ਲੁਧਿਆਣਾ – ਲੁਧਿਆਣਾ ਕਾਲਜ ਆਫ਼ ਇੰਜੀਨੀਅਰਿੰਗ ਅਤੇ ਟੈਕਨੌਲੋਜੀ, ਕਟਾਂਣੀ ਕਲਾਂ ਵਿਚ ਮਹਿਲਾਵਾਂ ਖ਼ਿਲਾਫ਼ ਵੱਧ ਰਹੇ ਰੁਝਾਨ ਅਤੇ ਉਨ੍ਹਾਂ ਦੀ ਰਾਖਿਆਂ ਵਿਸ਼ੇ ਸੈਮੀਨਾਰ ਦਾ ਆਯੋਜਨ ਕੀਤਾ ਗਿਆ। ਜਿਸ ਵਿਚ ਐਲ ਸੀ ਈ ਟੀ ਗਰੁੱਪ ਦੀਆਂ ਵਿਦਿਆਰਥਣਾਂ ਸਮੇਤ ਆਸ ਪਾਸ ਦੇ ਸਕੂਲਾਂ ਦੀਆਂ ਵਿਦਿਆਰਥਣਾਂ ਨੇ ਖ਼ਾਸ ਤੌਰ ਤੇ ਹਿੱਸਾ ਲੈਦੇ ਹੋਏ ਸਬੰਧਿਤ ਵਿਸ਼ੇ ਤੇ ਅਹਿਮ ਜਾਣਕਾਰੀ ਹਾਸਿਲ ਕੀਤੀ।ਇਸ ਸੈਮੀਨਾਰ ਵਿਚ ਉਦਯੋਗਿਕ ਸੁਰੱਖਿਆ ਵਿਭਾਗ ਬੱਚਿਆਂ ਅਤੇ ਔਰਤਾਂ ਦੀ ਸੁਰੱਖਿਆ ਵਿੰਗ ਦੇ ਅਤੇ ਇੰਚਾਰਜ ਅਤੇ ਏ ਡੀ ਸੀ ਪੀ ਕੁਲਦੀਪ ਸ਼ਰਮਾ ਨੇ ਖ਼ਾਸ ਤੌਰ ਤੇ ਸ਼ਿਰਕਤ ਕਰਦੇ ਹੋਏ ਵਿਦਿਆਰਥਣਾਂ ਨਾਲ ਅਹਿਮ ਨੁਕਤੇ ਸਾਂਝੇ ਕੀਤੇ।
ਕੁਲਦੀਪ ਸ਼ਰਮਾ ਨੇ ਹਾਜ਼ਰ ਮਹਿਮਾਨਾਂ ਨਾਲ ਭਾਰਤ ਵਿਚ ਔਰਤਾਂ ਖ਼ਿਲਾਫ਼ ਅਪਰਾਧ ਪਿੱਛੇ ਆਰਥਿਕ, ਸਮਾਜਿਕ ਅਤੇ ਰਾਜਨੀਤਿਕ ਕਾਰਨਾਂ ਅਤੇ ਉਸ ਦੇ ਤਰੀਕਿਆਂ ਸਬੰਧੀ ਜਾਣਕਾਰੀ ਸਾਂਝੀ ਕੀਤੀ। ਇਸ ਦੇ ਨਾਲ ਹੀ ਉਨ੍ਹਾਂ ਹਾਜ਼ਰ ਲੜਕੀਆਂ ਅਤੇ ਔਰਤਾਂ ਨੂੰ ਉਨ੍ਹਾਂ ਦੇ ਹੱਕਾਂ ਅਤੇ ਕਾਨੂੰਨ ਸਬੰਧੀ ਵੀ ਜਾਣਕਾਰੀ ਦਿਤੀ।
ਇਸ ਮੌਕੇ ਤੇ ਐਲ ਸੀ ਈ ਟੀ ਦੇ ਪ੍ਰਿੰਸੀਪਲ ਡਾ. ਜਤਿੰਦਰ ਗਿੱਲ ਨੇ ਮਰਦਾਂ ਅਤੇ ਔਰਤਾਂ ਦੀ ਸਮਾਨਤਾ ਦੀ ਗੱਲ ਕਰਦੇ ਹੋਏ ਕਿਹਾ ਕਿ ਬੇਸ਼ੱਕ ਦੋਹਾਂ ਦੇ ਸਮਾਜਿਕ ਅਤੇ ਕਾਨੂੰਨੀ ਹੱਕ ਇਕੋ ਜਿਹੇ ਹਨ। ਪਰ ਫਿਰ ਵੀ ਸਮਾਜ ਵਿਚ ਕੁੱਝ ਲੋਕਾਂ ਦੀ ਸੌੜੀ ਸੋਚ ਨੂੰ ਬਦਲਣ ਲੋੜੀਦੇ ਕਦਮ ਚੁੱਕਣੇ ਚਾਹੀਦੇ ਹਨ।
ਐਲ ਸੀ ਈ ਟੀ ਦੇ ਚੇਅਰਮੈਨ ਵਿਜੇ ਗੁਪਤਾ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਬੇਸ਼ੱਕ ਗੁਰੁ ਨਾਨਕ ਦੇਵ ਜੀ ਨੇ ਅੱਜ ਤੋਂ 500 ਸੌਂ ਸਾਲ ਪਹਿਲਾਂ ਹੀ ਕਹਿ ਦਿਤਾ ਸੀ ਕਿ ‘ਸੋ ਕਿਉਂ ਮੰਦਾ ਆਖੀਏ, ਜਿਨ ਜੰਮੇ ਰਾਜਾਨ’।ਇਸ ਲਈ ਸਾਨੂੰ ਸਭ ਨੂੰ ਔਰਤਾਂ ਦੀ ਇੱਜ਼ਤ ਕਰਨੀ ਚਾਹੀਦੀ ਹੈ। ਇਸ ਦੀ ਸ਼ੁਰੂਆਤ ਘਰਾਂ ਅਤੇ ਵਿੱਦਿਅਕ ਅਦਾਰਿਆਂ ਤੋ ਕੀਤੀ ਜਾਣੀ ਚਾਹੀਦੀ ਹੈ। ਤਾਂ ਕਿ ਹਰ ਬੱਚਾ ਅੱਗੇ ਜਾ ਕੇ ਬਿਹਤਰੀਨ ਨਾਗਰਿਕ ਬਣ ਸਕੇ। ਇਸ ਮੌਕੇ ਤੇ ਹਾਜ਼ਰ ਵਿਦਿਆਰਥਣਾਂ ਵੱਲੋਂ ਵੀ ਆਪਣੇ ਹੱਕਾਂ ਸਬੰਧੀ ਕਈ ਸਵਾਲ ਪੁੱਛੇ ਗਏ ਜਿਨ੍ਹਾਂ ਦਾ ਜਵਾਬ ਮਾਹਿਰਾਂ ਵੱਲੋਂ ਮੌਕੇ ਤੇ ਦਿਤਾ ਗਿਆ।