ਲੁਧਿਆਣਾ : ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਵਿਖੇ ਅੱਜ ਉ¤ਘੇ ਰੰਗਕਰਮੀ ਡਾ. ਆਤਮਜੀਤ ਤੇ ਪਰਿਵਾਰ ਵਲੋਂ ਆਪਣੀ ਮਾਤਾ ਪਰਤਾਪ ਕੌਰ ਅਤੇ ਪਿਤਾ ਪ੍ਰਿੰ. ਸ. ਸ. ਅਮੋਲ ਦੀ ਯਾਦ ਵਿਚ ਇਕ ਪੁਰਸਕਾਰ ਸਥਾਪਿਤ ਕੀਤਾ ਹੈ। ਇਹ ਪੁਰਸਕਾਰ ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਰਾਹੀਂ ਪੰਜਾਬੀ ਦੇ ਸਰਬੋਤਮ ਸਾਹਿਤਕਾਰ ਨੂੰ ਪ੍ਰਦਾਨ ਕੀਤਾ ਜਾਇਆ ਕਰੇਗਾ ਭਾਵੇਂ ਉਹ ਕਿਸੇ ਵੀ ਸਿਨਫ਼ ਵਿਚ ਲਿਖਦਾ ਹੋਵੇ। ਇਹ ਪੁਰਸਕਾਰ ਇਕਵੰਜਾ ਹਜ਼ਾਰ ਰੁਪਏ ਦੀ ਰਾਸ਼ੀ ਦਾ ਹੋਵੇਗਾ ਜਿਸ ਵਿਚ ਰਾਸ਼ੀ ਤੋਂ ਬਿਨਾਂ ਪ੍ਰਸੰਸਾ ਪੱਤਰ, ਦੋਸ਼ਾਲਾ ਤੇ ਸਨਮਾਨ ਚਿੰਨ੍ਹ ਭੇਟ ਕੀਤਾ ਜਾਇਆ ਕਰੇਗਾ। ਇਹ ਐਵਾਰਡ 2019 ਤੋਂ ਸ਼ੁਰੂ ਕੀਤਾ ਜਾ ਰਿਹਾ ਹੈ ਅਤੇ ਹਰ ਦੋ ਸਾਲਾਂ ਬਾਅਦ ਦਿੱਤਾ ਜਾਵੇਗਾ। ਇਸ ਮਕਸਦ ਲਈ ਡਾ. ਆਤਮਜੀਤ ਹੋਰਾਂ ਵਲੋਂ ਪੰਜ ਲੱਖ ਰੁਪਏ ਦਾ ਚੈ¤ਕ ਅੱਜ ਉਨ੍ਹਾਂ ਅਕਾਡਮੀ ਦੇ ਪ੍ਰਧਾਨ ਪ੍ਰੋ. ਰਵਿੰਦਰ ਸਿੰਘ ਭੱਠਲ ਨੂੰ ਭੇਟ ਕੀਤਾ। ਚੈ¤ਕ ਦੇ ਨਾਲ ਹੀ ਉਨ੍ਹਾਂ ਇਨਾਮ ਸੰਬੰਧੀ ਆਪਣੇ ਕੁਝ ਸੁਝਾਅ ਵੀ ਲਿਖਤੀ ਰੂਪ ਵਿਚ ਦਿੱਤੇ। ਇਸ ਮੌਕੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਸਾਬਕਾ ਵਾਈਸ ਚਾਂਸਲਰ ਡਾ. ਸ. ਪ. ਸਿੰਘ ਨੇ ਪ੍ਰਿੰ. ਸ. ਸ. ਅਮੋਲ ਦੀਆਂ ਸਾਹਿਤਕ ਪ੍ਰਾਪਤੀਆਂ ਬਾਰੇ ਜਾਣਕਾਰੀ ਦਿੱਤੀ। ਡਾ. ਆਤਮਜੀਤ ਨੇ ਕਿਹਾ ਕਿ ਮੈਂ ਅੱਜ ਰਿਣ ਮੁਕਤ ਹੋਇਆ ਮਹਿਸੂਸ ਕਰਦਾ ਹਾਂ ਕਿ ਆਪਣੇ ਮਾਤਾ ਪਿਤਾ ਜੀ ਦੀ ਦੇਣ ਉਨ੍ਹਾਂ ਦੇ ਆਪਣੇ ਜੀਵਨ ਅਤੇ ਪੰਜਾਬੀ ਸਾਹਿਤ ਪ੍ਰਤੀ ਬੜੀ ਮੁੱਲਵਾਨ ਹੈ। ਇਸ ਮੌਕੇ ਅਕਾਡਮੀ ਦੇ ਸਾਬਕਾ ਪ੍ਰਧਾਨ ਪ੍ਰੋ. ਗੁਰਭਜਨ ਸਿੰਘ ਗਿੱਲ ਨੇ ਡਾ. ਆਤਮਜੀਤ ਦੇ ਇਸ ਉਦਮ ਦੀ ਸ਼ਲਾਘਾ ਕੀਤੀ। ਪ੍ਰੋ. ਰਵਿੰਦਰ ਭੱਠਲ ਨੇ ਡਾ. ਆਤਮਜੀਤ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਇਕ ਉੱਚ ਕੋਟੀ ਦੇ ਨਾਟਕਕਾਰ ਅਤੇ ਨਾਟਕ ਨਿਰਦੇਸ਼ਕ ਹਨ। ਇਸ ਪੁਰਸਕਾਰ ਦੀ ਸਥਾਪਨਾ ਨਾਲ ਉਨ੍ਹਾਂ ਦਾ ਆਪਦੇ ਮਾਪਿਆਂ ਪ੍ਰਤੀ ਸਤਿਕਾਰ ਪ੍ਰਗਟ ਹੁੰਦਾ ਹੈ। ਇਸ ਮੌਕੇ ਅਕਾਡਮੀ ਦੇ ਜਨਰਲ ਸਕੱਤਰ ਡਾ. ਸੁਰਜੀਤ ਸਿੰਘ, ਸੀਨੀਅਰ ਮੀਤ ਪ੍ਰਧਾਨ ਸ੍ਰੀ ਸੁਰਿੰਦਰ ਕੈਲੇ, ਡਾ. ਤੇਜਵੰਤ ਸਿੰਘ ਮਾਨ, ਡਾ. ਗੁਰਇਕਬਾਲ ਸਿੰਘ, ਡਾ. ਜਗਵਿੰਦਰ ਜੋਧਾ, ਡਾ. ਗੁਲਜ਼ਾਰ ਸਿੰਘ ਪੰਧੇਰ, ਮਨਜਿੰਦਰ ਸਿੰਘ ਧਨੋਆ, ਪ੍ਰਿੰ. ਪ੍ਰੇਮ ਸਿੰਘ ਬਜਾਜ, ਖੁਸ਼ਵੰਤ ਬਰਗਾੜੀ, ਸਹਿਜਪ੍ਰੀਤ ਸਿੰਘ ਮਾਂਗਟ, ਭੁਪਿੰਦਰ ਸੰਧੂ, ਜਸਵੀਰ ਝੱਜ, ਤ੍ਰੈਲੋਚਨ ਲੋਚੀ, ਭਗਵੰਤ ਰਸੂਲਪੁਰੀ, ਗੁਲਜ਼ਾਰ ਸਿੰਘ ਸ਼ੌਂਕੀ ਸਮੇਤ ਕਾਫ਼ੀ ਗਿਣਤੀ ਵਿਚ ਲੇਖਕ ਹਾਜ਼ਰ ਸਨ।