ਨਵੀਂ ਦਿੱਲੀ : ਸਾਹਿਬ-ਏ-ਕਮਾਲ, ਦਸਮੇਸ਼ ਪਿਤਾ, ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਗੁਰਪੁਰਬ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰਦੁਆਰਾ ਰਕਾਬ ਗੰਜ ਸਾਹਿਬ ਵਿਖੇ ਭਾਈ ਲੱਖੀ ਸ਼ਾਹ ਵਣਜਾਰਾ ਹਾਲ ਵਿਖੇ ਅੰਮ੍ਰਿਤ ਵੇਲੇ ਤੋਂ ਦੇਰ ਰਾਤ ਤੱਕ ਬੜੀ ਧੂਮਧਾਮ ਨਾਲ ਮਨਾਇਆ ਗਿਆ। ਇਸ ਮੌਕੇ ਪੰਥ ਪ੍ਰਸਿੱਧ ਰਾਗੀ ਜਥਿਆਂ, ਢਾਡੀ ਜਥਿਆਂ ਨੇ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ ਅਤੇ ਕਥਾਵਾਚਕਾਂ ਨੇ ਗੁਰਮਤਿ ਵਿਚਾਰਾਂ ਕੀਤੀਆਂ। ਇਸ ਮੌਕੇ ਦਿੱਲੀ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਗੁਰੂ ਮਹਾਰਾਜ਼ ਨੂੰ ਅਕੀਦਾ ਭੇਟ ਕਰਨ ਲਈ ਪੁੱਜੇ।
ਇਸ ਮੌਕੇ ’ਤੇ ਦਿੱਲੀ ਕਮੇਟੀ ਦੇ ਐਕਟਿੰਗ ਪ੍ਰਧਾਨ ਹਰਮੀਤ ਸਿੰਘ ਕਾਲਕਾ ਨੇ ਸੰਗਤਾਂ ਨੂੰ ਗੁਰਪੁਰਬ ਦੀ ਵਧਾਈ ਦਿੰਦਿਆਂ ਕਿਹਾ ਕਿ ਗੁਰੂ ਮਹਾਰਾਜ ਦੇ ਪ੍ਰਕਾਸ਼ ਪੁਰਬ ਮੌਕੇ ਦੇਸ਼-ਵਿਦੇਸ਼ ਦੀਆਂ ਸੰਗਤਾਂ ਪ੍ਰਭਾਤ ਫੇਰੀਆਂ ਕੱਢ ਕੇ ਅਤੇ ਗੁਰਮਤਿ ਸਮਾਗਮ ਕਰਵਾ ਕੇ ਮਨਾਉਂਦੀਆਂ ਹਨ। ਗੁਰੂ ਸਾਹਿਬ ਨੇ ਲੁਕਾਈ ਦੇ ਭਲੇ ਲਈ ਆਪਣਾ ਸਰਬੰਸ ਵਾਰਿਆ। ਗੁਰੂ ਸਾਹਿਬ ਨੇ ਖਾਲਸਾ ਪੰਥ ਦੀ ਸਾਜਣਾ ਕਰ ਕੇ ਗੁਰੂ ਅਤੇ ਚੇਲੇ ਦਾ ਭੇਦ ਮਿਟਾ ਦਿੱਤਾ। ਉਨ੍ਹਾਂ ਨੇ ਆਪਣਾ ਸਾਰਾ ਜੀਵਨ ਹੀ ਜ਼ਬਰ ਅਤੇ ਜ਼ੁਲਮ ਦਾ ਟਾਕਰਾ ਕਰਦਿਆਂ ਬਤੀਤ ਕੀਤਾ। ਉਨ੍ਹਾਂ ਦੱਸਿਆ ਕਿ ਦਿੱਲੀ ਕਮੇਟੀ ਅਤੇ ਸ਼੍ਰੋਮਣੀ ਕਮੇਟੀ ਦੇ ਜਤਨਾਂ ਦੇ ਨਾਲ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਗੁਰਪੁਰਬ ਨੂੰ ਸਮਰਪਿਤ ਭਾਰਤ ਸਰਕਾਰ ਵੱਲੋਂ ਪੰਜ ਤਖਤ ਸਾਹਿਬਾਨ ਦੇ ਦਰਸ਼ਨ ਦੀਦਾਰੇ ਕਰਨ ਲਈ ਇੱਕ ਵਿਸ਼ੇਸ਼ ਰੇਲਗੱਡੀ ਚਲਾਉਣ ਦਾ ਉਪਰਾਲਾ ਕੀਤਾ ਗਿਆ ਹੈ, ਜਿਸਦੀ ਸ਼ੁਰੂਆਤ ਫਰਵਰੀ ਵਿੱਚ ਹੋਵੇਗੀ। ਇਸ ਨਾਲ ਸੰਗਤਾਂ ਨੂੰ ਤਖਤ ਸਾਹਿਬਾਨਾਂ ਦੇ ਦਰਸ਼ਨਾਂ ਲਈ ਆਸਾਨੀ ਹੋਵੇਗੀ।
ਦਿੱਲੀ ਕਮੇਟੀ ਦੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਨੇ ਸਮੂਹ ਲੋਕਾਈ ਨੂੰ ਗੁਰੂ ਸਾਹਿਬ ਦੇ ਪ੍ਰਕਾਸ਼ ਗੁਰਪੁਰਬ ਦੀ ਵਧਾਈ ਦਿੰਦਿਆਂ ਕਿਹਾ ਕਿ ਸਾਡੀ ਖੁਸ਼ਕਿਸਮਤੀ ਹੈ ਕਿ ਦਸਮੇਸ਼ ਪਿਤਾ ਨੇ ਦਿੱਲੀ ਵਿਖੇ ਵੀ ਚਰਨ ਪਾਏ ਹਨ ਅਤੇ ਹੋਰ ਗੁਰੂ ਸਾਹਿਬਾਨਾਂ ਨੇ ਵੀ ਇਥੋਂ ਦੀਆਂ ਸੰਗਤਾਂ ਨੂੰ ਦਰਸ਼ਨ ਦੇ ਕੇ ਨਿਹਾਲ ਕੀਤਾ ਹੈ। ਇਹ ਦਿੱਲੀ ਦੀਆਂ ਸੰਗਤਾਂ ’ਤੇ ਵੱਡੀ ਬਖਸ਼ਿਸ਼ ਹੈ। ਉਨ੍ਹਾਂ ਨੇ ਦੱਸਿਆ ਕਿ ਅੱਜ ਦੇਸ਼ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੇ ਆਪਣੇ ਨਿਵਾਸ ਸਥਾਨ ’ਤੇ ਦਿੱਲੀ ਦੇ ਸਿਰਮੋਰ ਸਿੱਖਾਂ ਦੀ ਮੌਜੂਦਗੀ ਵਿੱਚ ਗੁਰੂ ਗੋਬਿੰਦ ਸਿੰਘ ਜੀ ਦੇ ਹੋਏ 350 ਪ੍ਰਕਾਸ਼ ਗੁਰਪੁਰਬ ਨੂੰ ਸਮਰਪਿਤ ਭਾਰਤ ਸਰਕਾਰ ਵੱਲੋਂ 350 ਰੁਪਏ ਦਾ ਸਿੱਕਾ ਜ਼ਾਰੀ ਕੀਤਾ। ਉਨ੍ਹਾਂ ਨੇ ਮੋਦੀ ਸਰਕਾਰ ਦਾ 1984 ਦੇ ਸਿੱਖ ਕਤਲੇਆਮ ਦੇ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਲਈ ਕੀਤੇ ਗਏ ਉਪਰਾਲਿਆਂ ਦੀ ਸਲਾਘਾ ਕਰਦਿਆਂ ਧੰਨਵਾਦ ਕੀਤਾ ਅਤੇ ਕਿਹਾ ਕਿ ਪ੍ਰਧਾਨਮੰਤਰੀ ਨੇ ਇਨ੍ਹਾਂ ਪੀੜਿਤਾਂ ਦਾ ਦਰਦ ਮਹਿਸੂਸ ਕੀਤਾ ਹੈ। ਉਨ੍ਹਾਂ ਨੇ ਬੀਬੀ ਜਗਦੀਸ਼ ਕੌਰ, ਬੀਬੀ ਨਿਰਪ੍ਰੀਤ ਕੌਰ ਅਤੇ ਸਮਸ਼ੇਰ ਸਿੰਘ ਦਾ ਧੰਨਵਾਦ ਕੀਤਾ ਜਿਨ੍ਹਾਂ ਨੇ ਆਪਣੇ ਨਿਆਂ ਲਈ ਲੰਮਾਂ ਸੰਘਰਸ਼ ਕੀਤਾ ਹੈ ਤੇ 34 ਸਾਲ ਬਾਅਦ ਸੱਜਣ ਕੁਮਾਰ ਵਰਗੇ ਜੇਲ੍ਹਾਂ ’ਚ ਬੰਦ ਹਨ ਅਤੇ ਇਨਸਾਫ ਲਈ ਲੜਾਈ ਅਜੇ ਵੀ ਜਾਰੀ ਹੈ। ਨਵੀਂ ਆ ਰਹੀ ਮੂਵੀਂ ਐਕਸ਼ੀਡੈਂਟ ਪ੍ਰਾਈਮਨੀਸਟਰ ਦਾ ਜਿਕਰ ਕਰਦਿਆਂ ਹੋਇਆ ਸਿਰਸਾ ਨੇ ਕਿਹਾ ਕਿ ਡਾ. ਮਨਮੋਹਨ ਸਿੰਘ ਜੋ ਦੇਸ਼ ਦੇ ਇਮਾਨਦਾਰ, ਸੂਝਵਾਨ ਸਖਸ਼ੀਅਤ ਹਨ ਅਤੇ ਕਿਸੇ ਸਮੇਂ ਉਨ੍ਹਾਂ ਨੇ ਦੇਸ਼ ਨੂੰ ਮਾਲੀ ਸੰਕਟ ਤੋਂ ਕੱਢਿਆ ਸੀ, ਪਰ ਉਨ੍ਹਾਂ ਦੇ ਕਿਰਦਾਰ ਨੂੰ ਵਿਗਾੜਨ ਵਾਲੀ ਇਸ ਮੂਵੀਂ ਨੂੰ ਸਿੱਖ ਜਗਤ ਕਦੀ ਬਰਦਾਸ਼ਤ ਨਹੀਂ ਕਰੇਗਾ। ਅਸੀਂ ਪਾਰਟੀ ਤੋਂ ਉਪਰ ਉਠ ਕੇ ਇੱਕ ਸਿੱਖ ਹੋਣ ਦੇ ਨਾਤੇ ਡੱਟ ਕੇ ਵਿਰੋਧ ਕਰਾਂਗੇ ਅਤੇ ਸੰਗਤਾਂ ਵੀ ਆਪਣੇ ਬੱਚਿਆ ਨੂੰ ਇਹੋ ਜਿਹੀ ਮੂਵੀਂ ਨੂੰ ਵੇਖਣ ਜਾਂ ਵਿਖਾਉਣ ਤੋਂ ਗੁਰੇਜ਼ ਕਰਨ ਕਿਉਂਕਿ ਦਸਤਾਰ ਪ੍ਰਤੀ ਸਿੱਖ ਇੱਕਮੁੱਠ ਹਨ ਭਾਵੇਂ ਉਹ ਕਿਸੇ ਵੀ ਪਾਰਟੀ ਦੇ ਹੋਣ।
ਬਿਹਾਰ ਦੇ ਮੁੱਖਮੰਤਰੀ ਸ੍ਰੀ ਨੀਤੀਸ਼ ਕੁਮਾਰ ਦਾ ਜ਼ਿਕਰ ਕਰਦਿਆ ਹੋਇਆ ਸ. ਸਿਰਸਾ ਨੇ ਦੱਸਿਆ ਕਿ ਉਨ੍ਹਾਂ ਨੇ ਬਿਹਾਰ ਵਿੱਚ ਗੁਰੂ ਸਾਹਿਬ ਦੇ 350ਵੇਂ ਪ੍ਰਕਾਸ਼ ਪੁਰਬ ਦੇ ਸੰਬੰਧ ’ਚ ਵੱਡੇ ਪੱਧਰ ’ਤੇ ਕਾਰਜ ਕੀਤੇ ਹਨ ਅਤੇ ਅੱਜ ਵੀ ਪੰਥਕ ਕਾਰਜ ਕਰ ਰਹੇ ਹਨ। ਉਨ੍ਹਾਂ ਨੇ ਸੰਗਤਾਂ ਨੂੰ ਆਪਣੇ ਬੱਚਿਆ ਨੂੰ ਗੁਰਮੁੱਖੀ ਭਾਸ਼ਾ ਬੋਲਣ ਅਤੇ ਸਿੱਖੀ ਨਾਲ ਜੋੜਨ ਦੀ ਅਪੀਲ ਕੀਤੀ।
