ਨਵੀਂ ਦਿੱਲੀ – ਕਾਂਗਰਸ ਦੀ ਦਿੱਲੀ ਰਾਜ ਦੀ ਪ੍ਰਧਾਨ ਅਤੇ ਸਾਬਕਾ ਮੁੱਖ ਮੰਤਰੀ ਸ਼ੀਲਾ ਦੀਕਸ਼ਤ ਨੇ ਆਪ ਦੇ ਨਾਲ ਗਠਬੰਧਨ ਦੀ ਸੰਭਾਵਨਾ ਨੂੰ ਇੱਕ ਵਾਰ ਫਿਰ ਤੋਂ ਖਾਰਿਜ਼ ਕਰ ਦਿੱਤਾ ਹੈ। ਉਨ੍ਹਾਂ ਨੇ ਸਪੱਸ਼ਟ ਤੌਰ ਤੇ ਕਿਹਾ ਹੈ ਕਿ ਇਸ ਸਾਲ ਹੋਣ ਵਾਲੀਆਂ ਲੋਕਸਭਾ ਚੋਣਾਂ ਵਿੱਚ ਕਾਂਗਰਸ ਦਿੱਲੀ ਦੀਆਂ ਸਾਰੀਆਂ 7 ਸੀਟਾਂ ਤੇ ਚੋਣ ਲੜੇਗੀ। ਸ਼ੀਲਾ ਦੀਕਸ਼ਤ ਨੇ ਸ਼ਨਿਚਰਵਾਰ ਨੂੰ ਦਿੱਲੀ ਦੇ ਸਾਰੇ ਸਾਬਕਾ ਸਾਂਸਦਾਂ ਅਤੇ ਸਾਬਕਾ ਮੰਤਰੀਆਂ ਦੇ ਨਾਲ ਇੱਕ ਮੀਟਿੰਗ ਕੀਤੀ।
ਉਨ੍ਹਾਂ ਨੇ ਕਿਹਾ ਕਿ ਚੋਣਾਂ ਦਾ ਐਲਾਨ ਹੋਣ ਤੋਂ ਬਾਅਦ ਉਮੀਦਵਾਰਾਂ ਦੀ ਘੋਸ਼ਣਾ ਵੀ ਸਹੀ ਸਮੇਂ ਤੇ ਕਰ ਦਿੱਤੀ ਜਾਵੇਗੀ। ਉਨ੍ਹਾਂ ਨੇ ਕਿਹਾ ਕਿ ਅਸੀਂ ਲੋਕਸਭਾਂ ਚੋਣਾਂ ਵਿੱਚ ਮੋਦੀ ਅਤੇ ਕੇਜਰੀਵਾਲ ਦੋਵਾਂ ਨੂੰ ਹੀ ਨਿਸ਼ਾਨਾ ਬਣਾਵਾਂਗੇ। ਉਨ੍ਹਾਂ ਨੇ ਇਹ ਵੀ ਕਿਹਾ ਕਿ ਅਸੀਂ ਦਿੱਲੀ ਦੀ ਸਥਿਤੀ ਅਨੁਸਾਰ ਹੀ ਆਪਣੀ ਚੋਣ ਰਣਨੀਤੀ ਬਣਾਵਾਂਗੇ। ਕਾਂਗਰਸ ਪਾਰਟੀ ਨੇ ਦਿੱਲੀ ਵਿੱਚ ਜਿਲ੍ਹਾ ਪੱਧਰ ਤੇ ਪ੍ਰੋਗਰਾਮ ਸ਼ੁਰੂ ਕਰ ਦਿੱਤੇ ਹਨ। ਇਨ੍ਹਾਂ ਸੰਮੇਲਨਾਂ ਵਿੱਚ ਸ਼ੀਲਾ ਖੁਦ ਵੀ ਜਾਵੇਗੀ ਅਤੇ ਰਾਜ ਦੇ ਤਿੰਨਾਂ ਕਾਰਜਕਾਰੀ ਪ੍ਰਧਾਨਾਂ ਸਮੇਤ ਹੋਰ ਉਚ ਨੇਤਾ ਵੀ ਵਰਕਰਾਂ ਨੂੰ ਸੰਬੋਧਨ ਕਰਨਗੇ।
ਲੋਕਸਭਾ ਚੋਣਾਂ ਸਬੰਧੀ ਸਾਰੀਆਂ ਪੰਜ ਕਮੇਟੀਆਂ ਦਾ ਗਠਨ ਵੀ ਇਸੇ ਹਫ਼ਤੇ ਕਰ ਦਿੱਤਾ ਜਾਵੇਗਾ।ਇਨ੍ਹਾਂ ਕਮੇਟੀਆਂ ਵਿੱਚੋਂ ਚੋਣ ਕਮੇਟੀ ਸੱਭ ਤੋਂ ਅਹਿਮ ਹੈ। ਇਸ ਵਿੱਚ ਸਾਰੇ ਸਾਬਕਾ ਸਾਂਸਦਾਂ, ਸਾਰੇ ਸਾਬਕਾ ਮੰਤਰੀਆਂ ਅਤੇ ਸਾਰੇ ਸਾਬਕਾ ਪ੍ਰਦੇਸ਼ ਪ੍ਰਧਾਨਾਂ ਨੂੰ ਸ਼ਾਮਿਲ ਕਰਨ ਦਾ ਫੈਂਸਲਾ ਕੀਤਾ ਹੈ। ਪਾਰਟੀ ਧੜੇਬਾਜ਼ੀ ਤੋਂ ਉਪਰ ਉਠ ਕੇ ਕੰਮ ਕਰਨਾ ਚਾਹੁੰਦੀ ਹੈ।