ਕੈਲਗਰੀ: ਕੈਲਗਰੀ ਵੂਮੈਨ ਕਲਚਰਲ ਐਸੋਸੀਏਸ਼ਨ ਦੀ ਜਨਵਰੀ ਮਹੀਨੇ ਦੀ ਮੀਟਿੰਗ, ਇਸ ਮਹੀਨੇ ਦੇ ਤੀਜੇ ਸ਼ਨੀਵਾਰ, ਜੈਂਸਿਸ ਸੈਂਟਰ ਵਿਖੇ, ਕੜਾਕੇ ਦੀ ਸਰਦੀ ਵਿੱਚ ਪੁੱਜੇ, 40 ਕੁ ਮੈਂਬਰਾਂ ਦੀ ਭਰਵੀਂ ਹਾਜ਼ਰੀ ਵਿੱਚ, ਡਾ. ਬਲਵਿੰਦਰ ਕੌਰ ਬਰਾੜ ਦੀ ਪ੍ਰਧਾਨਗੀ ਹੇਠ ਹੋਈ। ਸਭਾ ਦੀ ਜਨਰਲ ਸਕੱਤਰ, ਗੁਰਦੀਸ਼ ਕੌਰ ਗਰੇਵਾਲ ਨੇ ਨਵੇਂ ਸਾਲ ਦੀਆਂ ਵਧਾਈਆਂ ਦੇ ਨਾਲ, ਇਸ ਮਹੀਨੇ ਆਏ ਨਵੇਂ ਮੈਂਬਰਾਂ- ਸਰੋਜ ਬਜਾਜ, ਰਮਨ ਸ਼ਰਮਾ ਤੇ ਸੁਖਜਿੰਦਰ ਸੰਧੂ ਨੂੰ ‘ਜੀ ਆਇਆਂ’ ਕਿਹਾ। ਕੁਲਵੰਤ ਕੌਰ ਜੱਸਲ ਦੀ ਭਰਜਾਈ ਦੀ ਮੌਤ ਤੇ ਸਭਾ ਵਲੋਂ ਦੁੱਖ ਪ੍ਰਗਟ ਕੀਤਾ ਗਿਆ। ਸਰਬਜੀਤ ਉੱਪਲ ਦੇ ਗੋਡੇ ਦੀ ਸਰਜਰੀ ਦੀ ਸਫਲਤਾ ਤੇ ਰਿਕਵਰੀ ਤੇ ਵਧਾਈ ਦਿੱਤੀ ਗਈ। ਉਹਨਾਂ ਇਹ ਵੀ ਦੱਸਿਆ ਕਿ- ‘ਅੱਜ ਆਪਾਂ ਨਵੇਂ ਸਾਲ ਦੇ ਨਾਲ ਨਾਲ, ਹਰਜੀਤ ਜੌਹਲ ਦੇ ਪੋਤੇ, ਬਲਜੀਤ ਕੜਵਲ ਦੇ ਪੋਤੇ ਅਤੇ ਮੇਰੀ ਪੋਤੀ ਦੀ ਲੋਹੜੀ ਵੀ ਮਨਾ ਰਹੇ ਹਾਂ’। ਭਰਪੂਰ ਤਾੜੀਆਂ ਨਾਲ ਸਭ ਨੇ, ਦਾਦੀਆਂ ਨੂੰ ਮੁਬਾਰਕਾਂ ਦਿੱਤੀਆਂ। ਬਰਾੜ ਮੈਡਮ ਨੇ ਆਪਣੇ ਪ੍ਰਧਾਨਗੀ ਭਾਸ਼ਣ ਵਿੱਚ ਕਿਹਾ ਕਿ ਹਰ ਕੰਮ ਵਿੱਚ- ਕਾਇਦਾ, ਵਾਇਦਾ ਤੇ ਫਾਇਦਾ- ਅਕਸਰ ਇਹਨਾਂ ਤਿੰਨਾਂ ਬਾਰੇ ਸੋਚਿਆ ਜਾਂਦਾ ਹੈ। ਪਰ ਅਜੋਕੇ ਸਮੇਂ ਵਿੱਚ ਅਸੀਂ ਕੇਵਲ ‘ਫਾਇਦਾ’ ਹੀ ਸੋਚਦੇ ਹਾਂ- ਕਾਇਦਾ ਤੇ ਵਾਇਦਾ ਭੁੱਲ ਗਏ ਹਾਂ। ਉਹਨਾਂ ਨੇ ਸਭਾ ਦੀ ਸਫਲਤਾ ਦੇ ਤਿੰਨ ਸਾਲ ਪੂਰੇ ਹੋਣ ਤੇ ਸਭ ਨੂੰ ਵਧਾਈ ਦਿੱਤੀ। ਮੈਂਬਰ ਬਲਜਿੰਦਰ ਗਿੱਲ ਤੇ ਗੁਰਦੀਸ਼ ਕੌਰ ਗਰੇਵਾਲ ਦੀ ਮਦਦ ਨਾਲ, ਸਮੂਹ ਮੈਂਬਰਾਂ ਨੂੰ ਡਾਇਰੀਆਂ ਅਤੇ ਪੈੱਨ ਵੀ, ਨਵੇਂ ਸਾਲ ਦੇ ਤੋਹਫੇ ਵਜੋਂ ਵੰਡੇ ਗਏ। ਬਲਜਿੰਦਰ ਗਿੱਲ ਮੈਡਮ ਦੇ ਨਿਮਰਤਾ ਤੇ ਸੇਵਾ ਭਾਵ ਵਾਲੇ ਸੁਭਾਅ ਦੀ ਵੀ ਸ਼ਲਾਘਾ ਕੀਤੀ ਗਈ।
ਲੋਹੜੀ ਦਾ ਪਿਛੋਕੜ ਦੱਸਦਿਆਂ, ਗੁਰਦੀਸ਼ ਗਰੇਵਾਲ ਨੇ ਕਿਹਾ ਕਿ-‘ਔਰਤ ਨੂੰ, ਲੜਕੇ ਜਾਂ ਲੜਕੀ ਦੇ ਜਨਮ ਲਈ ਜ਼ਿੰਮੇਵਾਰ ਨਹੀਂ ਠਹਿਰਾਇਆ ਜਾ ਸਕਦਾ’। ਉਸ ਨੇ ਵਿਗਿਆਨਕ ਢੰਗ ਨਾਲ ਆਪਣਾ ਨੁਕਤਾ ਸਪੱਸ਼ਟ ਕਰਦਿਆਂ ਕਿਹਾ ਕਿ-‘ਲੜਕਾ ਪੈਦਾ ਕਰਨ ਦੀ ਤਾਕਤ ਕੇਵਲ ਮਰਦ ਕੋਲ ਹੈ- ਪਰ ਹੈ ਉਹ ਵੀ ਕੁਦਰਤ ਦੇ ਹੱਥ’। ਸੋ ਕਦੇ ਵੀ ਆਪਣੀ ਨੂੰਹ ਧੀ ਨੂੰ ਇਹ ਮਿਹਣਾ ਨਾ ਮਾਰੋ ਕਿ-‘ਸਾਨੂੰ ਮੁੰਡਾ ਚਾਹੀਦਾ ਸੀ, ਤੇਰੇ ਫਿਰ ਕੁੜੀ ਹੋ ਗਈ!’ ਹਰ ਬੱਚੇ ਨੂੰ ਕੁਦਰਤ ਦਾ ਅਨਮੋਲ ਤੋਹਫਾ ਸਮਝ ਕੇ, ਉਸ ਦਾ ਸਵਾਗਤ ਕਰੋ। ਇਸ ਗੱਲ ਤੇ ਵੀ ਖੁਲ੍ਹੀ ਬਹਿਸ ਹੋਈ ਕਿ- ਇਸ ਮੁਲਕ ਵਿੱਚ ਤਾਂ ਮੁੰਡੇ ਵੀ ਮਾਪਿਆਂ ਨਾਲ ਰਹਿਣ ਨੂੰ ਤਿਆਰ ਨਹੀਂ..ਫਿਰ ਮੁੰਡਿਆਂ ਦੀ ਲਾਲਸਾ ਕਿਉਂ? ਸਗੋਂ ਬਹੁਤੇ ਮਾਪੇ ਕੁੜੀਆਂ ਨੇ ਹੀ ਮੰਗਾਏ ਹਨ ਤੇ ਕੁੜੀਆਂ ਕੋਲ ਹੀ ਰਹਿ ਰਹੇ ਹਨ। ਹਰਜੀਤ ਜੌਹਲ ਨੇ ਵੀ ਉਸਾਰੂ ਵਿਚਾਰ ਦਿੰਦਿਆਂ ਕਿਹਾ ਕਿ- ਵਿਆਹ ਸ਼ਾਦੀਆਂ ਦੇ ਵਧੇ ਹੋਏ ਖਰਚੇ ਕਾਰਨ ਲੋਕ ਧੀਆਂ ਨੂੰ ਬੋਝ ਸਮਝਣ ਲਗ ਪਏ ਹਨ- ਜਿਹਨਾਂ ਨੂੰ ਘਟਾਉਣ ਦੀ ਲੋੜ ਹੈ। ਸਰਬਜੀਤ ਉੱਪਲ ਨੇ ਵੀ ਇੱਕ ਗੀਤ-‘ਜੇ ਧੀਆਂ ਨਾ ਹੁੰਦੀਆਂ, ਪੁੱਤਰ ਕਿੱਥੋਂ ਆਉਣੇ ਸੀ’ ਸੁਣਾ ਕੇ, ਇਸ ਵਿਚਾਰ ਦੀ ਪ੍ਰੋੜਤਾ ਕੀਤੀ।
ਗੁਰਦੀਸ਼ ਕੌਰ ਗਰੇਵਾਲ ਨੇ ਕਿਹਾ ਕਿ ਇਸ ਸੰਸਥਾ ਦਾ ਅਸਲ ਮਨੋਰਥ ਆਪਣੇ ਮੈਂਬਰਾਂ ਨੂੰ ਜਾਗਰੂਕ ਕਰਨਾ ਹੈ। ਇਸੇ ਸਬੰਧ ਵਿੱਚ, ਇਸ ਵਾਰੀ ਡਿਸਪੋਸੇਬਲ ਬਰਤਨਾਂ ਤੇ ਪਲਾਸਟਿਕ ਦੇ ਕੰਨਟੇਨਰ ਤੇ ਬੈਗ ਦੇ ਨੁਕਸਾਨ ਦੱਸ ਕੇ, ਇਹਨਾਂ ਦੀ ਵਰਤੋਂ ਘਟਾਉਣ ਤੇ ਜ਼ੋਰ ਦਿੱਤਾ ਗਿਆ। ਕਿਉਂਕਿ ਪਲਾਸਟਿਕ ਤਰਲ ਪਦਾਰਥਾਂ ਵਿੱਚ ਘੁਲ ਜਾਂਦਾ ਹੈ ਜੋ ਕਿ ਸੇਹਤ ਲਈ ਬੇਹੱਦ ਨੁਕਸਾਨਦੇਹ ਹੈ- ਇਸੇ ਕਾਰਨ ਅਚਾਰ ਚਟਨੀਆਂ ਆਦਿ ਨੂੰ ਪਲਾਸਟਿਕ ਦੇ ਬਰਤਨਾਂ ‘ਚੋਂ ਜਲਦੀ ਹੀ ਕੱਚ ਦੇ ਬਰਤਨ ਵਿੱਚ ਸ਼ਿਫਟ ਕਰ ਲੈਣਾ ਚਾਹੀਦਾ ਹੈ। ਡਿਸਪੋਸੇਬਲ ਬੋਤਲਾਂ ਵਿੱਚ ਪਾਣੀ ਪੀਣ ਤੋਂ ਪਰਹੇਜ਼ ਕਰਨ ਤੋਂ ਇਲਾਵਾ, ਗਰਮ ਖਾਣਾ ਕਦੇ ਵੀ ਜਿਪ ਲੌਕ ਜਾਂ ਪਸਾਸਟਿਕ ਦੇ ਬਰਤਨ ਵਿੱਚ ਨਾ ਪੈਕ ਕਰਨ ਦੀ ਸਲਾਹ ਦਿੱਤੀ ਗਈ। ਇਸ ਮੀਟਿੰਗ ਵਿੱਚ ਯੂਨਾਈਟਿਡ ਵੇਅ ਤੋਂ ਉਚੇਚੇ ਤੌਰ ਤੇ ਪਹੁੰਚੇ, ਮੈਡਮ ਲਲਿਤਾ ਜੀ ਨੇ ‘ਇੰਟਰਨੈਸ਼ਨਲ ਵੂਮੈਨ ਮਾਰਚ ਡੇ’ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ- ‘ਅਜੇ ਵੀ ਇੱਕੋ ਜਿਹੇ ਕੰਮ ਲਈ ਔਰਤਾਂ ਨੂੰ ਮਰਦਾਂ ਦੇ ਬਰਾਬਰ ਵੇਤਨ ਨਹੀਂ ਮਿਲਦਾ, ਜਿਸ ਲਈ ਅਜੇ ਜੱਦੋ ਜਹਿਦ ਜਾਰੀ ਹੈ’। ਉਹਨਾਂ ਅੱਜ ਦੇ ਦਿਨ ਕੈਲਗਰੀ ਵਿਖੇ ਔਰਤਾਂ ਵਲੋਂ ਕੀਤੇ ਜਾ ਰਹੇ ਮਾਰਚ ਬਾਰੇ ਵੀ ਜਾਣੂੰ ਕਰਵਾਇਆ। ਸਭ ਮੈਂਬਰਾਂ ਨੇ ਔਰਤਾਂ ਦੇ ਇਸ ਹੱਕ ਦੀ ਹਿਮਾਇਤ ਕੀਤੀ।
