‘ਪੰਡਤ- ਮੁੱਲਾਂ ਐਸਾ ਕਹਿਰ ਕਮਾਇਆ ਹੈ
ਝੁੱਗੀਆਂ ਢਾਹ ਕੇ ਰੱਬ ਦਾ ਘਰ ਬਣਵਾਇਆ ਹੈ!
ਬਾਰਡਰ ਉੱਤੇ ਵਿੰਨ ਕੇ ਪੁੱਤ ਬਿਗਾਨੇ ਨੂੰ
ਕਹਿੰਦੇ ਉਸਨੇ ਸੱਚਾ ਫਰਜ਼ ਨਿਭਾਇਆ ਹੈ!
ਨੀਲਕੰਠ ਦੇ ਵਾਂਗੂ ਚੁੱਪ ਕਰ ਪੀ ਲੈਣਾ
ਆਪਣਿਆਂ ਨੇ ਹੱਥ ਵਿਚ ਜ਼ਹਿਰ ਫੜਾਇਆ ਹੈ!
ਰੱਬ ਨੂੰ ਭਾਲਣ ਖ਼ਾਤਰ ਘਰ ਤੋਂ ਤੁਰਿਆ ਸੀ
ਮਾਂ ਦੇ ਪੈਰੀਂ ਹੱਥ ਲਾ ਕੇ ਮੁੜ ਆਇਆ ਹੈ!
ਮਾਰ ਚੌਂਕੜੀ ਰੱਬ ਦੀ ਬੰਦਗੀ ਕਰਦੇ ਹੋ
ਨਾਨਕ ਨੇ ਤਾਂ ਹੱਥੀਂ ਹਲ਼ ਵੀ ਵਾਹਿਆ ਹੈ!
ਰਾਮ- ਅੱਲਾ ਨੂੰ ਖ਼ਬਰੇ! ਅੱਜ ਕੱਲ ਸੁਣਦਾ ਨਹੀਂ
ਪੰਡਤ- ਮੁੱਲਾਂ ਤੜਕੇ ਸ਼ੋਰ ਮਚਾਇਆ ਹੈ!
ਰਾਤ ਹਨੇਰੀ ਦੇ ਵਿਚ ਕਾਲੇ ਕੰਮ ਕਰੇ
ਦਿਨ ਚੜਦੇ ਨੂੰ ਚਿੱਟਾ ਚੋਲ਼ਾ ਪਾਇਆ ਹੈ!
ਕਿਰਤ ਕਰੋ ਜਿਹੇ ਉਪਦੇਸ਼ਾਂ ਨੂੰ ਭੁੱਲ ਕੇ, ਹੁਣ
ਡੇਰੇ ਦੇ ਵਿਚ ਸੰਤਾਂ ਨਾਮ ਜਪਾਇਆ ਹੈ!
ਬੰਦਿਆਂ ਵਿੱਚੋਂ ਖ਼ਬਰੇ! ਬੰਦਾ ਮਿਲ ਜਾਵੇ
‘ਸ਼ਾਨੇ’ ਨੇ ਵੀ ਡਾਹਢਾ ਜ਼ੋਰ ਲਗਾਇਆ ਹੈ!’