ਫ਼ਤਹਿਗੜ੍ਹ ਸਾਹਿਬ – “ਅੱਜ ਜਦੋਂ ਪੰਜਾਬ-ਹਰਿਆਣਾ ਹਾਈਕੋਰਟ ਨੇ ਬਹਿਬਲਕਲਾਂ ਗੋਲੀ ਕਾਂਡ ਅਤੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਅਪਮਾਨਿਤ ਘਟਨਾਵਾਂ ਸੰਬੰਧੀ ਜਸਟਿਸ ਰਣਜੀਤ ਸਿੰਘ ਕਮਿਸ਼ਨ ਅਤੇ ਜਸਟਿਸ ਜੋਰਾ ਸਿੰਘ ਕਮਿਸ਼ਨ ਦੀਆਂ ਰਿਪੋਰਟਾਂ ਵਿਰੁੱਧ, ਦੋਸ਼ੀ ਪੁਲਿਸ ਅਫ਼ਸਰਾਂ ਵੱਲੋਂ ਪਾਈ ਗਈ ਪਟੀਸ਼ਨ ਨੂੰ ਰੱਦ ਕਰਕੇ ਐਸ.ਆਈ.ਟੀ ਨੂੰ ਅਗਲੇਰੀ ਕਾਨੂੰਨੀ ਕਾਰਵਾਈ ਤੇਜ਼ੀ ਨਾਲ ਕਰਦੇ ਹੋਏ ਦੋਸ਼ੀਆਂ ਨੂੰ ਬਣਦੀਆ ਸਜ਼ਾਵਾਂ ਤੱਕ ਪਹੁੰਚਾਉਣ ਦਾ ਹੁਕਮ ਕੀਤਾ ਹੈ, ਤਾਂ ਹੁਣ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਅਤੇ ਸ. ਬੂਟਾ ਸਿੰਘ ਰਣਸੀਹ 1920 ਅਕਾਲੀ ਦਲ ਅਤੇ ਉਨ੍ਹਾਂ ਵਰਗੇ ਹੋਰ ਕੌਮ ਵਿਰੋਧੀ ਮੰਦਭਾਵਨਾ ਰੱਖਣ ਵਾਲੇ ਆਗੂਆਂ ਨੂੰ ਉਸ ਕਵੀ ਦੀਆਂ ਇਨ੍ਹਾਂ ਲਾਇਨਾਂ ‘ਸ਼ਾਹ ਮੁਹੰਮਦਾਂ ਰੱਬ ਤੋਂ ਡਰਕੇ ਰਹੀਏ, ਇਹ ਰਾਜਿਆਂ ਤੋਂ ਵੀ ਭੀਖ ਮੰਗਵਾ ਦਿੰਦਾ’ ਨੂੰ ਯਾਦ ਕਰਨਾ ਚਾਹੀਦਾ ਹੈ ਕਿ ਉਸ ਅਕਾਲ ਪੁਰਖ ਦੇ ਫੈਸਲਿਆ ਵਿਚ ਮੰਦਭਾਵਨਾ ਅਧੀਨ ਨਾ ਤਾਂ ਕਤਈ ਰੁਕਾਵਟਾਂ ਪਾ ਸਕਦੇ ਹਨ ਅਤੇ ਨਾ ਹੀ ਉਹ ਅਜਿਹੇ ਮਨਸੂਬਿਆਂ ਵਿਚ ਕਦੀ ਕਾਮਯਾਬ ਹੋ ਸਕਦੇ ਹਨ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਪੰਜਾਬ-ਹਰਿਆਣਾ ਹਾਈਕੋਰਟ ਵੱਲੋਂ, ਦੋਸ਼ੀ ਪੁਲਿਸ ਅਫ਼ਸਰਾਂ ਦੁਆਰਾ ਪਾਈ ਗਈ ਪਟੀਸ਼ਨ ਨੂੰ ਰੱਦ ਕਰਨ ਦੇ ਹੁਕਮਾਂ ਦਾ ਸਵਾਗਤ ਕਰਦੇ ਹੋਏ ਅਤੇ ਕੌਮੀ ਫੈਸਲਿਆ ਵਿਰੁੱਧ ਮੰਦਭਾਵਨਾ ਰੱਖਣ ਵਾਲੇ ਕੌਮ ਵਿਚ ਵਿਚਰਣ ਵਾਲੇ ਆਗੂਆਂ ਨੂੰ ਸ਼ਾਹ ਮੁਹੰਮਦ ਦੀਆਂ ਉਪਰੋਕਤ ਲਾਇਨਾਂ ‘ਸ਼ਾਹ ਮੁਹੰਮਦਾਂ ਰੱਬ ਤੋਂ ਡਰਕੇ ਰਹੀਏ, ਇਹ ਰਾਜਿਆਂ ਤੋਂ ਵੀ ਭੀਖ ਮੰਗਵਾ ਦਿੰਦਾ’ ਨੂੰ ਯਾਦ ਕਰਵਾਉਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਭਾਈ ਧਿਆਨ ਸਿੰਘ ਮੰਡ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਉਨ੍ਹਾਂ ਵੱਲੋਂ ਬਰਗਾੜੀ ਮੋਰਚੇ ਅਧੀਨ ਕੌਮ ਦੇ ਬਿਨ੍ਹਾਂ ਤੇ ਰੱਖੀਆ ਗਈਆ ਕੌਮੀ ਮੰਗਾਂ ਨੂੰ ਹੱਲ ਕਰਵਾਉਣ ਲਈ ਅਤੇ ਗੱਲਬਾਤ ਕਰਨ ਲਈ ਬਣਾਈ ਗਈ ਕਮੇਟੀ ਨੇ ਜਦੋਂ ਸਰਕਾਰ ਨਾਲ ਗੱਲਬਾਤ ਕਰਦੇ ਹੋਏ ਸ਼ਹੀਦ ਭਾਈ ਗੁਰਜੀਤ ਸਿੰਘ, ਸ਼ਹੀਦ ਭਾਈ ਕ੍ਰਿਸ਼ਨ ਭਗਵਾਨ ਸਿੰਘ ਦੇ ਕਾਤਲ ਪੁਲਿਸ ਅਫ਼ਸਰਾਂ ਨੂੰ ਗ੍ਰਿਫ਼ਤਾਰ ਕਰਕੇ ਸਜ਼ਾਵਾਂ ਦਿਵਾਉਣ ਦੀਆਂ ਕਾਰਵਾਈਆ ਸੁਰੂ ਹੋਈਆ ਅਤੇ ਦੂਸਰੀਆ ਦੋਵੇ ਮੰਗਾਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਪਮਾਨਿਤ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਕੇ 295ਏ ਧਾਰਾ ਅਧੀਨ ਕਾਰਵਾਈ ਕਰਨ, 25-25 ਸਾਲਾ ਤੋਂ ਜੇਲ੍ਹਾਂ ਵਿਚ ਬੰਦੀ ਸਿੰਘਾਂ ਦੀ ਰਿਹਾਈ ਲਈ ਅਮਲ ਸੁਰੂ ਹੋਏ ਤਾਂ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਅਤੇ 1920 ਅਕਾਲੀ ਦਲ ਦੇ ਸ. ਬੂਟਾ ਸਿੰਘ ਰਣਸੀਹ ਵੱਲੋਂ ਬਰਗਾੜੀ ਦੇ ਗੁਰਦੁਆਰਾ ਸਾਹਿਬ ਵਿਖੇ ਮੰਦਭਾਵਨਾ ਅਤੇ ਵਿਰੋਧ ਦੀ ਸੋਚ ਅਧੀਨ ਮੀਟਿੰਗ ਰੱਖੀ ਗਈ ਸੀ । ਜਿਸ ਵਿਚ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਬਠਿੰਡਾ ਜਿ਼ਲ੍ਹੇ ਦੇ ਪ੍ਰਧਾਨ ਸ. ਪਰਮਿੰਦਰ ਸਿੰਘ ਬਾਲਿਆਵਾਲੀ ਨੇ ਸਮੂਲੀਅਤ ਕਰਦੇ ਹੋਏ ਉਪਰੋਕਤ ਦੋਵਾਂ ਭਾਈ ਬਲਜੀਤ ਸਿੰਘ ਦਾਦੂਵਾਲ ਅਤੇ ਸ. ਬੂਟਾ ਸਿੰਘ ਰਣਸੀਹ ਨੂੰ ਸਿਰਪਾਓ ਭੇਟ ਕਰਦੇ ਹੋਏ ਅਪੀਲ ਕੀਤੀ ਸੀ ਕਿ ਜੇਕਰ ਉਹ ਭਾਈ ਧਿਆਨ ਸਿੰਘ ਮੰਡ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੀ ਅਗਵਾਈ ਵਿਚ ਬਰਗਾੜੀ ਮੋਰਚੇ ਰਾਹੀ ਹੋਏ ਫੈਸਲਿਆ ਨਾਲ ਸਹਿਮ ਨਹੀਂ ਹਨ ਅਤੇ ਉਹ ਇਸ ਮੋਰਚੇ ਨੂੰ ਚੱਲਦਾ ਰੱਖਣਾ ਚਾਹੁੰਦੇ ਹਨ ਤਾਂ ਅੱਜ ਤੋਂ ਹੀ ਇਨ੍ਹਾਂ ਦੋਵਾਂ ਨੂੰ ਇਸ ਮਕਸਦ ਦੀ ਪ੍ਰਾਪਤੀ ਲਈ ਬੈਠ ਜਾਣਾ ਚਾਹੀਦਾ ਹੈ । ਇਥੇ ਇਹ ਵਰਣਨ ਕਰਨਾ ਜ਼ਰੂਰੀ ਹੈ ਕਿ ਇਸ ਇਕੱਤਰਤਾ ਵਿਚ ਕੇਵਲ 57 ਬੰਦੇ ਹਾਜ਼ਰ ਹੋਏ ਸਨ ਅਤੇ ਅੱਗੇ ਮੋਰਚਾ ਚਲਾਉਣ ਦੀ ਜਿੰਮੇਵਾਰੀ ਨੂੰ ਪੂਰਨ ਕਰਨ ਲਈ ਤਿਆਰ ਨਹੀਂ ਸਨ । ਜਦੋਂਕਿ ਭਾਈ ਧਿਆਨ ਸਿੰਘ ਮੰਡ ਜੀ ਦੀ ਅਗਵਾਈ ਵਿਚ ਸਾਢੇ 6 ਮਹੀਨੇ ਨਿਰੰਤਰ ਪੁਰਅਮਨ, ਜਮਹੂਰੀਅਤ ਅਤੇ ਅਨੁਸਾਸਿਤ ਤਰੀਕੇ ਪੂਰਨ ਕਾਮਯਾਬੀ ਨਾਲ ਮੋਰਚਾ ਚੱਲਿਆ ਅਤੇ ਮੰਡ ਸਾਹਿਬ ਨਿਰੰਤਰ ਬਰਗਾੜੀ ਵਿਖੇ ਦਿਨ-ਰਾਤ ਹਾਜ਼ਰ ਰਹੇ ਜੋ ਕਿ ਅਜਿਹੀ ਜਿੰਮੇਵਾਰੀ ਕੋਈ ਪੂਰੀ ਨਹੀਂ ਸੀ ਕਰ ਸਕਦਾ । ਸ੍ਰੀ ਕਰਤਾਰਪੁਰ ਸਾਹਿਬ ਦੇ ਲਾਂਘੇ ਦਾ ਕੌਮੀ ਮਸਲਾਂ ਵੀ ਬਰਗਾੜੀ ਮੋਰਚੇ ਦੇ ਦਬਾਅ ਤੇ ਹੀ ਪੂਰਨ ਹੋਇਆ ਹੈ, ਇਸੇ ਤਰ੍ਹਾਂ ਫ਼ੌਜ ਦੇ ਜਰਨਲ ਸ੍ਰੀ ਵਿਪਨ ਰਾਵਤ ਵੱਲੋਂ ਸਿੱਖ ਕੌਮ ਵਿਰੁੱਧ ਦਿੱਤੇ ਗਏ ਬਿਆਨ ਤੋਂ ਮੁੰਨਕਰ ਹੋਣਾ ਪਿਆ ।
