ਨਵੀਂ ਦਿੱਲੀ – ਸੀਬੀਆਈ ਦੀ ਸਪੈਸ਼ਲ ਅਦਾਲਤ ਨੇ ਪੱਤਰਕਾਰ ਛੱਤਰਪਤੀ ਦੀ ਹੱਤਿਆ ਦੇ ਮਾਮਲੇ ਵਿੱਚ ਡੇਰੇ ਦੇ ਸੌਦਾ ਸਾਧ ਰਾਮ ਰਹੀਮ ਅਤੇ ਤਿੰਨ ਹੋਰ ਦੋਸ਼ੀਆਂ ਕੁਲਦੀਪ ਸਿੰਘ, ਨਿਰਮਲ ਸਿੰਘ ਅਤੇ ਕ੍ਰਿਸ਼ਨ ਲਾਲ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਇਸ ਸਜ਼ਾ ਦੇ ਨਾਲ ਹੀ 50-50 ਹਜ਼ਾਰ ਰੁਪੈ ਦਾ ਜੁਰਮਾਨਾ ਵੀ ਲਗਾਇਆ ਗਿਆ ਹੈ। ਸੀਬੀਆਈ ਨੇ ਕੋਰਟ ਤੋਂ ਰਾਮ ਰਹੀਮ ਦੇ ਲਈ ਫਾਂਸੀ ਦੀ ਮੰਗ ਕੀਤੀ ਸੀ। ਪੰਚਕੂਲਾ ਵਿੱਚ ਸਾਧਣੀ ਰੇਪ ਕੇਸ ਦੀ ਸੁਣਵਾਈ ਦੌਰਾਨ ਹੋਈ ਹਿੰਸਾ ਨੂੰ ਧਿਆਨ ਵਿੱਚ ਰੱਖਦੇ ਹੋਏ ਪੰਜਾਬ ਅਤੇ ਹਰਿਆਣਾ ਵਿੱਚ ਸੁਰੱਖਿਆ ਦੇ ਸਖਤ ਪ੍ਰਬੰਧ ਕੀਤੇ ਗਏ ਸਨ।
ਪੱਤਰਕਾਰ ਦੀ ਹੱਤਿਆ ਦੇ ਮਾਮਲੇ ਵਿੱਚ ਪੰਚਕੂਲਾ ਦੀ ਵਿਸ਼ੇਸ਼ ਸੀਬੀਆਈ ਕੋਰਟ ਨੇ ਡੇਰਾ ਸਾਧ ਗੁਰਮੀਤ ਰਾਮ ਰਹੀਮ ਅਤੇ ਕ੍ਰਿਸ਼ਨ ਲਾਲ ਨੂੰ ਆਈਪੀਸੀ ਦੀ ਧਾਰਾ 120 ਬੀ (ਅਪਰਾਧਿਕ ਸਾਜਿਸ਼ ਰਚਣ) ਅਤੇ 302 ਦੇ ਤਹਿਤ ਦੋਸ਼ੀ ਕਰਾਰ ਦਿੱਤਾ, ਜਦੋਂ ਕਿ ਕੁਲਦੀਪ ਸਿੰਘ ਅਤੇ ਨਿਰਮਲ ਸਿੰਘ ਨੂੰ ਆਈਪੀਸੀ ਦੀ ਧਾਰਾ 302 (ਹੱਤਿਆ ਦੀ ਸਜ਼ਾ) ਅਤੇ 120 ਬੀ (ਅਪਰਾਧਿਕ ਸਾਜਿਸ਼) ਦਾ ਦੋਸ਼ੀ ਦੱਸਿਆ। ਨਿਰਮਲ ਸਿੰਘ ਨੂੰ ਆਰਮਸ ਐਕਟ 1959 ਦਟ ਸੈਕਸ਼ਨ 25 ਅਤੇ ਕ੍ਰਿਸ਼ਨ ਲਾਲ ਨੂੰ ਆਰਮਸ ਐਕਟ 1959 ਦੇ ਸੈਕਸ਼ਨ 29 ਦੇ ਤਹਿਤ ਵੀ ਦੋਸ਼ੀ ਕਰਾਰ ਦਿੱਤਾ ਗਿਆ ਹੈ।
ਰਾਮ ਰਹੀਮ ਇਸ ਸਮੇਂ ਸਾਧਣੀ ਰੇਪ ਦੇ ਕੇਸ ਵਿੱਚ ਜੇਲ੍ਹ ਵਿੱਚ 20 ਸਾਲ ਦੀ ਸਜ਼ਾ ਕਟ ਰਿਹਾ ਹੈ। ਇਹ ਸਜ਼ਾ ਉਸ ਨੂੰ 70 ਸਾਲ ਦੀ ਉਮਰ ਤੱਕ ਕਟਣੀ ਹੋਵੇਗੀ ਅਤੇ ਕੱਤਲ ਦੇ ਕੇਸ ਵਿੱਚ ਮਿਲੀ ਉਮਰ ਕੈਦ ਦੀ ਸਜ਼ਾ ਪਹਿਲੀ ਸਜ਼ਾ ਸਮਾਪਤ ਹੋਣ ਦੇ ਬਾਅਦ ਹੀ ਸ਼ੁਰੂ ਹੋਵੇਗੀ। ਸੌਦਾ ਸਾਧ ਨੂੰ ਇਹ ਸਜ਼ਾ ਵੀ ਮਾਣਯੋਗ ਜੱਜ ਜਗਦੀਪ ਸਿੰਘ ਨੇ ਵੀਰਵਾਰ ਨੂੰ ਸ਼ਾਮ 6.25 ਵਜੇ ਦੇ ਕਰੀਬ ਸੁਣਾਈ।
ਪੱਤਰਕਾਰ ਦੇ ਪ੍ਰੀਵਾਰ ਨੂੰ 16 ਸਾਲ ਬਾਅਦ ਇਨਸਾਫ਼ ਮਿਲਿਆ ਹੈ। ਇਸ ਸੰਘਰਸ਼ ਦੌਰਾਨ ਇਸ ਪ੍ਰੀਵਾਰ ਨੂੰ ਨਾ ਜਾਣੇ ਕਿੰਨੀਆਂ ਮੁਸੀਬਤਾਂ ਦਾ ਸਾਹਮਣਾ ਕਰਨਾ ਪਿਆ ਹੈ। ਡੇਰੇ ਵੱਲੋਂ ਉਨ੍ਹਾਂ ਨੂੰ ਆਪਣੀ ਪਹੁੰਚ ਅਤੇ ਪਾਵਰ ਦੀਆਂ ਧਮਕੀਆਂ ਅਕਸਰ ਹੀ ਮਿਲਦੀਆਂ ਰਹਿੰਦੀਆਂ ਸਨ।ਛੱਤਰਪਤੀ ਦੇ ਪਰਿਵਾਰ ਤੇ ਲੋਕਾਂ ਵੱਲੋਂ ਇਹ ਦਬਾਅ ਪਾਇਆ ਜਾਂਦਾ ਸੀ ਕਿ ਡੇਰੇ ਦੇ ਸਾਧ ਨਾਲ ਸਮਝੌਤਾ ਕਰ ਲਵੋ, ਕਿੳਂਕਿ ਸ਼ਾਸਨ-ਪ੍ਰਸ਼ਾਸਨ ਤਾਂ ਸਾਧ ਦੀ ਜੇਬ ਵਿੱਚ ਸੀ।