ਅੰਮ੍ਰਿਤਸਰ – ਸ੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਸਾਬਕਾ ਉਪ ਮੁੱਖ ਮੰਤਰੀ ਸ: ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਕਾਂਗਰਸ ਵਲੋਂ ਸਿਆਸਤ ਵਿਚ ਪਿੰਯੰਕਾ ਗਾਂਧੀ ਨੂੰ ਅਗੇ ਕਰਨ ਨਾਲ ਇਹ ਗਲ ਤਾਂ ਸਾਫ ਹੋ ਗਈ ਹੈ ਕਿ ਕਾਂਗਰਸ ਨੂੰ ਰਾਹੁਲ ਗਾਂਧੀ ਦੀ ਲੀਡਰਸ਼ਿਪ ’ਤੇ ਭਰੋਸਾ ਨਹੀਂ ਰਿਹਾ। ਰਾਹੁਲ ਦੀ ਨਲਾਇਕੀ ਬਾਰੇ ਲੋਕ ਨੂੰ ਪਹਿਲਾਂ ਵੀ ਕੋਈ ਸ਼ਕ ਨਹੀਂ ਸੀ ਪਰ ਪ੍ਰਿਯੰਕਾ ਨੂੰ ਕਾਂਗਰਸ ਦੀ ਮੋਹਰਲੀ ਕਤਾਰ ’ਚ ਲਿਆ ਕੇ ਰਾਹੁਲ ’ਤੇ ’ਫੇਲ’ ਹੋਣ ਦੀ ਪੱਕੀ ਮੋਹਰ ਵੀ ਕਾਂਗਰਸ ਵਲੋਂ ਲਗਾ ਦਿਤੀ ਗਈ ਹੈ।
ਸ: ਸੁਖਬੀਰ ਸਿੰਘ ਬਾਦਲ ਅਜ ਅਮ੍ਰਿਤਸਰ ਹਲਕਾ ਦਖਣੀ ਵਿਖੇ ਯੂਥ ਆਗੂ ਸ: ਤਲਬੀਰ ਸਿੰਘ ਗਿੱਲ ਵਲੋਂ ਕਰਾਈ ਗਈ ਵਰਕਰ ਮੀਟਿੰਗ ਜੋ ਕਿ ਵਰਕਰਾਂ ਦਾ ਠਾਠਾਂ ਮਾਰਦਾ ਜ਼ੋਸ਼ ਭਰਪੂਰ ਇਕਠ ਸੀ ਨੂੰ ਸੰਬੋਧਨ ਕਰ ਰਹੇ ਸਨ। ਆਪਣੇ ਮਹਿਬੂਬ ਨੇਤਾ ਸ: ਸੁਖਬੀਰ ਸਿੰਘ ਬਾਦਲ ਦਾ ਜਿਵੇ ਭਾਰੀ ਜੋਸ਼ ਨਾਲ ਸਵਾਗਤ ਕੀਤੇ ਜਾਣ ਦਾ ਨਜਾਰਾ ਦੇਖਿਆ ਹੀ ਬਣਦਾ ਸੀ। ਉਹਨਾਂ ਸ: ਗਿਲ ਵਲੋਂ ਕੀਤੀ ਗਈ ਮਿਹਨਤ ਨੂੰ ਸਲਾਹੁਦਿਆਂ ਉਸ ਨੂੰ ਵਧਾਈ ਦਿਤੀ ਅਤੇ ਹਲਕਾ ਦਖਣੀ ਦੀ ਜਿਮੇਵਾਰੀ ਨੂੰ ਹੋਰ ਤਨ ਦੇਹੀ ਨਾਲ ਨਿਭਾਉਦਿਆਂ ਲੋਕਾਂ ਦੀ ਬਾਂਹ ਫੜਣ ਦੀ ਤਾਈਦ ਕੀਤੀ। ਇਸ ਮੌਕੇ ਆਏ ਹੋਏ ਸਮੂਹ ਸ੍ਰੋਮਣੀ ਕਮੇਟੀ ਮੈਬਰਾਂ, ਸ਼ਹਿਰੀ ਅਤੇ ਸਰਕਲ ਪ੍ਰਧਾਨਾਂ, ਸਾਬਕਾ ਅਤੇ ਮੌਜੂਦਾ ਕੌਸਲਰ ਸਾਹਿਬਾਨ, ਵੱਖ ਵੱਖ ਅਦਾਰਿਆਂ ਦੇ ਚੇਅਰਮੈਨਾਂ, ਸਾਬਕਾ ਚੈਅਰਮੈਨਾਂ ਅਤੇ ਸਮੂਹ ਸਿਰ ਕੱਦ ਸਰਗਰਮ ਆਗੂਆਂ ਅਤੇ ਭਾਰੀ ਗਿਣਤੀ ਵਰਕਰਾਂ ਨੇ ਜੈਕਾਰਿਆਂ ਦੀ ਗੂੰਜ ਨਾਲ ਸ: ਗਿੱਲ ਦੀ ਨਿਯੁਕਤੀ ਦਾ ਭਰਵਾਂ ਤੇ ਜੋਸ਼ੀਲਾ ਸਵਾਗਤ ਕੀਤਾ।
ਸ: ਸੁਖਬੀਰ ਸਿੰਘ ਬਾਦਲ ਨੇ ਭਾਰੀ ਇਕਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪ੍ਰਿਯੰਕਾ ਗਾਂਧੀ ਵੀ ਕਾਗਰਸ ਦੀ ਡੁਬਦੀ ਬੇੜੀ ਨੂੰ ਪਾਰ ਨਹੀਂ ਲੰਘਾ ਸਕਣਗੇ ਅਤੇ ਸਾਂਸਦੀ ਚੋਣਾਂ ’ਤੇ ਇਸ ਦਾ ਕੋਈ ਅਸਰ ਨਹੀਂ ਪਵੇਗਾ। ਲੋਕਾਂ ਨੇ ਸ੍ਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਐਨਡੀ ਏ ਨੂੰ ਮੁੜ ਸਤਾ ਸੋਪਣ ਦਾ ਮਨ ਬਣਾ ਲਿਆ ਹੈ। ਉਹਨਾਂ ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਗੁਰੂ ਨਗਰੀ ਦਾ ਸਾਰ ਨਾ ਲੈਣ ਲਈ ਸਖਤ ਅਲੋਚਨਾ ਕੀਤੀ। ਉੲਨਾਂ ਕਿਹਾ ਕਿ ਸਿਖ ਕੌਮ ਦੀ ਵਿਰਾਸਤ ਨੂੰ ਅਕਾਲੀ ਦਲ ਅਤੇ ਅਕਾਲੀ ਸਰਕਾਰਾਂ ਨੇ ਹੀ ਸੰਭਾਲਿਆ ਅਤੇ ਯਾਦਗਾਰਾਂ ਕਾਇਮ ਕੀਤੀਆਂ ਹਨ। ਸ੍ਰੀ ਅਨੰਦਪੁਰ ਸਾਹਿਬ ’ਚ ਅਕਾਲੀ ਸਰਕਾਰ ਵਲੋਂ ਸਥਾਪਿਤ ਵਿਰਾਸਤੇ ਖਾਲਸਾ ਨੂੰ ਸੰਗਤ ਦੀ ਸਭ ਤੋਂ ਵੱਧ ਹਾਜਰੀ ਨਾਲ ਲਿਮਕਾ ਬੁੱਕ ’ਚ ਪਹਿਲੇ ਦਰਜੇ ਦਾ ਵਿਸ਼ਵ ਰਿਕਾਰਡ ਸਥਾਪਿਤ ਕਰਨ ’ਤੇ ਤਸਲੀ ਤੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਅਤੇ ਇਸ ਵਿਰਾਸਤ ਨੂੰ ਨਵਜੋਤ ਸਿੰਘ ਸਿੱਧੂ ਵਲੋਂ ਚਿੱਟਾ ਹਾਥੀ ਕਹੇ ਜਾਣ ’ਤੇ ਉਸ ਦੀ ਪੂਰੀ ਤਸਲੀ ਕਰਾਈ। ਉਹਨਾਂ ਕਿਹਾ ਕਿ ਅਕਾਲੀ ਦਲ ਨੇ ਜੋ ਕਿਹਾ ਕਰ ਕੇ ਦਿਖਾਇਆ। ਜਦ ਕਿ ਕਾਂਗਰਸ ਕੁਝ ਕਰਨ ਦੀ ਥਾਂ ਪੰਜਾਬ ਨੂੰ ਬਰਬਾਦ ਕਰਨ ’ਤੇ ਤੁਲੀ ਹੋਈ ਹੈ। ਉਹਨਾਂ ਕਿਹਾ ਕਿ ਕਾਂਗਰਸ ਦੀ ਢਾਈ ਸਾਲਾਂ ਦੇ ਰਾਜ ਦੌਰਨ ਅਕਾਲੀ ਵਰਕਰਾਂ ਅਤੇ ਆਮ ਲੋਕਾਂ ’ਤੇ ਰੱਜ ਕੇ ਧਕੇਸ਼ਾਹੀਆਂ ਹੋਈਆਂ, ਅਕਾਲੀ ਦਲ ਨੂੰ ਬਦਨਾਮ ਕਰਨ ਲਈ ਅਕਾਲੀ ਵਰਕਰਾਂ , ਇਥੋ ਤਕ ਕਿ 6 ਸਾਲ ਦੇ ਮਾਸੂਮ ਬਚਿਆਂ ਅਤੇ 84 ਸਾਲ ਦੇ ਬਜੁਰਗਾਂ ’ਤੇ ਵੀ ਝੂਠੇ ਪਰਚੇ ਦਰਜ ਕੀਤੇ ਗਏ। ਉਹਨਾਂ ਗਲਤ ਕੰਮ ਕਰਨ ਵਾਲੇ ਸਰਕਾਰੀ ਅਧਿਕਾਰੀਆਂ ਨੂੰ ਚਿਤਾਵਨੀ ਦਿਤੀ ਕਿ ਅਕਾਲੀ ਦਲ ਸਤਾ ਵਿਚ ਆਉਣ ’ਤੇ ਹਰੇਕ ਦੀ ਪੜਚੋਲ ਕੀਤੀ ਜਾਵੇਗੀ। ਪਾਪ ਅਤੇ ਗੁਨਾਹ ਵਾਲੇ ਅਫਸਰ ਬਖਸ਼ੇ ਨਹੀਂ ਜਾਣਗੇ। ਉਹਨਾਂ ਕਿਹਾ ਕਿ ਕਿ ਅਕਾਲੀ ਦਲ ਕਿਸੇ ਦੀ ਜਾਇਦਾਦ ਨਹੀਂ ਇਹ ਪੰਥ ਦੀ ਹੈ। ਜਿਸ ਨੇ ਦੇਸ਼ ਦੀ ਅਜਾਦੀ ਲਈ ਸਭ ਤੋਂ ਵੱਧ ਕੁਰਬਾਨੀਆਂ ਅਤੇ ਸ਼ਹਾਦਤਾਂ ਦਿਤੀਆਂ। ਉਹਨਾਂ ਕਿਹਾ ਕਿ ਅਕਾਲੀ ਦਲ ਨੇ ਦੇਸ਼ ਵਿਦੇਸ਼ ਦੀਆਂ ਸਿਖ ਸੰਗਤਾਂ ਅਤੇ ਪੰਜਾਬੀਆਂ ਦੀ ਬਾਂਹ ਫੜੀ ਅਤੇ ਉਨਾਂ ਦੀ ਸਾਰ ਲਈ ਇਹੀ ਕਾਰਨ ਹੈ ਕਿ ਅਕਾਲੀ ਦਲ ’ਤੇ ਲੋਕ ਪੂਰਾ ਭਰੋਸਾ ਕਰਦੇ ਹਨ। ਲੋਕ ਸਭਾ ਚੋਣਾਂ ’ਚ ਕਾਂਗਰਸ ਨੂੰ ਹਰਾਉਣ ਦਾ ਸੱਦਾ ਦਿੰਦਿਆਂ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਪੰਜਾਬ ’ਚ ਸਰਕਾਰ ਨਾਂ ਦੀ ਕੋਈ ਸ਼ੈਅ ਨਹੀਂ। ਵਿਕਾਸ ਅਤੇ ਲੋਕ ਹੱਕਾਂ ਲਈ ਸੁੱਤੀ ਹੋਈ ਸਰਕਾਰ ਨੂੰ ਜਗਾਉਣ ਲਈ ਇਸ ਨੂੰ ਵਡੀ ਹਾਰ ਦੇਣੀ ਜਰੂਰੀ ਹੈ।
ਇਸ ਮੌਕੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਕਾਂਗਰਸ ਆਪਣੇ ਵਾਅਦਿਆਂ ਤੋਂ ਭਜ ਚੁਕੀ ਹੈ। ਕਿਸਾਨਾਂ, ਮਜਦੂਰਾਂ, ਮੁਲਾਜਮਾਂ, ਵਪਾਰੀ ਅਤੇ ਦਲਿਤ ਵਰਗ ਨਾਲ ਘੋਰ ਧੋਖਾ ਕਮਾ ਰਹੀ ਕਾਂਗਰਸ ਤੋਂ ਹਿਸਾਲ ਮੰਗ ਰਹੇ ਹਨ ਅਤੇ ਸਬਕ ਸਿਖਾਉਣ ਦੀਆਂ ਤਿਆਰੀਆਂ ’ਚ ਹਨ। ਉਹਨਾਂ ਕਿਹਾ ਕਿ ਕਿਸਾਨਾਂ ਨੂੰ ਕਰਾਜ ਮੁਆਫੀ ਨਾ ਮਿਲਣ ’ਤੇ ਉਨਾਂ ਦੀਆਂ ਖੁਦਕਸ਼ੀਆਂ ਦਿਨੋ ਦਿਨ ਵਧ ਰਹੀਆਂ ਹਨ। ਅਖੌਤੀ ਟਕਸਾਲੀਆਂ, ’ਆਪ’ ਅਤੇ ’ਪਾਪ’ ਦੇ ਗਠਜੋੜ ਨੂੰ ਉਹਨਾਂ ਕਾਂਗਰਸ ਵਲੋਂ ਫੰਡਿੰਗ ਅਤੇ ਕਾਂਗਰਸ ਭਵਨ ਤੋਂ ਸੁਨੀਲ ਜਾਖੜ ਵਲੋਂ ਨਿਰਦੇਸ਼ਤ ਹਨ । ਅਕਾਲੀ ਦਲ ਨੂੰ ਕਮਜੋਰ ਕਰਨ ਦੀਆਂ ਸਾਜ਼ਿਸ਼ਾਂ ਰਚਨ ਵਾਲੇ ਲੋਕ ਅਕਾਲੀ ਦਲ ਤੋਂ ਦੂਰ ਹੋ ਜਾਣਾ ਚੰਗੀ ਗਲ ਹੈ। ਸ੍ਰੀ ਦਰਬਾਰ ਸਾਹਿਬ ’ਤੇ ਹਮਲਾ ਕਰਨ ਵਾਲਿਆਂ ਨਾਲ ਸਾਂਝ ਪਿਆਲੀ ਪਾਉਣ ਵਾਲਿਆਂ ਨੂੰ ਲੋਕ ਮੂਹ ਨਹੀਂ ਲਗਾਉਣਗੇ। ਉਹਨਾਂ ਦਸਿਆ ਕਿ ਅਕਾਲੀ ਦਲ ਵਲੋਂ ਲੋਕ ਸਭਾ ਚੋਣਾਂ ਮੌਕੇ ਨੌਜਵਾਨਾਂ ਨੂੰ ਮੌਕਾ ਅਤੇ ਨੁਮਾਇੰਦਗੀ ਦਿਤੀ ਜਾਵੇਗੀ।
