ਮੁੰਬਈ – ਬਾਲੀਵੁੱਡ ਦੇ ਪ੍ਰਸਿੱਧ ਅਭਿਨੇਤਾ ਅਤੇ ਡਾਇਰੈਕਟਰ ਅਮੋਲ ਪਾਲਕਰ ਦੀਆਂ ਭਾਵਨਾਵਾਂ ਨੂੰ ਉਸ ਸਮੇਂ ਠੇਸ ਪਹੁੰਚੀ ਜਦੋਂ ਨੈਸ਼ਨਲ ਗੈਲਰੀ ਆਫ਼ ਮਾਡਰਨ ਆਰਟ (ਐਨਜੀਐਮਏ) ਦੇ ਕੁਝ ਮੈਂਬਰਾਂ ਵੱਲੋਂ ਲਗਾਤਾਰ ਉਨ੍ਹਾਂ ਦੇ ਭਾਸ਼ਣ ਦੌਰਾਨ ਵਿਘਨ ਪਾਇਆ ਗਿਆ। ਉਨ੍ਹਾਂ ਉਪਰ ਏਨਾ ਜਿਆਦਾ ਦਬਾਅ ਪਾਇਆ ਗਿਆ ਕਿ ਉਹ ਆਪਣਾ ਭਾਸ਼ਣ ਪੂਰਾ ਨਹੀਂ ਕਰ ਸਕੇ।
ਅਸਲ ਵਿੱਚ ਅਮੋਲ ਪਾਲਕਰ ਆਰਟਿਸਟ ਪ੍ਰਭਾਕਰ ਬਾਰਵੇ ਦੀ ਯਾਦ ਵਿੱਚ ਆਯੋਜਿਤ ‘ਇਨਸਾਈਡ ਦ ਐਂਪਟੀ ਬਾਕਸ’ ਪ੍ਰਦਰਸ਼ਨੀ ਵਿੱਚ ਬੋਲ ਰਹੇ ਸਨ। ਸੋਸ਼ਲ ਮੀਡੀਆ ਤੇ ਚੱਲ ਰਹੇ ਇੱਕ ਵੀਡੀਓ ਵਿੱਚ ਵਿਖਾਈ ਦੇ ਰਿਹਾ ਹੈ ਕਿ ਉਹ ਐਨਜੀਐਮਏ ਦੇ ਮੁੰਬਈ ਅਤੇ ਬੰਗਲੂਰੂ ਕੇਂਦਰਾਂ ਦੀ ਐਡਵਾਇਜਰੀ ਕਮੇਟੀ ਨੂੰ ਸਮਾਪਤ ਕਰਨ ਦੇ ਮੁੱਦੇ ਤੇ ਭਾਰਤ ਦੇ ਸੰਸਕ੍ਰਿਤੀ ਵਿਭਾਗ ਦੀ ਆਲੋਚਨਾ ਕਰ ਰਹੇ ਹਨ। ਸਟੇਜ ਤੇ ਮੌਜੂਦ ਐਨਜੀਐਮਏ ਦੇ ਇੱਕ ਮੈਂਬਰ ਨੇ ਇਸ ਦਾ ਵਿਰੋਧ ਕਰਦੇ ਹੋਏ ਕਿਹਾ ਕਿ ਉਨ੍ਹਾਂ ਨੂੰ ਪ੍ਰੋਗਰਾਮ ਦੇ ਸਬੰਧ ਵਿੱਚ ਹੀ ਗੱਲ ਕਰਨੀ ਚਾਹੀਦੀ ਹੈ। ਇਸ ਤੇ ਅਮੋਲ ਪਾਲਕਰ ਨੇ ਕਿਹਾ ਕਿ ਉਹ ਇਸ ਬਾਰੇ ਹੀ ਗੱਲ ਕਰਨ ਜਾ ਰਹੇ ਹਨ। ਕੀ ਤੁਸੀਂ ਸੈਂਸਰਸਿ਼ਪ ਲਗਾ ਰਹੇ ਹੋ? ਇਸ ਤੇ ਉਨ੍ਹਾਂ ਨੂੰ ਭਾਸ਼ਣ ਜਲਦੀ ਸਮਾਪਤ ਕਰਨ ਲਈ ਵੀ ਕਿਹਾ ਗਿਆ।
ਉਹ ਫਿਰ ਤੋਂ ਇਸ ਵਿਭਾਗ ਦੀ ਆਲੋਚਨਾ ਕਰਨ ਲਗ ਗਏ। ਇਕ ਮਹਿਲਾ ਨੇ ਇਸ ਦਾ ਵਿਰੋਧ ਕੀਤਾ ਅਤੇ ਕਿਹਾ ਕਿ ਇਹ ਪ੍ਰੋਗਰਾਮ ਪ੍ਰਭਾਕਰ ਬਾਰਵੇ ਦੇ ਸਬੰਧ ਵਿੱਚ ਹੈ ਅਤੇ ਆਪ ਉਨ੍ਹਾਂ ਬਾਰੇ ਹੀ ਆਪਣੇ ਵਿਚਾਰ ਪੇਸ਼ ਕਰੋ। ਜਦੋਂ ਉਨ੍ਹਾਂ ਨੇ ਇਸ ਗੱਲ ਨੂੰ ਮੰਨਣ ਤੋਂ ਇਨਕਾਰ ਕਰ ਦਿੱਤਾ ਤਾਂ ਉਨ੍ਹਾਂ ਨੂੰ ਭਾਸ਼ਣ ਦੌਰਾਨ ਲਗਾਤਾਰ ਟੋਕਿਆ ਗਿਆ, ਜਿਸ ਕਰਕੇ ਉਹ ਆਪਣਾ ਭਾਸ਼ਣ ਪੂਰਾ ਕੀਤੇ ਬਿਨਾਂ ਹੀ ਆ ਗਏ।