ਇਸ ਮੌਕੇ ਜਥੇਦਾਰ ਕੁਲਦੀਪ ਸਿੰਘ ਭੋਗਲ ਨੇ ਸੰਗਤਾਂ ਨੂੰ ਵਧਾਈ ਦਿੱਤੀ ਅਤੇ ਮੋਦੀ ਸਰਕਾਰ ਨੂੰ ਅਪੀਲ ਕਰਦਿਆਂ ਕਿਹਾ ਕਿ ਜਿਸ ਤਰ੍ਹਾਂ ਉਨ੍ਹਾਂ ਨੇ 1984 ਦੇ ਪੀੜਿਤਾਂ ਨੂੰ ਇਨਸਾਫ ਦਿਵਾਉਣ ਲਈ ਦਿੱਲੀ ਲਈ ਐਸ.ਆਈ.ਟੀ. ਦਾ ਗਠਨ ਕੀਤਾ ਉਸੇ ਤਰ੍ਹਾਂ ਹੀ ਉਹ ਯੂ.ਪੀ. ਅਤੇ ਦੇਸ਼ ਦੇ ਹੋਰਨਾਂ ਹਿੱਸਿਆਂ ਵਿੱਚ ਹੋਏ ਕਤਲੇਆਮ ਵਿੱਚ ਮਾਰੇ ਗਏ ਸਿੱਖਾਂ ਲਈ ਐਸ.ਆਈ.ਟੀ. ਦਾ ਗਠਨ ਕਰਨ। ਇਸ ਮੌਕੇ ਬਾਬਾ ਬਚਨ ਸਿੰਘ ਕਾਰਸੇਵਾ ਵਾਲਿਆਂ ਨੇ ਸੰਗਤਾਂ ਨੂੰ ਨਾਮ ਸਿਮਰਨ ਕਰਾਇਆ। ਅੰਮ੍ਰਿਤ ਸੰਚਾਰ ਹੋਇਆ, ਅਨੇਕਾਂ ਪ੍ਰੇਮੀ ਗੁਰੂ ਵਾਲੇ ਬਣੇ। ਕਵੀ ਦਰਬਾਰ ’ਚ ਕਵੀ ਸੱਜਣਾਂ ਨੇ ਗੁਰੂ ਜਸ ਗਾਇਨ ਕੀਤਾ। ਇਸ ਮੌਕੇ ਜਗਦੇਵ ਸਿੰਘ (80) ਨੂੰ ਪਿਛਲੇ ਦਿਨੀਂ ਸੀਨੀਅਰ ਸਿਟੀਜਨ ਦੀ ਹੋਈ ਦੌੜ ਮੁਕਾਬਲੇ ’ਚ ਅੱਵਲ ਆਉਣ ਤੇ ਕਮੇਟੀ ਵੱਲੋਂ ਸਨਮਾਨਿਤ ਕੀਤਾ ਗਿਆ।
ਇਸ ਮੌਕੇ ’ਤੇ ਸਟੇਜ਼ ਸਕੱਤਰ ਦੀ ਸੇਵਾ ਦਲਜੀਤ ਸਿੰਘ ਸਰਨਾ, ਮਨਮੋਹਨ ਸਿੰਘ, ਜਗਦੀਪ ਸਿੰਘ ਕਾਹਲੋ ਅਤੇ ਡਾ. ਨਿਸ਼ਾਨ ਸਿੰਘ ਮਾਨ ਨੇ ਨਿਭਾਈ। ਦਿੱਲੀ ਕਮੇਟੀ ਦੇ ਮੈਂਬਰ ਮਹਿੰਦਰ ਪਾਲ ਸਿੰਘ ਚੱਢਾ, ਪਰਮਜੀਤ ਸਿੰਘ ਰਾਣਾ, ਅਮਰਜੀਤ ਸਿੰਘ ਪਿੰਕੀ, ਗੁਰਮੀਤ ਸਿੰਘ ਮੀਤਾ, ਓਂਕਾਰ ਸਿੰਘ ਰਾਜਾ, ਹਰਜੀਤ ਸਿੰਘ ਪੱਪਾ, ਪਰਮਜੀਤ ਸਿੰਘ ਚੰਢੋਕ, ਮਨਜੀਤ ਸਿੰਘ ਔਲਖ ਅਤੇ ਹੋਰ ਮੈਂਬਰਾਂ ਅਤੇ ਅਕਾਲੀ ਆਗੂਆਂ ਨੇ ਵੱਡੀ ਗਿਣਤੀ ਵਿੱਚ ਹਾਜ਼ਰੀ ਭਰੀ।