ਯੂਥ ਆਗੂ ਤਲਬੀਰ ਸਿੰਘ ਗਿੱਲ ਨੇ ੳਨਾਂ ’ਤੇ ਭਰੋਸਾ ਪ੍ਰਗਟ ਕਰਦਿਆਂ ਹਲਕਾ ਦਖਣੀ ਦੀ ਜਿਮੇਵਾਰੀ ਸੌਪਣ ਲਈ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ , ਬਿਕਰਮ ਸਿੰਘ ਮਜੀਠੀਆ ਅਤੇ ਸਮੂਹ ਅਕਾਲੀ ਵਰਕਰਾਂ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਉਹ ਉਹਨਾਂ ਦੀਆਂ ਆਸਾਂ ਉਮੀਦਾਂ ’ਤੇ ਖਰਾ ਉਤਰਨ ਦੀ ਪੂਰਪ ਵਾਹ ਲਾਵੇਗਾ। ਵਰਕਰਾਂ ਨੂੰ ਸਾਥ ਦੇਣ ਦੀ ਅਪੀਲ ਕਰਦਿਆਂ ਵਿਸ਼ਵਾਸ਼ ਦਿਵਾਇਆ ਕਿ ਉਹ ਸ੍ਰੋਮਣੀ ਅਕਾਲੀ ਦਲ ਦੀ ਚੜਦੀਕਲਾ ਲਈ ਅਤੇ ਹਲਕੇ ਦਾ ਝਾੜੂਬਰਦਾਰ ਬਣ ਕੇ ਹਮੇਸ਼ਾਂ ਸੇਵਾ ਕਰਦੇ ਰਹਿਣਗੇ। ਉਹਨਾਂ ਅਕਾਲੀ ਸਰਕਾਰ ਸਮੇਂ ਹਲਕੇ ਦੇ ਕਰਾਏ ਗਏ ਵਡੇ ਵਿਕਾਸ ਦਾ ਜਿਕਰ ਕਰਦਿਆਂ ਮੌਜੂਦਾ ਕਾਂਗਰਸੀ ਵਿਧਾਇਕ ਵਲੋਂ ਲੋਕਾਂ ਦੀ ਸਾਰ ਨਾ ਲੈਣ ਲਈ ਸਖਤ ਨੁਕਤਾਚੀਨੀ ਕੀਤੀ।
ਇਸ ਮੌਕੇ ਭਾਜਪਾ ਆਗੂ ਰਜਿੰਦਰ ਮੋਹਨ ਸਿੰਘ ਛੀਨਾ, ਸ਼ਹਿਰੀ ਪ੍ਰਧਾਨ ਗੁਰਪ੍ਰਤਾਪ ਸਿੰਘ ਟਿਕਾ, ਭਾਈ ਰਜਿੰਦਰ ਸਿੰਘ ਮਹਿਤਾ, ਬਾਵਾ ਸਿੰਘ ਗੁਮਾਨਪੁਰਾ, ਅਜੈਬ ਸਿੰਘ ਅਭਿਆਸੀ, ਹਰਜਾਪ ਸਿੰਘ ਸੁਲਤਾਨ ਵਿੰਡ, ਭਗਵੰਤ ਸਿੰਘ ਸਿਆਲਾ ( ਸਾਰੇ ਸ੍ਰੋਮਣੀ ਕਮੇਟੀ ਮੈਬਰ) ਨੇ ਵੀ ਸੰਬੋਧਨ ਕੀਤੀ।