ਕੈਲਗਰੀ: ਕੈਲਗਰੀ ਵੂਮੈਨ ਕਲਚਰਲ ਐਸੋਸੀਏਸ਼ਨ ਦੀ ਫਰਵਰੀ ਮਹੀਨੇ ਦੀ ਮੀਟਿੰਗ, ਇਸ ਮਹੀਨੇ ਦੇ ਤੀਜੇ ਸ਼ਨੀਵਾਰ, ਜੈਂਸਿਸ ਸੈਂਟਰ ਵਿਖੇ, ਭਰਵੀਂ ਹਾਜ਼ਰੀ ਵਿੱਚ ਹੋਈ- ਜਿਸ ਵਿੱਚ ‘ਹੈਲਦੀ ਡਾਈਟ’ ਬਾਰੇ ਜਾਣਕਾਰੀ ਦੇਣ ਲਈ, ਡਾ. ਪੂਨਮ ਚੌਹਾਨ ਉਚੇਚੇ ਤੌਰ ਤੇ ਪਹੁੰਚੇ। ਸਭ ਤੋਂ ਪਹਿਲਾਂ, ਸਕੱਤਰ ਗੁਰਦੀਸ਼ ਕੌਰ ਗਰੇਵਾਲ ਨੇ ਕੜਾਕੇ ਦੀ ਠੰਢ ਵਿੱਚ ਦੂਰੋਂ ਨੇੜਿਉਂ ਪੁੱਜੇ ਸਾਰੇ ਮੈਂਬਰਾਂ ਅਤੇ ਵਿਸ਼ੇਸ਼ ਕਰਕੇ ਨਵੇਂ ਆਇਆਂ- ਮਨਜੀਤ ਕੌਰ, ਸੁਖਵੰਤ ਬਰਾੜ, ਡਾ. ਪੂਨਮ ਅਤੇ ਹਰਭਜਨ ਕੌਰ ਮਾਤਾ ਜੀ ਦਾ ਸੁਆਗਤ ਕੀਤਾ। ਪਿਛਲੇ ਦਿਨੀਂ ਵਾਪਰੀਆਂ ਕੁੱਝ ਦੁਖਦਾਈ ਘਟਨਾਵਾਂ ਦਾ ਜ਼ਿਕਰ ਕਰਦਿਆਂ, ਸਭਾ ਵਲੋਂ ਸ਼ੋਕ ਪ੍ਰਗਟ ਕੀਤਾ ਗਿਆ- ਜਿਸ ਵਿੱਚ- ਕਸ਼ਮੀਰ ,ਚ ਹੋਏ ਬੰਬ ਬਲਾਸਟ ਕਾਰਨ 44 ਫੌਜੀ ਜਵਾਨਾਂ ਦੀ ਸ਼ਹਾਦਤ, ਲੁਧਿਆਣਾ ਗੈਂਗਰੇਪ ਕੇਸ ਅਤੇ ਆਪਣੀਆਂ ਹੱਕੀ ਮੰਗਾਂ ਲਈ ਮਾਰਚ ਕਰਦੇ ਅਧਿਆਪਕਾਂ ਤੇ ਤਸ਼ੱਦਦ- ਸ਼ਾਮਲ ਸਨ।
ਖੁਸ਼ੀ ਗਮੀ ਹਮੇਸ਼ਾ ਨਾਲ ਨਾਲ ਚਲਦੀਆਂ ਹਨ। ਸੋ ਇਸ ਤੋਂ ਬਾਅਦ ਕੁੱਝ ਖੁਸ਼ੀ ਦੀਆਂ ਖਬਰਾਂ ਵੀ ਸਾਂਝੀਆਂ ਕੀਤੀਆਂ ਗਈਆਂ। ਸੁਰਿੰਦਰ ਢੱਟ ਦੇ ਦੋਹਤੇ ਅਤੇ ਹਰਜੀਤ ਜੌਹਲ ਦੇ ਪੋਤੇ ਦੀ, ਦੋਹਾਂ ਮੈਂਬਰਾਂ ਨੂੰ ਭਰਪੂਰ ਤਾੜੀਆਂ ਨਾਲ ਵਧਾਈ ਦਿੱਤੀ ਗਈ। ਸਭਾ ਵਲੋਂ, ਕੋਆਰਡੀਨੇਟਰ ਗੁਰਚਰਨ ਥਿੰਦ ਨੂੰ, ਉਹਨਾਂ ਦੀ ਨੌਵੀਂ ਪੁਸਤਕ ‘ਕੈਨੇਡੀਅਨ ਕੂੰਜਾਂ’ ਦੇ ਇੰਡੀਆ ਵਿੱਚ ਹੋਏ ਰਲੀਜ਼ ਸਮਾਗਮ ਤੋਂ ਇਲਾਵਾ, 19 ਫਰਵਰੀ ਨੂੰ ਆ ਰਹੇ, ਭਗਤ ਰਵਿਦਾਸ ਜੀ ਦੇ ਪ੍ਰਕਾਸ਼ ਪੁਰਬ ਦੀ ਵੀ ਸਭ ਨੂੰ ਵਧਾਈ ਦਿੱਤੀ। 21 ਫਰਵਰੀ ਨੂੰ ਆ ਰਹੇ ‘ਇੰਟਰਨੈਸ਼ਨਲ ਮਦਰ ਲੈਂਗੂਏਜ ਡੇ’ ਦੀ ਗੱਲ ਕਰਦਿਆਂ, ਸਕੱਤਰ ਨੇ ਸਮੂਹ ਮੈਂਬਰਾਂ ਨੂੰ ਆਪਣੀ ਨਵੀਂ ਪੀੜ੍ਹੀ ਨੂੰ, ਆਪਣੀ ਮਾਂ-ਬੋਲੀ ਨਾਲ ਜੋੜਨ ਲਈ ਬੇਨਤੀ ਕੀਤੀ। ਉਹਨਾਂ ਇਹ ਵੀ ਕਿਹਾ ਕਿ ਇਹਨਾਂ ਮੁਲਕਾਂ ਵਿੱਚ, ਆਪਾਂ ਆਪਣੇ ਬੱਚਿਆਂ ਨੂੰ ਘੱਟੋ ਘੱਟ ਪੰਜਾਬੀ ਬੋਲਣੀ ਤੇ ਸਮਝਣੀ ਜਰੂਰ ਸਿਖਾ ਦੇਈਏ। ਇਸ ਦੇ ਨਾਲ ਹੀ ਪੰਜਾਬੀ ਲਿਖਾਰੀ ਸਭਾ ਵਲੋਂ, 23 ਮਾਰਚ ਨੂੰ ਹੋ ਰਹੇ, ਪੰਜਾਬੀ ਬੋਲਣ ਦੇ ਮੁਕਾਬਲੇ ਦੇ ਸਮਾਗਮ ਦੀ ਸੂਚਨਾ ਵੀ ਦਿੱਤੀ ਅਤੇ ਉਸ ਵਿੱਚ ਆਪਣੇ ਬੱਚਿਆਂ ਨੂੰ ਭੇਜਣ ਦੀ ਤਾਕੀਦ ਵੀ ਕੀਤੀ।
ਸਭਾ ਦੇ ਪ੍ਰਧਾਨ ਡਾ. ਬਲਵਿੰਦਰ ਕੌਰ ਬਰਾੜ ਨੇ ਅਧਿਆਪਕ ਤੇ ਵਿਦਿਆਰਥੀ ਦੇ ਰਿਸ਼ਤੇ ਦੀ ਗੱਲ ਕਰਦਿਆਂ ਕਿਹਾ ਕਿ-‘ਮਾਂ ਅਤੇ ਅਧਿਆਪਕ ਹੀ ਹਨ, ਜੋ ਬੱਚਿਆਂ ਦੀ ਪ੍ਰਾਪਤੀ ਤੇ ਦਿਲੋਂ ਖੁਸ਼ ਹੁੰਦੇ ਹਨ’। ਉਹਨਾਂ ਨੇ, ਨਵੇਂ ਮੈਂਬਰਾਂ ਨੂੰ ਡਾਇਰੀ ਤੇ ਪੈੱਨ ਤੋਹਫੇ ਵਜੋਂ ਦਿੰਦਿਆਂ ਹੋਇਆਂ ਕਿਹਾ ਕਿ- ‘ਡਾਇਰੀ ਲਿਖਣ ਵਾਲਾ ਇਨਸਾਨ ਇੱਕ ਦਿਨ ਲੇਖਕ ਵੀ ਬਣ ਸਕਦਾ ਹੈ’। ਗੁਰਚਰਨ ਥਿੰਦ ਨੇ ਆਪਣੀ ‘ਵਤਨ ਫੇਰੀ’ ਦੀਆਂ ਯਾਦਾਂ ਸਾਂਝੀਆਂ ਕਰਦਿਆਂ ਹੋਇਆਂ ਦੱਸਿਆ ਕਿ- ਇਸ ਵਾਰੀ ਉਹਨਾਂ ਨੇ ਆਪਣੇ ਲੇਖਕ ਭਰਾ ਨਾਲ ਰਲ਼ ਕੇ ਆਪਣੇ ਪਿੰਡ ਦੇ ਗੁਰਦੁਆਰੇ ਵਿੱਚ, ਆਪਣੇ ਪਿਤਾ ਜੀ ਦੇ ਨਾਮ ਤੇ ਲਾਇਬ੍ਰੇਰੀ ਕਾਇਮ ਕੀਤੀ- ਜਿਸ ਲਈ ਅਲਮਾਰੀ ਸਮੇਤ ਆਪਣੀਆਂ ਇੰਡੀਆ ਪਈਆਂ ਸਾਰੀਆਂ ਪੁਸਤਕਾਂ ਦਾਨ ਕੀਤੀਆਂ। ਉਹਨਾਂ ਦੇ ਇਸ ਕਾਰਜ ਦੀ ਸਭਾ ਵਲੋਂ ਸ਼ਲਾਘਾ ਕੀਤੀ ਗਈ। ਉਹਨਾਂ ਸਿਧਵਾਂ ਗਰਲਜ਼ ਕਾਲਜ ਵਿੱਚ ਹੋਏ ਆਪਣੇ ਰੂ-ਬ-ਰੂ ਦਾ ਜ਼ਿਕਰ ਕਰਦਿਆਂ, ਸਿੱਧਵਾਂ ਦੇ ਲੜਕੀਆਂ ਲਈ ਬਣੇ ਵਿਦਿਅਕ ਅਦਾਰਿਆਂ ਦਾ ਇਤਿਹਾਸ ਵੀ ਸਾਂਝਾ ਕੀਤਾ। ਇਸ ਤੋਂ ਬਿਨਾਂ- ਪੰਜਾਬੀ ਯੂਨੀਵਰਸਿਟੀ ਵਿੱਚ ਹੋਈ ਵਿਸ਼ਵ ਪੰਜਾਬੀ ਕਾਨਫਰੰਸ ਅਤੇ ਗੌਰਮਿੰਟ ਕਾਲਜ ਫਾਰ ਵੂਮੈਨ, ਲੁਧਿਆਣਾ ‘ਚ ਹੋਏ ਆਪਣੇ ਪੁਸਤਕ ਰਲੀਜ਼ ਸਮਾਗਮ ਦੇ ਅਨੁਭਵ ਵੀ ਸਾਂਝੇ ਕੀਤੇ।
ਉਚੇਚੇ ਤੌਰ ਤੇ ਪਹੁੰਚੇ, ਡਾ. ਪੂਨਮ ਨੇ ਆਪਣੀ ਜਾਣ-ਪਛਾਣ ਕਰਾਉਣ ਬਾਅਦ, ‘ਹੈਲਦੀ ਡਾਈਟ’ ਬਾਰੇ ਆਪਣੇ ਕੀਮਤੀ ਵਿਚਾਰਾਂ ਦੀ ਸਾਂਝ ਪਾਈ। ਉਹਨਾਂ ਕਿਹਾ ਕਿ- ਹੁਣ ਤਾਂ ਮੈਡੀਕਲ ਸਾਇੰਸ ਨੇ ਵੀ ਇਹ ਮੰਨ ਲਿਆ ਹੈ ਕਿ- ਸਾਡੇ ਸਰੀਰ ਵਿੱਚ ਦੋ ਦਿਮਾਗ ਹਨ- ਇੱਕ ਸਾਡੇ ਪੇਟ ਵਿੱਚ ਤੇ ਦੂਜਾ ਸਿਰ ਵਿੱਚ। ਸਾਡਾ ਸਿਰ ਵਾਲਾ ਦਿਮਾਗ, ਸਾਡੀ ਪਾਚਨ ਸ਼ਕਤੀ ਤੇ ਹੀ ਨਿਰਭਰ ਹੈ। ਸੋ ਜੇ ਅਸੀਂ ‘ਸਹੀ ਖੁਰਾਕ’ ਨਾਲ ਇਸ ਨੂੰ ਠੀਕ ਕਰ ਲਈਏ ਤਾਂ ਹੀ ਅਸੀਂ ਸਹੀ ਸੋਚ ਸਕਦੇ ਹਾਂ। ਜਦੋਂ ਅਸੀਂ ਪਰੇਸ਼ਾਨ ਹੁੰਦੇ ਹਾਂ ਤਾਂ ਕਹਿ ਦਿੰਦੇ ਹਾਂ ਕਿ-‘ ਸਾਡਾ ਕਾਲਜਾ ਘਾਊਂ ਮਾਊਂ ਕਰਦਾ’-ਜਿਸ ਦੀ ਆਮ ਡਾਕਟਰਾਂ ਨੂੰ ਸਮਝ ਨਹੀਂ ਪੈਂਦੀ। ਸਾਨੂੰ ਆਪਣੇ ਡਾਕਟਰ ਆਪ ਬਨਣਾ ਪਏਗਾ।