ਫ਼ਤਹਿਗੜ੍ਹ ਸਾਹਿਬ – “ਜਦੋਂ ਦਸੰਬਰ 1992 ਵਿਚ ਸਿੱਖ ਕੌਮ ਦੀ ਸਮੁੱਚੀ ਲੀਡਰਸ਼ਿਪ ਵੱਲੋਂ ਉਸ ਸਮੇਂ ਦੇ ਯੂ.ਐਨ.ਓ. ਦੇ ਸਕੱਤਰ ਜਰਨਲ ਸ੍ਰੀ ਬੁਟਰੋਸ-ਬੁਟਰੋਸ ਘਾਲੀ ਨੂੰ ਕੌਮ ਦੇ ਬਿਨ੍ਹਾਂ ਤੇ ਖ਼ਾਲਿਸਤਾਨ ਕਾਇਮ ਕਰਨ ਦੇ ਮਿਸ਼ਨ ਨੂੰ ਲੈਕੇ ਲਿਖਤੀ ਯਾਦ-ਪੱਤਰ ਦਿੱਤਾ ਹੋਇਆ ਹੈ ਅਤੇ ਬੀਤੇ ਦਿਨੀਂ ਅਮਰੀਕਾ ਦੀ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੀ ਜਥੇਬੰਦੀ ਸ. ਬੂਟਾ ਸਿੰਘ ਖੜੌਦ ਕੰਨਵੀਨਰ ਨਾਰਥ ਅਮਰੀਕਾ ਦੀ ਅਗਵਾਈ ਹੇਠ ਉਪਰੋਕਤ ਖ਼ਾਲਿਸਤਾਨ ਦੇ ਮਿਸ਼ਨ ਦੀ ਪੂਰਤੀ ਲਈ ਯੂ.ਐਨ.ਓ. ਵਿਚ ਸੰਜ਼ੀਦਗੀ ਨਾਲ ਪਹੁੰਚ ਕਰ ਚੁੱਕੀ ਹੈ, 01 ਮਈ 1994 ਵਿਚ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਮਹਾਨ ਕੌਮੀ ਸਥਾਂਨ ਤੇ ਸਮੁੱਚੀ ਲੀਡਰਸਿ਼ਪ ਵੱਲੋਂ ਪ੍ਰਣ ਕਰਦੇ ਹੋਏ ‘ਅੰਮ੍ਰਿਤਸਰ ਐਲਾਨਨਾਮੇ’ ਦੇ ਦਸਤਾਵੇਜ਼ ਉਤੇ ਸਮੂਹਿਕ ਰੂਪ ਵਿਚ ਦਸਤਖ਼ਤ ਕਰਕੇ ਉਪਰੋਕਤ ਖ਼ਾਲਿਸਤਾਨ ਦੇ ਮਿਸ਼ਨ ਨੂੰ ਕੌਮਾਂਤਰੀ ਪੱਧਰ ਤੇ ਦੁਹਰਾਇਆ ਜਾ ਚੁੱਕਾ ਹੈ, ਫਿਰ ਜਥੇਦਾਰ ਜਗਤਾਰ ਸਿੰਘ ਹਵਾਰਾ ਖੁਦ ਖ਼ਾਲਿਸਤਾਨ ਦੀ ਨਿਰੰਤਰ ਦ੍ਰਿੜਤਾ ਨਾਲ ਗੱਲ ਕਰਦੇ ਰਹੇ ਹਨ । ਤਾਂ ਹੁਣ ਉਨ੍ਹਾਂ ਵੱਲੋਂ ਬਣਾਈ ਗਈ ਪੰਜ ਮੈਬਰੀ ਕਮੇਟੀ ਉਪਰੋਕਤ ਖ਼ਾਲਿਸਤਾਨ ਦੇ ਕੌਮੀ ਮਿਸ਼ਨ ਤੋਂ ਮੁਨਕਰ ਹੋ ਕੇ ਸਿੱਖ ਕੌਮ ਨੂੰ ਦੁਬਿਧਾ ਵਿਚ ਪਾਉਣ ਵਾਲੇ ਨਵੇਂ-ਨਵੇਂ ਪ੍ਰੋਗਰਾਮ ਕਿਉਂ ਦੇ ਰਹੀ ਹੈ ?”
