ਲੰਡਨ, (ਮਨਦੀਪ ਖੁਰਮੀ) – ਲੰਡਨ ਵਾਸੀਆਂ ਦੀ ਜਿਵੇਂ ਆਦਤ ਜਿਹੀ ਹੀ ਬਣ ਗਈ ਹੋਵੇ ਕਿ ਉਹਨਾਂ ਨੇ ਰੋਜ਼ਾਨਾ ਕੋਈ ਨਾ ਕੋਈ ਛੁਰੇਬਾਜੀ ਦੀ ਘਟਨਾ ਸੁਣਨੀ ਹੀ ਹੈ। ਅਜੂਬੇ ਵਰਗੇ ਸਹਿਰ ‘ਚ ਮਨੁੱਖੀ ਜਾਨਾਂ ਥੋਕ ਦੇ ਭਾਅ ਅਜਾਈਂ ਜਾ ਰਹੀਆਂ ਹਨ। 2019 ਦੀ ਆਮਦ ਵੀ ਲੰਡਨ ਨੂੰ ਸੁੱਖ ਦਾ ਸਾਹ ਨਹੀਂ ਦਿਵਾ ਸਕੀ ਬਲਕਿ ਜਨਵਰੀ ਮਹੀਨਾ ਛੁਰੇਬਾਜ਼ੀ ਦੀਆਂ 43 ਘਟਨਾਵਾਂ ਆਪਣੇ ਨਾਮ ਕਰਵਾ ਗਿਆ। ਮੈਟਰੋਪੁਲਿਟਨ ਪੁਲਿਸ ਦੇ ਅੰਕੜੇ ਦੱਸਦੇ ਹਨ ਕਿ ਸਾਲ 2018 ‘ਚ ਛੁਰੇਬਾਜ਼ੀ ਦੀਆਂ ਘਟਨਾਵਾਂ ਵਿੱਚ 16 ਫੀਸਦੀ ਦਾ ਵਾਧਾ ਹੋਇਆ ਸੀ। ਜੋ ਕਿ ਨਿਰੰਤਰ ਆਪਣੀ ਰਾਹ ‘ਤੇ ਹੈ। ਪਿਛਲੇ ਸੱਤ ਸਾਲਾਂ ਦੇ ਮੁਕਾਬਲੇ ਮਾਰਚ 2018 ਤੱਕ ਚਾਕੂ ਜਾਂ ਤੇਜ਼ਧਾਰ ਹਥਿਆਰਾਂ ਨਾਲ ਵਾਪਰੀਆਂ ਘਟਨਾਵਾਂ ਦੀ ਗਿਣਤੀ 40147 ਦਰਜ਼ ਕੀਤੀ ਗਈ ਸੀ। ਉਸ ਤੋਂ ਬਾਅਦ ਅਪ੍ਰੈਲ ਤੱਕ ਹੀ 1299 ਘਟਨਾਵਾਂ ਵਾਪਰ ਚੁੱਕੀਆਂ ਹਨ। ਕੋਕੀਨ ਵਰਗੇ ਮਾਰੂ ਨਸ਼ਿਆਂ ਦੇ ਹੜ੍ਹ ਨੂੰ ਵੀ ਅਜਿਹੇ ਜ਼ੁਰਮਾਂ ਦੇ ਵਾਧੇ ਦਾ ਵੱਡਾ ਕਾਰਨ ਮੰਨਿਆ ਜਾ ਰਿਹਾ ਹੈ। ਪਿਛਲੇ ਸਾਲ ਫਰਵਰੀ ਮਹੀਨੇ ਸਿਰਫ ਇੱਕ ਹਫ਼ਤੇ ‘ਚ 250 ਦੇ ਲਗਭਗ ਚਾਕੂ ਤੇ ਤੇਜ਼ਧਾਰ ਹਥਿਆਰ ਪੁਲਿਸ ਵੱਲੋਂ ਜ਼ਬਤ ਕੀਤੇ ਗਏ ਸਨ ਤੇ 283 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ ਜਿਹਨਾਂ ਵਿੱਚੋਂ ਜਿਆਦਾਤਰ ਅੱਲੜ੍ਹ ਉਮਰ ਦੇ ਸਨ। ਜਦੋਂ ਸਾਰਾ ਦੇਸ਼ ਨਵੇਂ ਸਾਲ ਦੇ ਜਸ਼ਨ ਮਨਾ ਰਿਹਾ ਸੀ ਤਾਂ 1 ਜਨਵਰੀ 2019 ਨੂੰ 33 ਸਾਲਾ ਸ਼ਾਰਲਟ ਹਗਿਨਜ਼ ਆਪਣੇ ਘਰ ਵਿੱਚ ਹੀ ਚਾਕੂ ਨਾਲ ਹੋਏ ਹਮਲੇ ਤੋਂ ਬਾਅਦ ਜ਼ਿੰਦਗੀ ਮੌਤ ਦੀ ਲੜਾਈ ਲੜ ਰਹੀ ਸੀ। 4:20 ਸਵੇਰੇ ਉਸਦੀ ਮੌਤ ਹੋਣ ਨਾਲ ਉਹਦਾ ਨਾਂ ਲੰਡਨ ‘ਚ ਨਵੇਂ ਸਾਲ ਦਾ ਪਹਿਲਾ ਕਤਲ ਹੋ ਨਿੱਬੜਿਆ। ਪੂਰੇ ਮਹੀਨੇ ਵਿੱਚੋਂ 3, 10, 13, 16, 18, 25, 27 ਤੇ 28 ਜਨਵਰੀ ਨੂੰ ਪੁਲਿਸ ਨੇ ਸੁੱਖ ਦਾ ਸਾਹ ਲਿਆ। ਬੇਸ਼ੱਕ ਇਹ ਘਟਨਾਵਾਂ ਅਕਸਰ ਹੀ ਗੈਂਗਾਂ ਦੀ ਆਪਸੀ ਖਹਿਬਾਜ਼ੀ ਜਾਂ ਜਿਆਦਾਤਰ ਨਸ਼ਿਆਂ ਦੇ ਪ੍ਰਭਾਵ ਹੇਠ ਵਾਪਰਦੀਆਂ ਹਨ ਪਰ ਸ਼ਾਂਤੀਪਸੰਦ ਤੇ ਕੰਮਕਾਜੀ ਸਹਿਰੀ ਖੌਫ਼ ਦੇ ਮਾਹੌਲ ‘ਚ ਵਿਚਰਦੇ ਨਜ਼ਰ ਆਉਂਦੇ ਹਨ ਕਿ ਕੀ ਪਤਾ, ਕਦੋਂ ਕਿਸ ਪਾਸਿਉਂ ਚਾਕੂ ਪੇਟ ਦੇ ਆਰ ਪਾਰ ਹੋ ਜਾਵੇ? ਨਸ਼ਾ ਤਸਕਰਾਂ ਦੀ ਆਪਸੀ ਖਹਿਬਾਜ਼ੀ ਦਾ ਹੀ ਨਤੀਜਾ ਸੀ ਕਿ ਪਿੱਛਲੇ ਸਾਲ 19 ਮਾਰਚ ਨੂੰ ਸਲੌਅ ਦੇ ਪੰਜਾਬੀ ਬਲਬੀਰ ਜੌਹਲ ਨੂੰ ਸਾਊਥਾਲ ਵਿੱਚ ਚਾਕੂ ਮਾਰ ਕੇ ਮਾਰ ਦਿੱਤਾ ਸੀ। ਹਸਨ ਮੁਹੰਮਦ ਨਾਂ ਦੇ ਕਾਤਲ ਨੌਜਵਾਨ ਨੂੰ ਉਮਰ ਕੈਦ ਹੋਈ ਸੀ। ਅਦਾਲਤੀ ਕਾਰਵਾਈ ਦੌਰਾਨ ਇਹ ਤੱਥ ਸਾਹਮਣੇ ਆਏ ਸਨ ਕਿ ਕਤਲ ਦੀ ਵਜ੍ਹਾ ਇੱਕ ਦੂਜੇ ਦੇ ਇਲਾਕੇ ਵਿੱਚ ਨਸ਼ਾ ਵੇਚਣਾ ਹੀ ਸੀ।
ਲੰਡਨ ‘ਚ ਜਨਵਰੀ ਮਹੀਨੇ ਕੜਾਕੇ ਦੀ ਠੰਢ ‘ਚ ਵੀ ਛੁਰੇਬਾਜ਼ੀ ਦੀ ਗਰਮਾਇਸ਼ ਬਰਕਰਾਰ
This entry was posted in ਅੰਤਰਰਾਸ਼ਟਰੀ.