ਨਵੀਂ ਦਿੱਲੀ- ਲੰਡਨ ਵਿੱਚ ਹਾਲ ਹੀ ਵਿੱਚ ਇੱਕ ਪ੍ਰੈਸ ਕਾਨਫਰੰਸ ਵਿੱਚ 2014 ਦੀਆਂ ਲੋਕਸਭਾ ਚੋਣਾਂ ਦੌਰਾਨ ਈਵੀਐਮ ਹੈਕ ਹੋਣ ਦੇ ਦਾਅਵਿਆਂ ਤੋਂ ਬਾਅਦ ਇਸ ਦੇ ਖਿਲਾਫ਼ ਫਿਰ ਆਵਾਜ਼ ਉਠ ਰਹੀ ਹੈ। ਕਈ ਰਾਜਨੀਤਕ ਦਲ ਤਾਂ ਫਿਰ ਤੋਂ ਬੈਲਟ ਪੇਪਰ ਦੁਆਰਾ ਚੋਣ ਕਰਵਾਉਣ ਦੀ ਮੰਗ ਕਰ ਰਹੇ ਹਨ। ਲੇਕਿਨ ਚੋਣ ਕਮਿਸ਼ਨ ਨੇ ਈਵੀਐਮ ਹੈਕਿੰਗ ਦੇ ਇਨ੍ਹਾਂ ਦਾਅਵਿਆਂ ਤੋਂ ਇਨਕਾਰ ਕੀਤਾ ਹੈ ਅਤੇ ਮੁੱਖ ਚੋਣ ਕਮਿਸ਼ਨਰ ਨੇ ਇਹ ਸਪੱਸ਼ਟ ਕਰ ਦਿੱਤਾ ਹੈ ਕਿ ਦੇਸ਼ ਵਿੱਚ ਚੋਣਾਂ ਬੈਲਟ ਪੇਪਰ ਰਾਹੀਂ ਨਹੀਂ ਹੋਣਗੀਆਂ।
ਈਵੀਐਮ ਦੇ ਹੈਕਿੰਗ ਵਿਵਾਦ ਤੇ ਚੋਣ ਕਮਿਸ਼ਨ ਨੇ ਇਹ ਸਪੱਸ਼ਟ ਕਰ ਦਿੱਤਾ ਹੈ ਕਿ ਚੋਣਾਂ ਵਿੱਚ ਈਵੀਐਮ ਅਤੇ ਵੀਵੀਪੈਟ ਦਾ ਇਸਤੇਮਾਲ ਜਾਰੀ ਰਹੇਗਾ। ਮੁੱਖ ਚੋਣ ਕਮਿਸ਼ਨਰ ਸੁਨੀਲ ਅਰੋੜਾ ਨੇ ਇਸ ਮਾਮਲੇ ਤੇ ਕਿਹਾ, ‘ਕਿਸੇ ਦੇ ਦਬਾਅ ਜਾਂ ਧਮਕੀਆਂ ਦੀ ਵਜ੍ਹਾ ਕਰਕੇ ਬੈਲਟ ਪੇਪਰ ਦੇ ਯੁਗ ਵਿੱਚ ਨਹੀਂ ਜਾਵਾਂਗੇ।’ ਉਨ੍ਹਾਂ ਨੇ ਇਹ ਵੀ ਕਿਹਾ ਕਿ ਈਵੀਐਮ ਅਤੇ ਵੀਵੀਪੈਟ ਸਬੰਧੀ ਰਾਜਨੀਤਕ ਦਲਾਂ ਸਮੇਤ ਹੋਰ ਲੋਕਾਂ ਦੇ ਲਈ ਆਲੋਚਨਾ ਕਰਨ ਅਤੇ ਫੀਡਬੈਕ ਦੇਣ ਦੇ ਰਸਤੇ ਖੁਲ੍ਹੇ ਹਨ।
ਸਈਅਦ ਸ਼ੁਜਾ ਨੇ ਦਾਅਵਾ ਕੀਤਾ ਹੈ ਕਿ 2014 ਦੀਆਂ ਲੋਕਸਭਾ ਚੋਣਾਂ ਵਿੱਚ ਘੱਪਲੇਬਾਜ਼ੀ ਹੋਈ ਸੀ। ਚੋਣ ਆਯੋਗ ਨੇ ਦਿੱਲੀ ਪੁਲਿਸ ਨੂੰ ਪੱਤਰ ਲਿਖ ਕੇ ਇਸ ਪੂਰੇ ਮਾਮਲੇ ਦੀ ਜਾਂਚ ਕਰਨ ਦੀ ਮੰਗ ਕੀਤੀ ਹੈ, ਜਿਸ ਤੇ ਸੰਸਦ ਮਾਰਗ ਪੁਲਿਸ ਸਟੇਸ਼ਨ ਵਿੱਚ ਐਫ਼ ਆਈ ਆਰ ਦਰਜ਼ ਕਰ ਲਈ ਹੈ।