਨ੍ਹਾਂ ਦੇ ਜੀਵਨ ਤੋਂ ਸੇਧ ਲੈਣੀ ਚਾਹੀਦੀ ਹੈ ਕਿ ਜਿਸ ਤਰ੍ਹਾਂ ਪੰਥ ਲਈ ਆਪਣਾ ਸਭ ਕੁੱਝ ਨਿਛਾਵਰ ਕਰ ਦੇਣਾਂ ਚਾਹੀਦਾ ਹੈ। ਸ. ਸਿਰਸਾ ਨੇ ਡਾ. ਮਨਮੋਹਨ ਸਿੰਘ ਜੀ ਬਾਰੇ ਵਿਚਾਰ ਪ੍ਰਗਟ ਕਰਦਿਆਂ ਹੋਇਆ ਕਿਹਾ ਕਿ ਚਾਹੇ ਉਹ ਕਿਸੇ ਵੀ ਰਾਜਨੀਤਿਕ ਪਾਰਟੀ ਨਾਲ ਸੰਬੰਧ ਰੱਖਦੇ ਹੋਣ ਪਰ ਉਹ ਸਿੱਖਾਂ ’ਚ ਸਨਮਾਨਯੋਗ ਹਸ਼ਤੀ ਹਨ। ਉਨ੍ਹਾਂ ਦੀ ਸ਼ਾਨ ਅਤੇ ਅਕਸ਼ ਖਰਾਬ ਕਰਨ ਵਾਲੀ ਬਣੀ ਮੂਵੀ ਐਕਸੀਡੈਂਟਲ ਪ੍ਰਾਈਮਿਨੀਸਟਰ ਦਾ ਅਸੀਂ ਵਿਰੋਧ ਕਰਦੇ ਹਾਂ।
ਇਸ ਮੌਕੇ ’ਤੇ ਮਾਸਟਰ ਤਾਰਾ ਸਿੰਘ ਜੀ ਦੀ ਦੋਹਤਰੀ ਬੀਬੀ ਕਿਰਨਜੋਤ ਕੌਰ ਨੇ ਸੰਗਤਾਂ ਨੂੰ ਜਥੇਦਾਰ ਰਛਪਾਲ ਸਿੰਘ ਜੀ ਬਾਰੇ ਦੱਸਦਿਆਂ ਹੋਇਆਂ ਕਿਹਾ ਕਿ ਅਕਾਲੀ ਇਤਿਹਾਸ ਕੁਰਬਾਨੀਆਂ ਦਾ ਇਤਿਹਾਸ ਹੈ। ਜਥੇਦਾਰ ਰਛਪਾਲ ਸਿੰਘ ਅੱਜ ਤੱਕ ਮਾਸਟਰ ਤਾਰਾ ਸਿੰਘ ਜੀ ਦਾ ਉਨ੍ਹਾਂ ਹੀ ਮਾਣ ਸਤਿਕਾਰ ਕਰਦੇ ਸਨ ਜਿਨ੍ਹਾਂ ਉਨ੍ਹਾਂ ਦੇ ਜਿਉਂਦਿਆਂ। ਮੈਨੂੰ ਇੰਜ ਜਾਪਦਾ ਹੈ ਕਿ ਅੱਜ ਮੇਰੇ ਪਰਿਵਾਰ ਦਾ ਇੱਕ ਹੋਰ ਮੈਂਬਰ ਸਾਡੇ ਤੋਂ ਵਿਛੁੜ ਗਿਆ ਹੈ।
ਇਸ ਮੌਕੇ ਸ. ਤਰਲੋਚਨ ਸਿੰਘ, ਡਾ. ਜਸਪਾਲ ਸਿੰਘ, ਹਰਮੀਤ ਸਿੰਘ ਕਾਲਕਾ ਤੇ ਮਨਜਿੰਦਰ ਸਿੰਘ ਸਿਰਸਾ ਨੇ ਸਿੱਖ ਜਥੇਬੰਦੀਆਂ ਵੱਲੋਂ ਜਥੇਦਾਰ ਰਛਪਾਲ ਸਿੰਘ ਦੇ ਸਪੱਤਰ ਜਸਵਿੰਦਰ ਸਿੰਘ ਹਨੀ ਨੂੰ ਦਸਤਾਰ ਭੇਟ ਕੀਤੀ।
ਇਸ ਮੌਕੇ ਦਿੱਲੀ ਕਮੇਟੀ ਦੇ ਜਾਇੰਟ ਸਕੱਤਰ ਅਮਰਜੀਤ ਸਿੰਘ ਫਤਿਹ ਨਗਰ, ਮੈਂਬਰ ਕੁਲਵੰਤ ਸਿੰਘ ਬਾਠ, ਹਰਿੰਦਰਪਾਲ ਸਿੰਘ, ਵਿਕਰਮ ਸਿੰਘ ਰੋਹਿਣੀ, ਅਮਰਜੀਤ ਸਿੰਘ ਪਿੰਕੀ, ਮਹਿੰਦਰ ਸਿੰਘ ਭੁੱਲਰ, ਉਂਕਾਰ ਸਿੰਘ ਰਾਜਾ, ਗੁਰਮੀਤ ਸਿੰਘ ਮੀਤਾ, ਜਤਿੰਦਰ ਸਿੰਘ ਸਾਹਨੀ, ਅਕਾਲੀ ਆਗੂ ਕੁਲਦੀਪ ਸਿੰਘ ਭੋਗਲ, ਕੁਲਮੋਹਨ ਸਿੰਘ, ਜਸਵਿੰਦਰ ਸਿੰਘ ਜੋਲੀ ਤੇ ਉਹਨਾਂ ਦੇ ਪਰਿਵਾਰ ਤੇ ਬੱਚਿਆਂ ਵਿਚੋਂ ਅਪਾਰ ਸਿੰਘ, ਕ੍ਰਿਤੀਕਾ ਸਿੰਘ, ਹਰਸ਼ਦੀਪ ਸਿੰਘ, ਚੰਨਵੀਰ ਸਿੰਘ, ਮੰਨਤ ਸਿੰਘ ਸ਼ਾਮਿਲ ਸਨ।