‘ਸਹੀ ਖੁਰਾਕ’ ਬਾਰੇ ਦੱਸਦਿਆਂ ਉਹਨਾਂ- ਸਵੇਰੇ ਖਾਲੀ ਪੇਟ ਕੋਸਾ ਪਾਣੀ ਤੇ ਫਿਰ ਫਰੂਟ, ਬਰੇਕਫਾਸਟ ‘ਚ ਪ੍ਰੋਟੀਨ ਵਧਾਉਣ, ਰਿਫਾਈਨਡ ਆਇਲ ਦੀ ਥਾਂ ਨਾਰੀਅਲ ਤੇਲ, ਦੇਸੀ ਘਿਓ ਜਾਂ ਓਲਿਵ ਆਇਲ ਵਰਤਣ, ਦਹੀਂ ਲੱਸੀ ਦੀ ਵਰਤੋਂ, ਵਾਈਟ ਸ਼ੂਗਰ ਦੀ ਥਾਂ ਗੁੜ, ਸ਼ੱਕਰ ਜਾਂ ਕੋਕੋਨਟ ਸ਼ੂਗਰ, ਰੰਗ ਬਰੰਗੀਆਂ ਸਬਜ਼ੀਆਂ ਤੇ ਫਲਾਂ ਦੀ ਵਰਤੋਂ ਤੋਂ ਇਲਾਵਾ- ਖਾਣਾ ਖਾਣ ਵੇਲੇ ਰੱਬ ਦਾ ਸ਼ੁਕਰਾਨਾ ਕਰਨ ਅਤੇ ਖਾਣਾ ਹੌਲ਼ੀ ਹੌਲ਼ੀ ਚਬਾ ਕੇ ਖਾਣਾ ਖਾਣ (ਮਾਈਂਡਫੁੱਲ ਈਟਿੰਗ) ਦੀ ਵੀ ਸਲਾਹ ਦਿੱਤੀ। ਉਹਨਾਂ ਨੇ ਸਭਾ ਦੇ ਮੈਂਬਰਾਂ ਨੂੰ ਸੌਗੀ ਦੇ ਦਾਣੇ ਵੰਡ ਕੇ, ‘ਮਾਈਂਡਫੁੱਲ ਈਟਿੰਗ’ ਦਾ ਪ੍ਰੈਕਟੀਕਲ ਕਰਵਾ ਕੇ, ਆਪਣਾ ਨੁਕਤਾ ਸਪੱਸ਼ਟ ਕੀਤਾ। ਖੁਰਾਕ ਤੋਂ ਬਿਨਾ ਉਹਨਾਂ ਨੇ- ਓਮੇਗਾ 3, ਵਿਟਾਮਿਨਜ਼ ਬੀ. ਡੀ. ਤੇ ਮੈਗਨੀਸ਼ੀਅਮ ਲੈਣ ਦੀ ਵੀ ਸਲਾਹ ਦਿੱਤੀ। ਮੈਂਬਰਾਂ ਵਲੋਂ ਪੁੱਛੇ ਗਏ ਸਵਾਲਾਂ ਦੇ ਵੀ ਉਹਨਾਂ ਨੇ ਤਸੱਲੀਬਖਸ਼ ਜੁਆਬ ਦਿੱਤੇ।
ਰਚਨਾਵਾਂ ਦੇ ਦੌਰ ਵਿੱਚ- ਰਵਿੰਦਰਜੀਤ ਨੇ ਗੀਤ ਰਾਹੀਂ, ਪਾਰਟੀ ਦੇ ਰਹੀਆਂ- ਦਾਦੀ ਤੇ ਨਾਨੀ ਨੂੰ ਵਧਾਈ ਦਿੱਤੀ, ਛਿੰਦਰ ਕੌਰ ਦਿਓਲ ਨੇ ਚੁਟਕਲਾ ਸੁਣਾਇਆ, ਸੁਖਵੰਤ ਬਰਾੜ ਨੇ ਬੋਲੀ ਪਾਈ ਅਤੇ ਚਰਨਜੀਤ ਕੌਰ ਨੇ ਇੱਕ ਅਨੁਭਵ ਸਾਂਝਾ ਕੀਤਾ। ਹਰਜੀਤ ਜੌਹਲ ਨੇ ਮਾਂ-ਧੀ ਦਾ ਗੀਤ, ਸਰਬਜੀਤ ਉੱਪਲ ਨੇ ਨੰਦ ਲਾਲ ਨੂਰਪੁਰੀ ਦਾ ਲਿਖਿਆ ਗੀਤ-‘ਗੱਡੇ ਉਤੇ ਆ ਗਿਆ ਸੰਦੂਕ ਮੁਟਿਆਰ ਦਾ’, ਗੁਰਦੀਸ਼ ਕੌਰ ਨੇ ਮਾਂ ਬੋਲੀ ਤੇ ਲਿਖੀ ਹੋਈ ਬੋਲੀ, ਹਰਚਰਨ ਬਾਸੀ ਨੇ ਕਵਿਤਾ-‘ਧੀਆਂ ਤਾਈਂ ਪਿਆਰ ਕਰੋ’ ਜਦ ਕਿ ਸੁਰਿੰਦਰ ਕੌਰ ਤੇ ਮਨਜੀਤ ਕੌਰ ਨੇ ਬੋਲੀਆਂ ਨਾਲ ਪੱਬ ਚੁੱਕ, ਗਿੱਧੇ ਦਾ ਮਹੌਲ ਸਿਰਜ ਦਿੱਤਾ। ਅੰਤ ਤੇ ਹਰਮਿੰਦਰ ਕੌਰ ਚੁੱਘ ਨੇ ਕਵਿਤਾ ‘ਪੁਰਾਣੇ ਆਸ਼ਕ’, ਆਪਣੇ ਵੱਖਰੇ ਅੰਦਾਜ਼ ਵਿੱਚ ਸੁਣਾ ਕੇ, ਹਾਸ ਰਸ ਬਿਖੇਰ ਦਿੱਤਾ।
ਸਮਾਪਤੀ ਤੇ- ਮੈਡਮ ਬਰਾੜ ਨੇ ਸਭ ਦਾ ਧੰਨਵਾਦ ਕੀਤਾ। ਡਾ. ਪੂਨਮ ਵਲੋਂ ਦਿੱਤੀ ਮਹੱਤਵਪੂਰਨ ਜਾਣਕਾਰੀ ਦੀ ਸ਼ਲਾਘਾ ਕੀਤੀ ਗਈ ਤੇ ਹਰ ਮੀਟਿੰਗ ਵਿੱਚ ਉਹਨਾਂ ਨੂੰ 15 ਮਿੰਟ ਦੇਣ ਦਾ ਫੈਸਲਾ ਕੀਤਾ ਗਿਆ। ਬਰੇਕ ਦੌਰਾਨ, ਸਭ ਨੇ ਹਰਜੀਤ ਜੌਹਲ ਤੇ ਸੁਰਿੰਦਰ ਢੱਟ ਵਲੋਂ ਲਿਆਂਦੇ, ਸਮੋਸੇ ਤੇ ਲੱਡੂਆਂ ਦਾ ਅਨੰਦ ਚਾਹ ਨਾਲ ਮਾਣਿਆਂ। ਅਗਲੇ ਮਹੀਨੇ ਫਿਰ ਤੀਜੇ ਸ਼ਨਿਚਰਵਾਰ ਇਕੱਤਰ ਹੋਣ ਦਾ ਵਾਅਦਾ ਕਰਦਿਆਂ, ਭਰਪੂਰ ਤਾੜੀਆਂ ਦੀ ਗੂੰਜ ਨਾਲ, ਖੁਸ਼ਗਵਾਰ ਮਹੌਲ ਵਿੱਚ, ਇਹ ਮੀਟਿੰਗ ਸਾਰਥਿਕ ਹੋ ਨਿਬੜੀ। ਵਧੇਰੇ ਜਾਣਕਾਰੀ ਲਈ- ਡਾ. ਬਲਵਿੰਦਰ ਕੌਰ ਬਰਾੜ 403-590-9629, ਗੁਰਚਰਨ ਥਿੰਦ 403 402 9535 ਜਾਂ ਗੁਰਦੀਸ਼ ਕੌਰ ਨਾਲ 403-404-1450 ਤੇ ਸੰਪਰਕ ਕੀਤਾ ਜਾ ਸਕਦਾ ਹੈ।