ਇਹ ਵਿਚਾਰ ਅੱਜ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੀ ਸੀਨੀਅਰ ਲੀਡਰਸ਼ਪ ਵੱਲੋਂ 27 ਜਨਵਰੀ ਨੂੰ ਪੰਜ ਮੈਬਰੀ ਕਮੇਟੀ ਵੱਲੋਂ ਚੰਡੀਗੜ੍ਹ ਵਿਖੇ ਰੱਖੀ ਗਈ ਇਕੱਤਰਤਾ ਉਤੇ ਵਿਚਾਰਾਂ ਕਰਨ ਉਪਰੰਤ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਪੰਜ ਮੈਬਰੀ ਕਮੇਟੀ ਵੱਲੋਂ ਕੌਮੀ ਮਿਸ਼ਨ ਖ਼ਾਲਿਸਤਾਨ ਤੋਂ ਪਿੱਛੇ ਹੱਟਕੇ ਕੀਤੇ ਜਾਣ ਵਾਲੇ ਅਮਲਾਂ ਉਤੇ ਗਹਿਰਾ ਦੁੱਖ ਤੇ ਅਫ਼ਸੋਸ ਜ਼ਾਹਰ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਜੋ ਭਗਤ ਰਵੀਦਾਸ ਜੀ ਦੀ ਬਾਣੀ ਰਾਹੀ ਵੱਡਮੁੱਲੀ ਬਰਾਬਰਤਾ, ਹਰ ਤਰ੍ਹਾਂ ਦੇ ਡਰ-ਭੈ ਤੋਂ ਰਹਿਤ, ਆਨੰਦਮਈ ਜੀਵਨ ਬਤੀਤ ਕਰਨ, ਜਾਤ-ਪਾਤ, ਅਮੀਰ-ਗਰੀਬ ਦੀਆਂ ਵਲਗਣਾਂ ਨੂੰ ਖ਼ਤਮ ਕਰਕੇ, ਸਭਨਾਂ ਨਿਵਾਸੀਆ ਦਾ ਸਹੀ ਰੋਜ਼ੀ-ਰੋਟੀ ਰਾਹੀ ਢਿੱਡ ਭਰਨ ਦੇ ਮਨੁੱਖਤਾ ਪੱਖੀ ਭਾਵਨਾਵਾਂ ਨੂੰ ਜ਼ਾਹਰ ਕਰਦੇ ਹੋਏ ‘ਬੇਗਮਪੁਰਾ’ ਦੀ ਗੱਲ ਕੀਤੀ ਗਈ ਹੈ, ਉਹ ਖ਼ਾਲਿਸਤਾਨ ਦੇ ਬਣਨ ਵਾਲੇ ਵਿਧਾਨ ਵਿਚ ਬੁਨਿਆਦੀ ਹੱਕਾਂ ਅਧੀਨ ਸੁਰੱਖਿਅਤ ਕਰਕੇ ਹੀ ਉਨ੍ਹਾਂ ਦੀ ਸੋਚ ਅਨੁਸਾਰ ਨਿਜਾਮ ਕਾਇਮ ਹੋਵੇਗਾ । ਉਨ੍ਹਾਂ ਕਿਹਾ ਕਿ ਜਥੇਦਾਰ ਜਗਤਾਰ ਸਿੰਘ ਹਵਾਰਾ ਦੀਆਂ ਕਾਰਵਾਈਆ ਅਤੇ ਅਮਲ ਖ਼ਾਲਿਸਤਾਨ ਦੀ ਸੋਚ ਤੋ ਬਿਨ੍ਹਾਂ ਨਹੀਂ ਹੋ ਸਕਦੇ, ਕਿਉਂਕਿ ਸਰਬੱਤ ਖ਼ਾਲਸਾ 2015 ਨੇ ਸਤਿਕਾਰਯੋਗ ਜਥੇਦਾਰ ਜਗਤਾਰ ਸਿੰਘ ਹਵਾਰਾ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀਆਂ ਸੇਵਾਵਾਂ ਉਨ੍ਹਾਂ ਦੀ ਖ਼ਾਲਿਸਤਾਨੀ ਸੋਚ ਅਤੇ ਵੱਡੀ ਕੁਰਬਾਨੀ ਨੂੰ ਮੁੱਖ ਰੱਖਕੇ ਹੀ ਸੌਪੀਆ ਸਨ । ਜੋ ਪੰਜ ਮੈਬਰੀ ਕਮੇਟੀ ਵੱਲੋਂ ਉਪਰੋਕਤ ਕੌਮੀ ਮਿਸ਼ਨ ਤੋਂ ਥੱਲ੍ਹੇ ਆ ਕੇ ਪ੍ਰੋਗਰਾਮ ਦਿੱਤੇ ਜਾ ਰਹੇ ਹਨ ਅਤੇ 27 ਜਨਵਰੀ ਨੂੰ ਚੰਡੀਗੜ੍ਹ ਵਿਖੇ ‘ਖ਼ਾਲਿਸਤਾਨ ਦੇ ਮਿਸ਼ਨ’ ਨੂੰ ਨਜ਼ਰ ਅੰਦਾਜ ਕਰਕੇ ਕੀਤੀ ਜਾ ਰਹੀ ਕਿਸੇ ਤਰ੍ਹਾਂ ਦੀ ਵਿਚਾਰ ਜਾਂ ਇਕੱਤਰਤਾ ਵਿਚ ਨਾ ਤਾਂ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਸਮੂਲੀਅਤ ਕਰੇਗਾ ਅਤੇ ਨਾ ਹੀ ਖ਼ਾਲਿਸਤਾਨ ਦੇ ਮਿਸ਼ਨ ਤੋਂ ਬਿਨ੍ਹਾਂ ਹੋਰ ਕਿਸੇ ਫੈਸਲੇ ਨੂੰ ਸਿੱਖ ਕੌਮ ਕਤਈ ਪ੍ਰਵਾਨ ਕਰੇਗੀ । ਕਿਉਂਕਿ ਇਸ ਕੌਮੀ ਮਿਸ਼ਨ ਦੀ ਪ੍ਰਾਪਤੀ ਲਈ ਵੱਡੀ ਗਿਣਤੀ ਵਿਚ ਮਾਵਾਂ ਨੇ ਆਪਣੇ ਦਿਲ ਦੇ ਟੁਕੜਿਆ ਨੂੰ ਸ਼ਹਾਦਤਾਂ ਦੇਣ ਲਈ ਪ੍ਰੇਰਿਆ ਅਤੇ ਸ਼ਹੀਦੀਆਂ ਦਿੱਤੀਆ ਹਨ । ਇਸ ਲਈ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਮਹਿਸੂਸ ਕਰਦਾ ਹੈ ਕਿ ਸਮੇਂ-ਸਮੇਂ ਤੇ ਜੇਲ੍ਹ ਵਿਚੋਂ ਵੱਖ-ਵੱਖ ਤਰ੍ਹਾਂ ਦੇ ਹੁਕਮ ਆਉਣ ‘ਤੇ ਸਿੱਖ ਕੌਮ ਕੇਵਲ ਦੁਬਿਧਾ ਵਿਚ ਹੀ ਨਹੀਂ ਘਿਰਦੀ ਜਾ ਰਹੀ, ਬਲਕਿ ਕੌਮੀ ਮਿਸ਼ਨ ਦੀ ਪ੍ਰਾਪਤੀ ਲਈ ਭੰਬਲਭੂਸਾ ਵੀ ਪੈਦਾ ਹੋ ਰਿਹਾ ਹੈ ਜੋ ਕਿ ਕਤਈ ਨਹੀਂ ਹੋਣਾ ਚਾਹੀਦਾ ।
