ਪਟਿਆਲਾ -: ਭਾਈ ਸਾਹਿਬ ਭਾਈ ਰਣਧੀਰ ਸਿੰਘ ਦੇ ਪੁਰਾਤਨ ਸੰਗੀ ਸਾਥੀ ਭਾਈ ਮੋਹਨ ਸਿੰਘ ਗਾਰਡ ਹੈਦਰਾਵਾਦ ਵਿਖੇ ਸਵਰਗ ਸਿਧਾਰ ਗਏ ਹਨ। ਆਪ ਇੱਕ ਨਾਮਵਰ ਵਿਦਵਾਨ, ਖੋਜੀ, ਲੇਖਕ, ਗੁਰਬਾਣੀ ਦੇ ਰਸੀਏ, ਰੰਗਲੇ ਸੱਜਣ, ਚੰਗੇ ਪਾਠੀ ਅਤੇ ਪੰਥਕ ਮਰਿਆਦਾ ਦੀ ਡੱਟਕੇ ਪਹਿਰੇਦਾਰੀ ਕਰਨ ਵਾਲੇ ਗੁਰਸਿੱਖ ਸਨ। ਉਹ 7 ਫਰਵਰੀ ਨੂੰ ਹੈਦਰਾਵਾਦ ਵਿਖੇ ਅਕਾਲ ਚਲਾਣਾ ਕਰ ਗਏ ਸਨ। ਉਨ੍ਹਾਂ ਦੇ ਸਸਕਾਰ ਵਿਚ ਵੱਡੀ ਗਿਣਤੀ ਵਿਚ ਗੁਰਸਿੱਖ ਵਿਦਵਾਨ ਅਤੇ ਪ੍ਰੀਤਵਾਨ ਸ਼ਾਮਲ ਹੋਏ ਸਨ। ਕੈਨੇਡਾ ਤੋਂ ਹਰਿਦਰਸ਼ਨ ਮੈਮੋਰੀਅਲ ਇੰਟਰਨੈਸ਼ਨਲ ਟਰੱਸਟ ਦੇ ਰੂਹੇ ਰਵਾਂ ਭਾਈ ਜੈਤੇਗ ਸਿੰਘ ਅਨੰਤ ਅਤੇ ਇੰਡੀਅਨ ਚੈਪਟਰ ਦੇ ਮੁੱਖ ਕੋਆਰਡੀਨੇਟਰ ਉਜਾਗਰ ਸਿੰਘ ਨੇ ਸਾਂਝੇ ਤੌਰ ਤੇ ਇਸ ਮਹਾਨ ਸ਼ਖ਼ਸ਼ੀਅਤ ਦੇ ਵਿਛੋੜੇ ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।
ਉਨ੍ਹਾਂ ਦੇ ਪਰਿਵਾਰ ਵੱਲੋਂ 10 ਫਰਵਰੀ ਨੂੰ ਹੈਦਰਾਵਾਦ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅਖੰਡਪਾਠ ਦੇ ਭੋਗ ਤੋਂ ਬਾਅਦ ਅੰਤਮ ਅਰਦਾਸ ਕੀਤੀ ਗਈ, ਜਿਸ ਵਿਚ ਵੱਡੀ ਗਿਣਤੀ ਵਿਚ ਸਿੱਖ ਸੰਗਤਾਂ ਨੇ ਸ਼ਮੂਲੀਅਤ ਕੀਤੀ। ਇਸੇ ਦਿਨ ਅੰਮ੍ਰਿਤਸਰ ਵਿਖੇ ਰੰਗਲੇ ਸੱਜਣ ਟਰੱਸਟ ਨੇ ਉਨ੍ਹਾਂ ਦੀ ਯਾਦ ਵਿਚ ਸਮਾਗਮ ਆਯੋਜਤ ਕਰਕੇ ਵੈਰਾਗਮਈ ਕੀਰਤਨ ਕੀਤਾ ਗਿਆ। ਇਸੇ ਤਰ੍ਹਾਂ ਫਤਿਹ ਕਮਰ ਦਿੱਲੀ ਵਿਚ ਵੀ ਇੱਕ ਵਿਸ਼ੇਸ ਸਮਾਗਮ ਵਿਚ ਭਾਈ ਮੋਹਨ ਸਿੰਘ ਗਾਰਡ ਨੂੰ ਸ਼ਰਧਾਂਜਲੀਆਂ ਭੇਂਟ ਕੀਤੀਆਂ ਗਈਆਂ। ਭਾਈ ਸਾਹਿਬ ਨੇ ਆਪਣੀ ਸਾਰੀ ਜ਼ਿੰਦਗੀ ਖਾਲਸਾ ਪੰਥ ਦੀ ਚੜ੍ਹਦੀ ਕਲਾ ਅਤੇ ਸਰਬਤ ਦੇ ਭਲੇ ਲਈ ਅਰਪਨ ਕਰ ਦਿੱਤੀ।
ਬਰਤਾਨੀਆਂ, ਅਮਰੀਕਾ, ਕੈਨੇਡਾ ਅਤੇ ਆਸਟਰੇਲੀਆ ਤੋਂ ਵੱਡੀ ਗਿਣਤੀ ਵਿਚ ਸ਼ੋਕ ਸੰਦੇਸ਼ ਆ ਰਹੇ ਹਨ। ਕੁਝ ਸਾਲ ਪਹਿਲਾਂ ਹਰਿਦਰਸ਼ਨ ਮੈਮੋਰੀਅਲ ਟਰੱਸਟ ਵੱਲੋਂ ਉਨ੍ਹਾਂ ਨੂੰ ਸਰਵਉਚ ਭਾਈ ਰਣਧੀਰ ਸਿੰਘ ਯਾਦਗਾਰੀ ਅਵਾਰਡ ਉਦੋਂ ਦੇ ਉਪਕੁਲਪਤੀ ਪੰਜਾਬੀ ਯੂਨੀਵਰਸਿਟੀ ਡਾ ਜਸਪਾਲ ਸਿੰਘ ਰਾਹੀਂ ਭੇਂਟ ਕੀਤਾ ਗਿਆ ਸੀ।