ਲੱਥਣਾ ਨਹੀਂ ਰਿਣ ਸਾਥੋਂ, ਬਾਜਾਂ ਵਾਲੇ ਮਾਹੀ ਦਾ।
ਰੋਮ ਰੋਮ ਰਿਣੀ ਓਸ, ਸੰਤ ਸਿਪਾਹੀ ਦਾ।
ਕਿਹੜਾ ਪੁੱਤ ਪਿਤਾ ਨੂੰ, ਸ਼ਹੀਦੀ ਲਈ ਤੋਰਦਾ?
ਰੰਗਲੇ ਸੁਪਨਿਆਂ ਨੂੰ, ਕੌਣ ਹੱਥੀਂ ਖੋਰਦਾ?
ਏਨਾ ਵੱਡਾ ਜੇਰਾ ਦੱਸੋ, ਕਿੱਥੋਂ ਹੈ ਲਿਆਈਦਾ?
ਲੱਥਣਾ……
ਜੱਗ ਉਤੇ ਪੁੱਤਾਂ ਦੀਆਂ, ਦਾਤਾਂ ਨੇ ਪਿਆਰੀਆਂ।
ਹੱਸ ਹੱਸ ਕਿਸੇ ਨੇ ਨਾ, ਕੌਮ ਉਤੋਂ ਵਾਰੀਆਂ।
‘ਪੁੱਤਰਾਂ ਦਾ ਦਾਨੀ’ ਕਿਤੇ, ਐਵੇਂ ਨਹੀਂ ਕਹਾਈਦਾ
ਲੱਥਣਾ……
ਆਪੇ ਗੁਰ ਚੇਲੇ ਵਾਲਾ, ਸਬਕ ਪੜ੍ਹਾ ਗਿਆ।
ਇੱਕ ਇੱਕ ਸਿੰਘ ਸਵਾ, ਲੱਖ ਨਾਲ ਲੜਾ ਗਿਆ।
ਪੁੱਤਾਂ ਅਤੇ ਸਿੰਘਾਂ ਵਿੱਚ, ਫਰਕ ਨਹੀਂ ਪਾਈਦਾ
ਲੱਥਣਾ…….
ਦੇਸ਼ ‘ਚੋਂ ਗੁਲਾਮੀ ਵਾਲੇ, ਸੰਗਲਾਂ ਨੂੰ ਤੋੜਿਆ।
ਓਹਦੇ ‘ਪੰਥ ਖਾਲਸੇ’ ਰਾਹ, ਜ਼ੁਲਮਾਂ ਦਾ ਮੋੜਿਆ।
ਵਾਰ ਸਰਬੰਸ ਕਿਵੇਂ, ਸ਼ੁਕਰ ਮਨਾਈਦਾ?
ਲੱਥਣਾ….
ਪੈਰਾਂ ਵਿੱਚ ਛਾਲੇ, ਥੱਕਾ ਟੁੱਟਿਆ ਸਰੀਰ ਏ।
ਚੜ੍ਹਦੀ ਕਲਾ ‘ਚ ‘ਦੀਸ਼’, ਓਸ ਦੀ ਜ਼ਮੀਰ ਏ।
ਕੰਡਿਆਂ ਦੀ ਸੇਜ ਉਤੇ, ਗੀਤ ਕਿੱਦਾਂ ਗਾਈਦਾ?
ਲੱਥਣਾ……