ਨਵੀਂ ਦਿੱਲੀ – ਲੋਕਸਭਾ ਵਿੱਚ ਰਾਫੇਲ ਡੀਲ ਨੂੰ ਲੈ ਕੇ ਅੱਜ ਜਬਰਦਸਤ ਹੰਗਾਮਾ ਹੋਇਆ। ਵਿਰੋਧੀ ਦਲਾਂ ਵੱਲੋਂ ‘ਚੌਂਕੀਦਾਰ ਚੋਰ ਹੈ’ ਦੇ ਨਾਅਰੇ ਲਗਾਏ ਗਏ। ਇਸ ਵਿਰੋਧ ਨੂੰ ਵੇਖਦੇ ਹੋਏ ਸਪੀਕਰ ਨੇ ਸਦਨ ਦੀ ਕਾਰਵਾਈ 12 ਵਜੇ ਤੱਕ ਰੋਕ ਦਿੱਤੀ। ਵਿਰੋਧੀ ਦਲਾਂ ਦੇ ਸਾਂਸਦਾਂ ਨੇ ਬਾਹਰ ਆ ਕੇ ਸੰਸਦ ਦੇ ਅਹਾਤੇ ਵਿੱਚ ਪ੍ਰਦਰਸ਼ਨ ਕੀਤਾ। ਬੱਜਟ ਸੈਸ਼ਨ ਦਾ ਅੱਜ ਆਖਰੀ ਦਿਨ ਸੀ।
ਰਾਫੇਲ ਡੀਲ ਨੂੰ ਲੈ ਕੇ ਕਾਂਗਰਸ ਦੇ ਆਰੋਪਾਂ ਕਰਕੇ ਮੋਦੀ ਸਰਕਾਰ ਨੇ ਮੰਗਲਵਾਰ ਨੂੰ ਸੰਸਦ ਵਿੱਚ ਕੈਗ ਦੀ ਰਿਪੋਰਟ ਪੈਸ਼ ਕੀਤੀ। ਇਸ ਦੌਰਾਨ ਵਿਰੋਧੀ ਧਿਰਾਂ ਨੇ ਜੇਪੀਸੀ ਤੋਂ ਜਾਂਚ ਕਰਵਾਉਣ ਦੇ ਲਈ ਜਮ ਕੇ ਹੰਗਾਮਾ ਕੀਤਾ। ਫਰਾਂਸ ਦੇ ਨਾਲ ਕੀਤੇ ਗਏ ਰਾਫੇਲ ਸੌਦੇ ਵਿੱਚ ਕਾਂਗਰਸ ਲਗਾਤਾਰ ਮੋਦੀ ਸਰਕਾਰ ਤੇ ਘੱਪਲੇਬਾਜ਼ੀ ਦੇ ਆਰੋਪ ਲਗਾਉਂਦੀ ਆ ਰਹੀ ਹੈ। ਕਾਂਗਰਸ ਨੇ ਰਿਪੋਰਟ ਆਉਣ ਤੋਂ ਪਹਿਲਾਂ ਹੀ ਇਸ ਸਬੰਧੀ ਸਵਾਲ ਉਠਾਏ ਸਨ।
ਅਪ੍ਰੈਲ-ਮਈ ਵਿੱਚ ਲੋਕਸਭਾ ਚੋਣਾਂ ਹੋ ਰਹੀਆਂ ਹਨ। ਇਹ 16ਵੀਂ ਲੋਕਸਭਾ ਦਾ ਆਖਰੀ ਸੈਸ਼ਨ ਹੈ। ਬੱਜਟ ਸੈਸ਼ਨ ਸਮਾਪਤ ਹੋਣ ਦੇ ਇੱਕ ਦਿਨ ਪਹਿਲਾਂ ਸਰਕਾਰ ਨੇ ਲੋਕਸਭਾ ਵਿੱਚ ਇਸ ਬਾਰੇ ਰਿਪੋਰਟ ਰੱਖੀ। ਜਿਸ ਸਮੇਂ ਮੋਦੀ ਸਰਕਾਰ ਨੇ 36 ਰਾਫੇਲ ਖ੍ਰੀਦਣ ਦਾ ਸੌਦਾ ਕੀਤਾ ਸੀ ਅਤੇ ਯੂਪੀਏ ਸਰਕਾਰ ਦੇ ਸਮੇਂ 126 ਰਾਫੇਲ ਦੀ ਖ੍ਰੀਦ ਦਾ ਸੌਦਾ ਰੱਦ ਕੀਤਾ ਗਿਆ ਸੀ, ਰਾਜੀਵ ਮਹਾਰਿਸ਼ੀ ਉਸ ਸਮੇਂ ਦੇਸ਼ ਦੇ ਵਿੱਤੀ ਸਕੱਤਰ ਸਨ। ਹੁਣ ਉਹ ਕੈਗ ਦੇ ਅਹੁਦੇ ਤੇ ਵਿਰਾਜਮਾਨ ਹਨ।