ਨਵੀਂ ਦਿੱਲੀ – ਸੁਪਰੀਮ ਕੋਰਟ ਨੇ ਬਸਪਾ ਮੁੱਖੀ ਮਾਇਆਵਤੀ ਨੂੰ ਉਹ ਸਾਰੇ ਪੈਸੇ ਵਾਪਿਸ ਕਰਨ ਲਈ ਕਿਹਾ ਹੈ ਜੋ ਉਸ ਨੇ ਆਪਣੀਆਂ ਅਤੇ ਹਾਥੀ ਦੀਆਂ ਮੂਰਤੀਆਂ ਬਣਾਉਣ ਤੇ ਖਰਚ ਕੀਤੇ ਹਨ। ਅਦਾਲਤ ਨੇ ਇਹ ਆਦੇਸ਼ ਇੱਕ ਪਟੀਸ਼ਨ ਦੀ ਸੁਣਵਾਈ ਦੌਰਾਨ ਦਿੱਤਾ। ਇਸ ਆਦੇਸ਼ ਵਿੱਚ ਇਹ ਕਿਹਾ ਗਿਆ ਸੀ ਕਿ ਉਹ ਅੱਗੇ ਤੋਂ ਲੋਕਾਂ ਦੇ ਪੈਸੇ ਦੀ ਵਰਤੋਂ ਮੂਰਤੀਆਂ ਦੇ ਨਿਰਮਾਣ ਵਿੱਚ ਨਾ ਕਰੇ। ਚੀਫ਼ ਜਸਟਿਸ ਗੋਗੋਈ ਇਸ ਪਟੀਸ਼ਨ ਤੇ 2 ਅਪਰੈਲ ਨੂੰ ਸੁਣਵਾਈ ਕਰਨਗੇ।
ਸਾਲ 2009 ਵਿੱਚ ਰਵੀਕਾਂਤ ਅਤੇ ਕੁਝ ਹੋਰ ਲੋਕਾਂ ਨੇ ਇਸ ਸਬੰਧੀ ਸੁਪਰੀਮ ਕੋਰਟ ਵਿੱਚ ਇੱਕ ਪਟੀਸ਼ਨ ਦਾਇਰ ਕੀਤੀ ਸੀ। ਜਿਸ ਤੇ ਸੁਣਵਾਈ ਕਰਦੇ ਹੋਏ ਅਦਾਲਤ ਨੇ ਕਿਹਾ ਹੈ ਕਿ ਮਾਇਆਵਤੀ ਨੂੰ ਮੂਰਤੀਆਂ ਤੇ ਖਰਚ ਕੀਤੇ ਗਏ ਸਾਰੇ ਪੈਸੇ ਸਰਕਾਰੀ ਖਜ਼ਾਨੇ ਵਿੱਚ ਜਮ੍ਹਾਂ ਕਰਵਾਉਣੇ ਹੋਣਗੇ। ਇਸ ਕੇਸ ਦੀ ਸੁਣਵਾਈ ਕਰਦੇ ਹੋਏ ਮੁੱਖ ਜੱਜ ਰੰਜਨ ਗੋਗੋਈ ਨੇ ਮਾਇਆਵਤੀ ਦੇ ਵਕੀਲ ਨੂੰ ਕਿਹਾ ਕਿ ਆਪਣੇ ਮੁਵਕਿਲ ਨੂੰ ਕਹਿ ਦੇਵੋ ਕਿ ਉਹ ਮੂਰਤੀਆਂ ਤੇ ਖਰਚ ਹੋਏ ਪੈਸੇ ਨੂੰ ਸਰਕਾਰੀ ਖਜ਼ਾਨੇ ਵਿੱਚ ਜਮ੍ਹਾਂ ਕਰਵਾ ਦੇਵੇ।