ਫ਼ਤਹਿਗੜ੍ਹ ਸਾਹਿਬ – “ਜੋ 1986 ਵਿਚ ਨਕੋਦਰ ਵਿਖੇ ਪੁਲਿਸ ਦੀ ਗੋਲੀ ਨਾਲ 4 ਨੌਜ਼ਵਾਨਾਂ ਨੂੰ ਜ਼ਬਰੀ ਮੌਤ ਦੇ ਮੂੰਹ ਵਿਚ ਧਕੇਲ ਦਿੱਤਾ ਗਿਆ ਸੀ, ਉਸ ਸਮੇਂ ਪੰਜਾਬ ਵਿਚ ਬਰਨਾਲਾ ਦੀ ਸਰਕਾਰ ਸੀ ਅਤੇ ਉਸਦੀ ਜਾਂਚ ਲਈ ਜਸਟਿਸ ਗੁਰਨਾਮ ਸਿੰਘ ਕਮਿਸ਼ਨ ਗਠਿਤ ਕੀਤਾ ਗਿਆ ਸੀ, ਜਿਸਦੀ ਰਿਪੋਰਟ ਬੇਸ਼ੱਕ ਅੱਜ 32 ਸਾਲ ਬਾਅਦ ਆਈ ਹੈ । ਪਰ ਜੋ ਉਸ ਸਮੇਂ ਦੇ ਪੁਲਿਸ ਅਤੇ ਸਿਵਲ ਅਧਿਕਾਰੀ ਇਸ ਦੁਖਾਂਤ ਲਈ ਜਿ਼ੰਮੇਵਾਰ ਸਨ, ਉਨ੍ਹਾਂ ਵਿਚ ਐਸ.ਐਸ.ਪੀ. ਸ੍ਰੀ ਇਜਹਾਰ ਆਲਮ, ਐਸ.ਪੀ. ਆਪ੍ਰੇਸ਼ਨ ਏ.ਕੇ. ਸ਼ਰਮਾ ਅਤੇ ਉਸ ਸਮੇਂ ਜਲੰਧਰ ਦੇ ਏ.ਡੀ.ਸੀ. ਦਰਬਾਰਾ ਸਿੰਘ ਗੁਰੂ ਕਮਿਸ਼ਨ ਨੇ ਸਿੱਧੇ ਤੌਰ ਤੇ ਜਿੰਮੇਵਾਰ ਠਹਿਰਾਏ ਹਨ । ਇਸ ਲਈ ਇਨ੍ਹਾਂ ਕਾਤਲਾਂ ਵਿਰੁੱਧ ਤੁਰੰਤ ਐਫ.ਆਈ.ਆਰ. ਦਰਜ ਕਰਦੇ ਹੋਏ ਅਗਲੇਰੀ ਗ੍ਰਿਫ਼ਤਾਰੀ ਅਤੇ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਨਕੋਦਰ ਦੁਖਾਂਤ ਸੰਬੰਧੀ ਜਸਟਿਸ ਗੁਰਨਾਮ ਸਿੰਘ ਕਮਿਸ਼ਨ ਦੀ ਅੱਜ ਅਖ਼ਬਾਰਾਂ ਵਿਚ ਪ੍ਰਕਾਸਿ਼ਤ ਹੋਈ ਰਿਪੋਰਟ ਉਪਰੰਤ ਮੌਜੂਦਾ ਪੰਜਾਬ ਸਕਰਾਰ ਨੂੰ ਦੋਸ਼ੀ ਅਫ਼ਸਰਾਨ ਵਿਰੁੱਧ ਐਫ.ਆਈ.ਆਰ. ਦਰਜ ਕਰਦੇ ਹੋਏ ਅਗਲੇਰੀ ਕਾਨੂੰਨੀ ਕਾਰਵਾਈ ਕਰਨ ਅਤੇ ਉਨ੍ਹਾਂ ਸੰਬੰਧਤ ਪੀੜ੍ਹਤ ਪਰਿਵਾਰਾਂ ਤੇ ਸਿੱਖਾਂ ਨੂੰ ਇਨਸਾਫ਼ ਦੇਣ ਦੀ ਅਪੀਲ ਕਰਦੇ ਹੋਏ ਪ੍ਰਗਟ ਕੀਤੇ । ਸ. ਮਾਨ ਨੇ ਸਵਰਗੀਆ ਸ. ਕੁਲਦੀਪ ਸਿੰਘ ਵਡਾਲਾ ਦੀ ਸਖਸ਼ੀਅਤ ਦੀ ਪ੍ਰਸ਼ੰਸ਼ਾਂ ਕਰਦੇ ਹੋਏ ਕਿਹਾ ਕਿ ਸ. ਵਡਾਲਾ ਨੇ ਆਪਣੇ ਸਮੇਂ ਦੌਰਾਨ ਬਹੁਤ ਹੀ ਨੇਕ ਅਤੇ ਇਮਾਨਦਾਰੀ ਨਾਲ ਪੰਜਾਬ ਸੂਬੇ ਅਤੇ ਸੰਗਤਾਂ ਪ੍ਰਤੀ ਜਿ਼ੰਮੇਵਾਰੀਆ ਨਿਭਾਈਆ । ਸ੍ਰੀ ਕਰਤਾਰਪੁਰ ਸਾਹਿਬ ਦੇ ਲਾਂਘੇ ਨੂੰ ਖੁੱਲ੍ਹਵਾਉਣ ਲਈ ਉਨ੍ਹਾਂ ਨੇ ਲੰਮਾਂ ਸਮਾਂ ਜਮਹੂਰੀਅਤ ਢੰਗਾਂ ਰਾਹੀ ਸੰਘਰਸ਼ ਕੀਤਾ । ਜੇਕਰ ਉਸ ਸਮੇਂ ਬਰਨਾਲਾ ਦੀ ਅਕਾਲੀ ਸਰਕਾਰ ਜਿ਼ੰਮੇਵਾਰ ਸੀ ਤਾਂ ਅੱਜ ਬਹਿਬਲ ਗੋਲੀ ਕਾਂਡ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆ ਲਈ ਬਾਦਲ ਸਰਕਾਰ ਅਤੇ ਬਾਦਲ ਪਰਿਵਾਰ ਜਿ਼ੰਮੇਵਾਰ ਹਨ । ਸ. ਵਡਾਲਾ ਦੇ ਸਪੁੱਤਰ ਸ. ਗੁਰਪ੍ਰਤਾਪ ਸਿੰਘ ਵਡਾਲਾ ਅੱਜ ਆਪਣੇ ਪਿਤਾ ਦੇ ਵਿਧਾਨ ਸਭਾ ਹਲਕੇ ਨਕੋਦਰ ਤੋਂ ਐਮ.ਐਲ.ਏ. ਹਨ । ਉਨ੍ਹਾਂ ਨੂੰ ਆਪਣੇ ਪਿਤਾ ਦੇ ਦ੍ਰਿੜਤਾ ਅਤੇ ਇਮਾਨਦਾਰੀ ਭਰੇ ਕਦਮਾ ਤੇ ਚੱਲਦਿਆ ਹੋਇਆ ਨਕੋਦਰ ਕਾਂਡ ਦੇ ਦੋਸ਼ੀਆਂ ਅਤੇ ਬਹਿਬਲ ਗੋਲੀ ਕਾਂਡ ਦੇ ਜਿ਼ੰਮੇਵਾਰ ਬਾਦਲ ਪਰਿਵਾਰ ਨੂੰ ਸਜ਼ਾਵਾਂ ਦਿਵਾਉਣ ਹਿੱਤ ਆਪਣੀ ਐਮ.ਐਲ.ਏ. ਸਿਪ ਤੋਂ ਅਸਤੀਫਾ ਦੇਣਾ ਚਾਹੀਦਾ ਹੈ । ਕਿਉਂਕਿ ਇਹ ਬਾਦਲ ਪਰਿਵਾਰ ਹੀ ਹੈ ਜਿਸਨੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਅਪਮਾਨ ਕਰਨ ਵਾਲੇ ਕੋਟਕਪੂਰੇ ਦੇ ਬਿੱਟੂ ਨੂੰ ਐਸਕਾਟ ਸੁਰੱਖਿਆ ਦਿੱਤੀ ਹੈ ਅਤੇ ਜਿਨ੍ਹਾਂ ਨੇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਸਿਰਸੇ ਵਾਲੇ ਸਾਧ ਵੱਲੋਂ ਸਵਾਂਗ ਰਚਾਉਣ ਉਪਰੰਤ ਵੀ ਐਸ.ਜੀ.ਪੀ.ਸੀ. ਦੇ ਖਜਾਨੇ ਵਿਚੋਂ 90 ਲੱਖ ਦੇ ਕਰੀਬ ਪੈਸਾ ਖਰਚਕੇ ਸਿਰਸੇ ਵਾਲੇ ਸਾਧ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਆਪਣੇ ਮੁਆਫ਼ ਕਰਵਾਉਣ ਦੀ ਖ਼ਾਲਸਾ ਪੰਥ ਵਿਰੋਧੀ ਕਾਰਵਾਈ ਨੂੰ ਸਹੀ ਕਰਾਰ ਦੇਣ ਲਈ ਇਸਤਿਹਾਰਬਾਜੀ ਕੀਤੀ ਸੀ । ਇਸ ਲਈ ਅਜਿਹੇ ਖ਼ਾਲਸਾ ਪੰਥ ਵਿਰੋਧੀ, ਸਿੱਖ ਕੌਮ ਨੂੰ ