ਨਸੀਬ ਕੌਰ ਦਾ ਇੱਕਲਾ-ਇੱਕਲਾ ਪੁੱਤਰ ਤੇਜੀ ਜਦੋਂ ਤੋਂ ਗੱਭਰੂ ਹੋਇਆ ਤਾਂ ਉਸ ਦੀਆਂ ਆਸਾਂ ‘ਤੇ ਪਾਣੀ ਫਿਰ ਗਿਆ। ਸ਼ਰਾਬ ਪੀਂਦੇ ਰਹਿਣਾ, ਵਿਹਲਾ ਰਹਿ ਕੇ ਆਪਣੀ ਮਾਂ ਤੋਂ ਪੈਸੇ ਖੋਹ ਕੇ ਲੈ ਜਾਣਾ ਤੇ ਐਸ਼ਾਂ ‘ਤੇ ਉੱਡਾ ਦੇਣਾ ਉਸ ਦਾ ਰੋਜ਼ ਦਾ ਕੰਮ ਹੋ ਗਿਆ ਸੀ। ਪੁੱਤਰ ਦੇ ਨਾ ਸੁਧਰਨ ਦੀ ਉਮੀਦ ਵਿੱਚ ਨਸੀਬ ਕੌਰ ਨੇ ਤੇਜੀ ਦਾ ਵਿਆਹ ਕਰ ਦਿੱਤਾ।
ਹੁਣ ਨੂੰਹ ਕੋਲ ਤਿੰਨ ਕੁ ਮਹੀਨਿਆਂ ਦੀ ਛੋਟੀ ਜਿਹੀ ਬੱਚੀ ਸੀ। ਬਸ ਤੇਜੀ ਦੇ ਉਹੀ ਹਾਲ ਹਿਲੇ ਸਨ। ਕੱਲ੍ਹ ਨੂੰ ਲੋਹੜੀ ਸੀ। ਜੀ ਨੇ ਲੋਹੜੀ ‘ਤੇ ਪੀਣ ਖਾਤਿਰ ਸ਼ਹਿਰੋਂ ਮਹਿੰਗੀ ਸ਼ਰਾਬ ਲਿਆਉਣ ਲਈ ਆਪਣੀ ਮਾਂ ਤੋਂ ਪੈਸੇ ਮੰਗੇ। ਨਸੀਬ ਕੌਰ ਨੇ ਬਥੇਰਾ ਸਮਝਾਇਆ ਪਰ ਤੇਜੀ ਮਾਂ ਨੂੰ ਧੱਕਾ ਦੇ ਕੇ ਪੈਸੇ ਚੁੱਕ ਕੇ ਲੈ ਗਿਆ। ਉਸ ਦੀ ਨੂੰਹ ਨੇ ਨਸੀਬ ਕੌਰ ਨੂੰ ਉੱਠਾ ਕੇ ਮੰਜੇ ‘ਤੇ ਬਿਠਾਇਆ ਤੇ ਰੋਂਦੀ ਦੇ ਹੰਝੂ ਪੂੰਝਦੀ ਨੇ ਗਲ਼ ਨਾਲ ਲਾਇਆ।
ਲੋਹੜੀ ਵਾਲੇ ਦਿਨ ਨਸੀਬ ਕੌਰ ਦੇ ਘਰੋਂ ਢੋਲ ਤੇ ਨੱਚਣ ਦੀਆਂ ਆਵਾਜ਼ਾਂ ਆ ਰਹੀਆਂ ਸਨ। ਤੇਜੀ ਘਰ ਪਹੁੰਚਿਆ। “ਬੇਬੇ ਆ ਕੀ ਆ? ਹੁਣੇ ਤਾਂ ਕੁੜੀ ਨੇ ਜਨਮ ਲਿਆ ਫਿਰ ਲੋਹੜੀ ਕਾਹਦੀ!”, ਤੇਜੀ ਨੇ ਹੈਰਾਨ ਹੋ ਕੇ ਕਿਹਾ।
“ਲੋਹੜੀ ਤੇ ਖੁਸ਼ੀਆਂ ਤਾਂ ਪੁੱਤ ਮੈਂ ਤੇਰੇ ਜਨਮ ‘ਤੇ ਵੀ ਬੜੀਆਂ ਮਨਾਈਆਂ ਸੀ। ਪਰ ਇੱਕ ਦਿਨ ਵੀ ਤੂੰ ਸੁੱਖ ਨਾ ਦੇਖਣ ਦਿੱਤਾ। ਤੇਰੇ ਨਾਲੋਂ ਆ ਬੇਗਾਨੀ ਧੀ ਚੰਗੀ ਏ, ਜਿਹੜੀ ਸਹਾਰਾ ਦਿੰਦੀ ਆ। ਇਹ ਤਾਂ ਫਿਰ ਵੀ ਮੇਰੀ ਆਪਣੀ ਪੋਤੀ ਏ। ਬਥੇਰਾ ਸੁੱਖ ਦੇਊਗੀ। ਤੇਰੇ ਵਰਗੇ ਨਲਾਇਕ ਪੁੱਤਾਂ ਨਾਲੋਂ ਧੀਆਂ ਸੌ ਗੁਣੀ ਚੰਗੀਆਂ, ਜਿਹੜੀਆਂ ਨਸ਼ੇ ਤੇ ਐਸ਼ਾਂ ਖਾਤਿਰ ਮਾਵਾਂ ਨੂੰ ਕੁੱਟ ਕੇ ਨਹੀਂ ਜਾਂਦੀਆਂ। ਰੱਬ ਨਾ ਕਰੇ ਕਿਸੇ ਮਾਂ ਦੀ ਕੁੱਖੋਂ ਤੇਰਾ ਜਿਹਾ ਤੇਜੀ ਜਨਮ ਲਵੇ। ਮੈਨੂੰ ਤਾਂ ਰੱਬ ਨੇ ਧੀ ਨਹੀਂ ਦਿੱਤੀ, ਮੇਰੇ ਨਾਲੋਂ ਤੂੰ ਕਿਸਮਤ ਵਾਲਾ ਐਂ ਕਿ ਤੇਰੇ ਘਰ ਕੋਈ ਤੇਜੀ ਨਹੀਂ ਜੰਮਿਆ। ਮੈਂ ਤਾਂ ਪੁੱਤਾਂ ਨਾਲੋਂ ਵੱਧ ਕੇ ਲੋਹੜੀ ਮਨਾਊਗੀ ਪੋਤੀ ਦੀ। ਧੀਆਂ ਤਾਂ ਸੁੱਖ ਦਾ ਸਿਰਨਾਵਾਂ ਹੁੰਦੀਆਂ ਨੇ”, ਨਸੀਬ ਕੌਰ ਨੇ ਕਿਹਾ ਤੇ ਤੇਜੀ ਨੀਵੀਂ ਪਾ ਕੇ ਪਰ੍ਹਾਂ ਨੂੰ ਤੁਰ ਗਿਆ।