ਫ਼ਤਹਿਗੜ੍ਹ ਸਾਹਿਬ – “ਹਿੰਦ ਦੇ ਵਿਧਾਨ ਦੀ ਧਾਰਾ 14 ਇਥੋਂ ਦੇ ਸਭ ਨਾਗਰਿਕਾਂ ਨੂੰ ਬਿਨ੍ਹਾਂ ਕਿਸੇ ਜਾਤ-ਪਾਤ, ਅਮੀਰ-ਗਰੀਬ, ਕੌਮਾਂ-ਵਰਗਾਂ ਅਤੇ ਫਿਰਕਿਆ ਦੀ ਵਲਗਣ ਤੋਂ ਰਹਿਤ ਰਹਿਕੇ ਹਰ ਖੇਤਰ ਵਿਚ ਬਰਾਬਰਤਾ ਦੇ ਅਧਿਕਾਰ ਪ੍ਰਦਾਨ ਕਰਦੀ ਹੈ, ਜਿਸਦੀ ਪਰਿਭਾਸ਼ਾ ਅਨੁਸਾਰ ਇਥੋਂ ਦੇ ਸਭ ਨਿਵਾਸੀ ਕਾਨੂੰਨ ਦੀ ਨਜ਼ਰ ਵਿਚ ਬਰਾਬਰ ਹਨ । ਪਰ ਦੁੱਖ ਅਤੇ ਅਫ਼ਸੋਸ ਹੈ ਕਿ ਜਦੋਂ ਵੀ ਇਥੋਂ ਦੇ ਸਿਆਸਤਦਾਨਾਂ, ਵਜ਼ੀਰਾਂ ਨੂੰ ਕੋਈ ਵੱਡੀਆਂ ਦੀਰਘ ਕੈਂਸਰ, ਬ੍ਰੇਨ ਹੈਮਰਜ਼, ਹਾਰਟਅਟੈਕ ਆਦਿ ਦੀ ਤਕਲੀਫ਼ ਹੁੰਦੀ ਹੈ, ਤਾਂ ਉਨ੍ਹਾਂ ਨੂੰ ਸਰਕਾਰੀ ਖ਼ਰਚਿਆ ਉਤੇ ਅਮਰੀਕਾ ਵਰਗੇ ਵੱਡੇ ਮੁਲਕ ਵਿਚ ਇਲਾਜ ਕਰਵਾਉਣ ਲਈ ਭੇਜਿਆ ਜਾਂਦਾ ਹੈ, ਜਿਵੇਂ ਸਰਦਾਰਨੀ ਸੁਰਿੰਦਰ ਕੌਰ ਬਾਦਲ, ਸ੍ਰੀ ਸੰਨੀ ਬਰਾੜ, ਸ. ਪ੍ਰਕਾਸ਼ ਸਿੰਘ ਬਾਦਲ, ਬੀਬੀ ਸੋਨੀਆਂ ਗਾਂਧੀ ਵੀ ਜਾਂਦੇ ਰਹੇ ਹਨ ਅਤੇ ਹੁਣ ਸ੍ਰੀ ਜੇਟਲੀ ਵੀ ਆਪਣੇ ਕੈਂਸਰ ਦੇ ਇਲਾਜ ਲਈ ਅਮਰੀਕਾ ਗਏ ਹਨ । ਜਦੋਂਕਿ ਹਜ਼ਾਰਾਂ ਦੀ ਗਿਣਤੀ ਵਿਚ ਰੋਜ਼ਾਨਾ ਹੀ ਉਹ ਗਰੀਬ ਤੇ ਮਜ਼ਬੂਰ ਪਰਿਵਾਰਾਂ ਨਾਲ ਸਬੰਧਤ ਲੋਕ ਜੋ ਇਨ੍ਹਾਂ ਵੱਡੀਆ ਕੈਂਸਰ ਵਰਗੀਆ ਵੱਡੀਆ ਬਿਮਾਰੀਆਂ ਦੇ ਇਲਾਜ ਦੇ ਲੱਖਾਂ ਰੁਪਇਆ ਦੇ ਖ਼ਰਚ ਸਹਿਣ ਕਰਨ ਦੀ ਸਮਰੱਥਾਂ ਨਹੀਂ ਰੱਖਦੇ, ਉਹ ਮੌਤ ਦੇ ਮੂੰਹ ਵਿਚ ਚਲੇ ਜਾਂਦੇ ਹਨ । ਜੋ ਸਿਆਸਤਦਾਨ ਤੇ ਵਜ਼ੀਰ ਸਰਕਾਰੀ ਖ਼ਰਚਿਆਂ ਤੇ ਬਾਹਰਲੇ ਮੁਲਕਾਂ ਵਿਚ ਇਲਾਜ ਕਰਵਾਉਣ ਲਈ ਜਾਂਦੇ ਹਨ ਜਾਂ ਭੇਜੇ ਜਾਂਦੇ ਹਨ, ਇਹ ਅਮਲ ਤਾਂ ਵਿਧਾਨ ਦੀ ਧਾਰਾ 14 ਦਾ ਜਿਥੇ ਘੋਰ ਉਲੰਘਣ ਕਰਨ ਦੇ ਤੁੱਲ ਅਮਲ ਹਨ, ਉਥੇ ਖੁਦ ਹੀ ਹੁਕਮਰਾਨ ਸਮਾਜ ਵਿਚ ਵੱਡਾ ਪਾੜਾ ਪੈਦਾ ਕਰਨ ਦੇ ਭਾਗੀ ਬਣਦੇ ਜਾ ਰਹੇ ਹਨ । ਜੇਕਰ ਇਹ ਸਿਆਸਤਦਾਨ ਸਰਕਾਰੀ ਖ਼ਰਚੇ ਤੇ ਬਾਹਰ ਜਾਂਦੇ ਹਨ ਤਾਂ ਆਮ ਗਰੀਬ ਪਰਿਵਾਰਾਂ ਨਾਲ ਸੰਬੰਧਤ ਮਰੀਜ਼ਾਂ ਨੂੰ ਵੀ ਅਜਿਹੇ ਇਲਾਜ ਕਰਵਾਉਣ ਲਈ ਬਾਹਰ ਭੇਜਣ ਦਾ ਸਰਕਾਰੀ ਤੌਰ ਤੇ ਪ੍ਰਬੰਧ ਹੋਣਾ ਬਣਦਾ ਹੈ । ਤਾਂ ਕਿ ਵਿਧਾਨ ਦੀ ਧਾਰਾ 14 ਦਾ ਅਮਲੀ ਰੂਪ ਵਿਚ ਪਾਲਣ ਹੋ ਸਕੇ । ਜੇਕਰ ਹੁਕਮਰਾਨ ਇਸ ਤਰ੍ਹਾਂ ਬਰਾਬਰਤਾ ਦੇ ਆਧਾਰ ਤੇ ਅਮਲ ਨਹੀਂ ਕਰਦੇ ਤਾਂ ਇਹ ਬਹੁਤ ਵੱਡਾ ਸਮਾਜਿਕ ਤੇ ਕਾਨੂੰਨੀ ਅਪਰਾਧ ਹੋਣ ਨੂੰ ਸਾਬਤ ਕਰਦਾ ਹੈ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਇਥੋਂ ਦੇ ਹੁਕਮਰਾਨਾਂ, ਸਿਆਸਤਦਾਨਾਂ ਅਤੇ ਵਜ਼ੀਰਾਂ ਵੱਲੋਂ ਵਿਧਾਨ ਦੀ ਧਾਰਾ 14 ਜੋ ਸਭਨਾਂ ਨੂੰ ਬਰਾਬਰਤਾ ਦੇ ਅਧਿਕਾਰ ਪ੍ਰਦਾਨ ਕਰਦੀ ਹੈ ਉਸਦਾ ਉਲੰਘਣ ਕਰਕੇ ਆਪਣੀਆ ਲੰਮੀਆਂ ਬਿਮਾਰੀਆ ਲਈ ਸਰਕਾਰੀ ਖ਼ਰਚਿਆ ਉਤੇ ਮਹਿਗੇ ਇਲਾਜ ਕਰਵਾਉਣ ਲਈ ਅਮਰੀਕਾ ਤੇ ਹੋਰ ਯੂਰਪਿੰਨ ਮੁਲਕਾਂ ਵਿਚ ਇਲਾਜ ਕਰਵਾਉਣ ਦੇ ਹੋ ਰਹੇ ਅਮਲਾਂ ਨੂੰ ਸਮਾਜ ਵਿਚ ਵੱਡੇ ਵਿਤਕਰੇ ਪੈਦਾ ਕਰਨ ਅਤੇ ਆਮ ਗਰੀਬ ਮਰੀਜਾਂ ਨਾਲ ਵੱਡਾ ਵਿਤਕਰਾ ਕਰਨ ਦੀ ਕਾਰਵਾਈ ਦੀ ਪੁਰਜੋਰ ਸ਼ਬਦਾਂ ਵਿਚ ਨਿਖੇਧੀ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਮੰਗ ਕੀਤੀ ਕਿ ਜਾਂ ਤਾਂ ਅਜਿਹਾ ਪ੍ਰਬੰਧ ਕੀਤਾ ਜਾਵੇ ਕਿ ਜਿਸ ਵੀ ਆਮ ਨਾਗਰਿਕ ਨੂੰ ਅਜਿਹੀ ਕੋਈ ਲੰਮੀ ਬਿਮਾਰੀ ਘੇਰਦੀ ਹੈ, ਉਸਦਾ ਇਲਾਜ ਵੀ ਅਮਰੀਕਾ ਵਰਗੇ ਮੁਲਕ ਵਿਚ ਹੋਵੇ ਜਾਂ ਫਿਰ ਸਿਆਸਤਦਾਨਾਂ ਨੂੰ ਕਾਨੂੰਨ ਦੀ ਉਲੰਘਣਾ ਕਰਕੇ ਦਿੱਤੀ ਜਾ ਰਹੀ ਇਹ ਵਖੇਰਵਾ ਪੈਦਾ ਕਰਨ ਵਾਲੀ ਸਹੂਲਤ ਨੂੰ ਬੰਦ ਕੀਤਾ ਜਾਵੇ । ਉਨ੍ਹਾਂ ਉਮੀਦ ਪ੍ਰਗਟ ਕੀਤੀ ਕਿ ਇਥੋਂ ਦੇ ਹੁਕਮਰਾਨ ਵਿਧਾਨ ਦੀ ਧਾਰਾ 14 ਨੂੰ ਅਮਲੀ ਰੂਪ ਵਿਚ ਲਾਗੂ ਕਰਕੇ ਅਮੀਰ-ਗਰੀਬ ਅਤੇ ਆਮ ਸ਼ਹਿਰੀਆਂ ਵਿਚ ਵੱਧਦੇ ਜਾ ਰਹੇ ਵੱਡੇ ਪਾੜੇ ਅਤੇ ਉਤਪੰਨ ਹੋਣ ਵਾਲੀ ਨਫ਼ਰਤ ਨੂੰ ਖ਼ਤਮ ਕਰਨ ਦੀ ਜਿੰਮੇਵਾਰੀ ਨਿਭਾਉਣਗੇ ।