ਸ. ਮਾਨ ਨੇ ਕਿਹਾ ਕਿ ਭਾਈ ਧਿਆਨ ਸਿੰਘ ਮੰਡ ਵੱਲੋਂ ਕੌਮ ਦਾ ਕਿਸੇ ਤਰ੍ਹਾਂ ਦਾ ਵੀ ਨੁਕਸਾਨ ਕਰੇ ਤੋਂ ਬਿਨ੍ਹਾਂ ਮਸਲਿਆ ਨੂੰ ਹੱਲ ਕਰਵਾਉਣ ਦੇ ਕੀਤੇ ਗਏ ਅਮਲਾਂ ਦੀ ਬਦੌਲਤ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਵਾਲੇ ਦੋਸ਼ੀਆਂ, ਸ਼ਹੀਦ ਭਾਈ ਗੁਰਜੀਤ ਸਿੰਘ ਤੇ ਸ਼ਹੀਦ ਭਾਈ ਕ੍ਰਿਸ਼ਨ ਭਗਵਾਨ ਸਿੰਘ ਨੂੰ ਮੌਤ ਦੇ ਮੂੰਹ ਵਿਚ ਪਹੁੰਚਾਉਣ ਵਾਲੇ ਅਫ਼ਸਰਾਂ ਵਿਰੁੱਧ ਕਾਨੂੰਨੀ ਤੌਰ ਤੇ ਸਜ਼ਾਵਾਂ ਦੇਣ ਦੇ ਅਮਲ ਸੁਰੂ ਹੋਏ ਹਨ ਅਤੇ ਆਉਣ ਵਾਲੇ ਸਮੇਂ ਵਿਚ ਸਭ ਦੋਸ਼ੀ ਕਾਨੂੰਨ ਦੇ ਕਟਹਿਰੇ ਵਿਚ ਖੜ੍ਹੇ ਕਰਕੇ ਅਵੱਸ ਸਜ਼ਾਵਾਂ ਪ੍ਰਾਪਤ ਕਰਨਗੇ । ਮੰਦਭਾਵਨਾ ਰੱਖਣ ਵਾਲੇ ਆਗੂਆਂ ਦੀਆਂ ਮੰਨਸਾ ਨਾ ਤਾਂ ਪਹਿਲਾ ਕਦੇ ਪੂਰਨ ਹੋਈਆ ਹਨ ਅਤੇ ਨਾ ਹੀ ਭਵਿੱਖ ਵਿਚ ਇਨ੍ਹਾਂ ਨੂੰ ਕੋਈ ਕਾਮਯਾਬੀ ਮਿਲੇਗੀ ।
ਸ. ਮਾਨ ਨੇ 27 ਜਨਵਰੀ ਨੂੰ ਚੰਡੀਗੜ੍ਹ ਵਿਖੇ ਕੌਮ ਵਿਚ ਦੁਬਿਧਾ ਪੈਦਾ ਕਰਨ ਵਾਲੀ ਰੱਖੀ ਗਈ ਇਕੱਤਰਤਾ ਉਤੇ ਆਪਣਾ ਪ੍ਰਤੀਕਰਮ ਜ਼ਾਹਰ ਕਰਦੇ ਹੋਏ ਕਿਹਾ ਕਿ ਭਾਈ ਧਿਆਨ ਸਿੰਘ ਮੰਡ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਜਿਸ ਦ੍ਰਿੜਤਾ, ਸਹਿਜ, ਸੰਪਰਕ ਅਤੇ ਆਪਸੀ ਤਾਲਮੇਲ ਨਾਲ ਅਮਨਮਈ ਤਰੀਕੇ ਸਾਢੇ 6 ਮਹੀਨੇ ਬਰਗਾੜੀ ਮੋਰਚਾ ਚਲਾਇਆ ਅਤੇ ਕੌਮੀ ਮੰਗਾਂ ਦੀ ਪੂਰਤੀ ਲਈ ਸਮਾਜਿਕ ਢੰਗ ਟੇਬਲ-ਟਾਕ ਦੇ ਪੈਤੜੇ ਦੀ ਵਰਤੋਂ ਕਰਕੇ ਅੱਗੇ ਗੱਲ ਵਧਾਈ, ਉਹ ਪ੍ਰਸ਼ੰਸ਼ਾਯੋਗ ਹੀ ਨਹੀਂ, ਬਲਕਿ ਇਹ ਹੋਈ ਗੱਲਬਾਤ ਜਲਦੀ ਹੀ ਕੌਮ ਪੱਖੀ ਨਤੀਜੇ ਕੱਢੇਗੀ । ਇਸ ਲਈ ਕੌਮ ਵਿਚ ਵੱਖਰੇਵਾ ਪੈਦਾ ਕਰਕੇ ਜਾਂ ਧੜੇਬਾਜੀਆਂ ਦੀ ਕੌਮ ਵਿਰੋਧੀ ਸੋਚ ਨੂੰ ਪੱਠੇ ਪਾ ਕੇ ਕੌਮ ਦੀ ਕੋਈ ਪ੍ਰਾਪਤੀ ਨਹੀਂ ਹੋਣੀ । ਇਸ ਲਈ ਸਮੇਂ ਦੀ ਜੋ ਮੁੱਖ ਲੋੜ ਹੈ, ਉਹ ਸਰਬੱਤ ਖ਼ਾਲਸੇ ਦੁਆਰਾ ਨਿਯੁਕਤ ਕੀਤੇ ਗਏ ਜਥੇਦਾਰ ਇਕ ਰੂਪ ਹੋ ਕੇ ਵਿਚਰਣ ਅਤੇ ਇਕ ਕੌਮੀ ਮਿਸ਼ਨ ਦੀ ਅਗਵਾਈ ਹੇਠ ਚੱਲਣ ਲਈ ਏਕਤਾ ਦੇ ਰੂਪ ਵਿਚ ਤਿਆਰ ਕਰਕੇ ਆਉਣ ਵਾਲੀਆ ਲੋਕ ਸਭਾ ਚੋਣਾਂ ਦੇ ਕੌਮ ਪੱਖੀ ਨਤੀਜੇ ਕੱਢਣ ਹਿੱਤ ਸਮੂਹਿਕ ਰੂਪ ਵਿਚ ਪੰਜਾਬ, ਚੰਡੀਗੜ੍ਹ ਦੀਆਂ 13+1 ਸੀਟਾਂ, ਰਾਜਸਥਾਨ, ਹਰਿਆਣਾ, ਜੰਮੂ-ਕਸ਼ਮੀਰ ਆਦਿ ਸੂਬਿਆਂ ਵਿਚ ਪੰਥ ਦਾ ਦਰਦ ਰੱਖਣ ਵਾਲੀਆ ਸੰਜੀਦਾ ਅਤੇ ਇਮਾਨਦਾਰੀ ਰੱਖਣ ਵਾਲੀਆ ਕਾਬਲ ਸਖਸ਼ੀਅਤਾਂ ਨੂੰ ਇਸ ਲੋਕ ਸਭਾ ਚੋਣਾਂ ਦੇ ਅਖਾੜੇ ਵਿਚ ਉਤਾਰਨ ਲਈ ਕੋਈ ਕਸਰ ਨਾ ਛੱਡਣ ਅਜਿਹਾ ਅਮਲ ਕਰਕੇ ਹੀ ਕੌਮੀ ਸੰਘਰਸ਼ ਤੇ ਕੌਮੀ ਮੰਗਾਂ ਦੀ ਸਿਆਸੀ ਦਬਾਅ ਅਧੀਨ ਪੂਰਤੀ ਕਰਵਾਈ ਜਾ ਸਕਦੀ ਹੈ । ਇਸ ਲਈ ਸਭ ਤੋਂ ਪਹਿਲੇ ਇਹ ਜ਼ਰੂਰੀ ਹੈ ਕਿ 27 ਜਨਵਰੀ ਨੂੰ ਕੌਮ ਵਿਚ ਏਕਤਾ ਦੀ ਬਜਾਇ ਦੁਬਿਧਾ ਪੈਦਾ ਕਰਨ ਵਾਲੀ ਚੰਡੀਗੜ੍ਹ ਵਿਖੇ ਰੱਖੀ ਗਈ ਇਕੱਤਰਤਾ ਨੂੰ ਮਨਸੂਖ ਕਰਕੇ ਏਕਤਾ ਲੜੀ ਵਿਚ ਪ੍ਰੋਇਆ ਜਾਵੇ । ਉਨ੍ਹਾਂ ਉਮੀਦ ਪ੍ਰਗਟ ਕੀਤੀ ਕਿ ਸਾਡੇ ਸਤਿਕਾਰਯੋਗ ਜਥੇਦਾਰ ਜਗਤਾਰ ਸਿੰਘ ਹਵਾਰਾ ਅਤੇ ਪੰਜ ਮੈਬਰੀ ਕਮੇਟੀ ‘ਕੌਮੀ ਏਕਤਾ’ ਦੇ ਸੰਜ਼ੀਦਾ ਮੁੱਦੇ ਅਤੇ ਲੋਕ ਸਭਾ ਚੋਣਾਂ ਦੇ ਅੱਛੇ ਨਤੀਜੇ ਕੱਢਣ ਲਈ ਅਤੇ ਸਭ ਮਸਲਿਆ ਦਾ ਹੱਲ ਕਰਵਾਉਣ ਲਈ 27 ਜਨਵਰੀ ਦੀ ਇਕੱਤਰਤਾ ਨੂੰ ਕੌਮ ਦੇ ਵੱਡੇਰੇ ਹਿੱਤਾ ਲਈ ਮਨਸੂਖ ਕਰਨ ਦਾ ਫੈਸਲਾ ਲੈਣਗੇ ।