ਇਥੇ ਇਹ ਵਰਣਨ ਕਰਨਾ ਜ਼ਰੂਰੀ ਹੈ ਕਿ ਜਿਥੇ ਸਰਬੱਤ ਖ਼ਾਲਸਾ ਨੇ ਸਿੱਖ ਕੌਮ ਨੂੰ ਆਪਣੇ ਕੌਮੀ ਤਖ਼ਤਾਂ ਦੀਆਂ ਸੇਵਾਵਾਂ ਨਿਭਾਉਣ ਲਈ ਜਥੇਦਾਰ ਸਾਹਿਬਾਨ ਨੂੰ ਸੇਵਾਵਾਂ ਸੌਪੀਆ ਹਨ, ਉਥੇ ਉਸੇ ਸਰਬੱਤ ਖ਼ਾਲਸਾ ਨੇ ‘ਖ਼ਾਲਿਸਤਾਨ’ ਦੇ ਕੌਮੀ ਮਿਸ਼ਨ ਦੀ ਪ੍ਰਾਪਤੀ ਲਈ ਦ੍ਰਿੜਤਾ ਨਾਲ ਬਿਨ੍ਹਾਂ ਕਿਸੇ ਡਰ-ਭੈ ਤੋਂ ਸੰਘਰਸ਼ ਕਰਨ ਦਾ ਮਤਾ ਵੀ ਪਾਸ ਕੀਤਾ ਸੀ । ਜਥੇਦਾਰ ਭਾਈ ਧਿਆਨ ਸਿੰਘ ਮੰਡ ਵੱਲੋਂ ਹੁਣ ਤੱਕ ਕੀਤੇ ਜਾਣ ਵਾਲੇ ਪ੍ਰੋਗਰਾਮਾਂ ਅਤੇ ਬਰਗਾੜੀ ਮੋਰਚੇ ਦੌਰਾਨ ਵੀ ਖ਼ਾਲਿਸਤਾਨ ਦੇ ਮਿਸ਼ਨ ਨੂੰ ਕਦੀ ਵੀ ਇਸ ਤਰ੍ਹਾਂ ਨਜ਼ਰ ਅੰਦਾਜ ਨਹੀਂ ਕੀਤਾ ਗਿਆ, ਜਿਸ ਤਰ੍ਹਾਂ ਹੁਣ ਜਥੇਦਾਰ ਜਗਤਾਰ ਸਿੰਘ ਹਵਾਰਾ ਵੱਲੋਂ ਬਣਾਈ ਗਈ ਪੰਜ ਮੈਬਰੀ ਕਮੇਟੀ ਨੇ ਕੀਤਾ ਹੈ । ਜਦੋਂਕਿ ਸਮੁੱਚਾ ਖ਼ਾਲਸਾ ਪੰਥ ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲਿਆ ਜੀ ਦੀ ਸ਼ਹਾਦਤ ਤੋਂ ਬਾਅਦ ਨਿਰੰਤਰ ਉਪਰੋਕਤ ਕੌਮੀ ਮਿਸ਼ਨ ਉਤੇ ਹੁਕਮਰਾਨਾਂ ਦੇ ਅਕਹਿ ਤੇ ਅਸਹਿ ਜ਼ਬਰ-ਜੁਲਮਾਂ ਦਾ ਟਾਕਰਾ ਵੀ ਕਰਦਾ ਆ ਰਿਹਾ ਹੈ ਅਤੇ ਆਪਣੇ ਮਿਸ਼ਨ ਨੂੰ ਦ੍ਰਿੜਤਾ ਨਾਲ ਨਿਰੰਤਰ ਅੱਗੇ ਵੀ ਵਧਾਉਦਾ ਆ ਰਿਹਾ ਹੈ । ਫਿਰ ਕੀ ਵਜਹ ਹੈ ਕਿ ਉਪਰੋਕਤ ਪੰਜ ਮੈਬਰੀ ਕਮੇਟੀ ਖ਼ਾਲਿਸਤਾਨ ਦੇ ਮਿਸ਼ਨ ਨੂੰ ਨਜ਼ਰ ਅੰਦਾਜ ਕਰਕੇ ਸ਼ਬਦਾਂ ਦੇ ਹੇਰ-ਫੇਰ ਨਾਲ ਨਵੇਂ ਪ੍ਰੋਗਰਾਮ ਦੇਣ ਦੀ ਗੱਲ ਕਰ ਰਹੀ ਹੈ ?