ਰਚਨਾਵਾਂ ਦੇ ਦੌਰ ਵਿੱਚ- ਸਰੋਜ ਬਜਾਜ ਨੇ ਇਥੋਂ ਦੇ ਵਧੀਆ ਅਸੂਲਾਂ ਦੀ ਗੱਲ ਕੀਤੀ, ਰਮਨ ਸ਼ਰਮਾ ਨੇ ਆਪਣੀ ਜਾਣਕਾਰੀ ਦਿੰਦਿਆਂ ਦੱਸਿਆ ਕਿ- ਉਹ ਢੁੱਡੀਕੇ ਪਿੰਡ ਤੋਂ ਮੈਡਮ ਬਲਜਿੰਦਰ ਗਿੱਲ ਦੇ ਗੁਆਂਢੀ ਹਨ ਤੇ ਪਿਛਲੇ 30 ਸਾਲਾਂ ਤੋਂ ਕੈਨੇਡਾ ਦੀ ਧਰਤੀ ਦੇ ਵਸਨੀਕ ਹਨ। ਹਰਮਿੰਦਰ ਕੌਰ ਨੇ ਬਹੁਤ ਹੀ ਭਾਵਪੂਰਤ ਸ਼ਬਦਾਂ ਰਾਹੀਂ, ਗੁਰੂ ਗੋਬਿੰਦ ਸਿੰਘ ਜੀ ਦੇ ਉੱਚੇ ਸੁੱਚੇ ਆਦਰਸ਼ਾਂ ਤੇ ਝਾਤ ਪੁਆਉਂਦਿਆਂ, ਇੱਕ ਸ਼ਬਦ ਨਾਲ ਉਹਨਾਂ ਨੂੰ ਸਜਦਾ ਕੀਤਾ। ਡਾ. ਰਾਜਵੰਤ ਮਾਨ ਨੇ ਨਵੇਂ ਸਾਲ ਤੇ ਲਿਖੀ ਹੋਈ ਅਪਣੀ ਕਵਿਤਾ ਪੜ੍ਹੀ, ਕੁਲਦੀਪ ਘਟੌੜਾ ਨੇ ਵੀ ਕਵਿਤਾ ਨਾਲ ਵਿਚਾਰ ਪ੍ਰਗਟ ਕੀਤੇ। ਅਮਰਜੀਤ ਗਰੇਵਾਲ ਤੇ ਸੁਰਿੰਦਰ ਬੈਨੀਪਾਲ ਨੇ ਵੀ ਕੁੱਝ ਮਹੱਤਵਪੂਰਨ ਨੁਕਤੇ ਸਾਂਝੇ ਕੀਤੇ। ਪ੍ਰਿੰਸੀਪਲ ਸੁਰਿੰਦਰ ਕੌਰ ਗਿੱਲ ਤੇ ਗੁਰਦੀਸ਼ ਗਰੇਵਾਲ ਨੇ ਨੌਕਰੀ ਦੌਰਾਨ ਵਾਪਰੀਆਂ ਰੌਚਕ ਘਟਨਾਵਾਂ ਸਾਂਝੀਆਂ ਕਰਕੇ, ਹਾਸ ਰਸ ਬਿਖੇਰ ਦਿੱਤਾ। ਕੁੱਝ ਅਰਸੇ ਬਾਅਦ ਆਈ ਨੌਜਵਾਨ ਮੈਂਬਰ ਡਾ. ਸਰਬਜੀਤ ਜਵੰਦਾ ਨੇ ਸਭਾ ਪ੍ਰਤੀ ਸ਼ੁਭ ਕਾਮਨਾਵਾਂ ਦਾ ਪ੍ਰਗਟਾਵਾ ਕਰਦੇ ਹੋਏ ਕਿਹਾ ਕਿ-‘ਅਸੀਂ ਦੁਆ ਕਰਦੇ ਹਾਂ ਕਿ ਮੈਡਮ ਬਰਾੜ ਦੀ ਰਹਿਨੁਮਾਈ ਵਿੱਚ, ਆਪ ਸਾਰਿਆਂ ਦੇ ਸਹਿਯੋਗ ਨਾਲ ਇਹ ਸਭਾ ਹੋਰ ਬੁਲੰਦੀਆਂ ਛੋਹੇ!’ ਗੁਰਦੀਸ਼ ਗਰੇਵਾਲ ਨੇ ਆਪਣੀ ਪੋਤੀ ਤੇ ਲਿਖੀ, ਸ਼ੁਕਰਾਨੇ ਦੀ ਕਵਿਤਾ ਨਾਲ ਸਾਂਝ ਪਾਉਣ ਉਪਰੰਤ, ਮਾਂ ਬੋਲੀ ਤੇ ਲਿਖੀ ਹੋਈ ਬੋਲੀ ਪਾਈ। ਜਤਿੰਦਰ ਪੇਲੀਆ ਤੇ ਹਰਬੰਸ ਪੇਲੀਆ ਕੁੜਮਣੀਆਂ ਨੇ, ਲੋਹੜੀ ਦਾ ਗੀਤ-‘ਸੁੰਦਰ ਮੁੰਦਰੀਏ..ਹੋ’ ਗਾ ਕੇ ਮਹੌਲ ਸੁਰਮਈ ਬਣਾ ਦਿੱਤਾ। ਜਦ ਕਿ ਅਮਰਜੀਤ ਸੱਗੂ, ਜੋਗਿੰਦਰ ਪੁਰਬਾ, ਮੁਖਤਿਆਰ ਢਿੱਲੋਂ, ਹਰਜੀਤ ਜੌਹਲ, ਲਲਿਤਾ ਸਿੰਘ ਨੇ ਬੋਲੀਆਂ ਨਾਲ ਪੱਬ ਚੁੱਕ ਕੇ, ਗਿੱਧੇ ਦਾ ਮਹੌਲ ਸਿਰਜ ਦਿੱਤਾ। ਬਾਕੀ ਭੈਣਾਂ ਨੇ ਵਧੀਆ ਸਰੋਤੇ ਹੋਣ ਦਾ ਸਬੂਤ ਦਿੱਤਾ।
ਅੰਤ ਵਿੱਚ ਬਰਾੜ ਮੈਡਮ ਨੇ ਸਭ ਦਾ ਧੰਨਵਾਦ ਕੀਤਾ। ਬਰੇਕ ਦੌਰਾਨ ਸਭ ਨੇ, ਨਵੇਂ ਜਨਮੇ ਬੱਚਿਆਂ ਦੀਆਂ ਦਾਦੀਆਂ ਵਲੋਂ ਵੰਡੇ ਗਏ ਲੱਡੂ ਤੇ ਮੂੰਗਫਲੀ- ਰਿਉੜੀਆਂ ਦਾ ਚਾਹ ਨਾਲ ਅਨੰਦ ਮਾਣਿਆਂ। ਤਰਨਜੀਤ ਪਰਮਾਰ ਨੇ ਵੀ ਆਪਣੀ ਬੇਟੀ ਦੇ ਏਅਰ ਫੋਰਸ ਦੀ ਟਰੇਨਿੰਗ ਲਈ ਸਿਲੈਕਸ਼ਨ ਹੋਣ ਤੇ, ਬਰਫੀ ਨਾਲ ਭੈਣਾਂ ਦਾ ਮੂੰਹ ਮਿੱਠਾ ਕਰਵਾਇਆ। ਸਭਾ ਵਲੋਂ, ਬੱਚੀ ਲਈ ਸ਼ੁਭ ਇਛਾਵਾਂ ਦਾ ਇਜ਼ਹਾਰ ਕੀਤਾ ਗਿਆ। ਸੋ ਇਸ ਤਰ੍ਹਾਂ ਖੁਸ਼ਗਵਾਰ ਮਹੌਲ ਵਿੱਚ ਇਸ ਇਕੱਤਰਤਾ ਦੀ ਸਮਾਪਤੀ ਹੋਈ। ਵਧੇਰੇ ਜਾਣਕਾਰੀ ਲਈ- ਡਾ. ਬਲਵਿੰਦਰ ਕੌਰ ਬਰਾੜ 403-590- 9629, ਗੁਰਚਰਨ ਥਿੰਦ 403-402-9635 ਜਾਂ ਗੁਰਦੀਸ਼ ਕੌਰ ਗਰੇਵਾਲ ਨਾਲ 403-404-1450 ਤੇ ਸੰਪਰਕ ਕੀਤਾ ਜਾ ਸਕਦਾ ਹੈ।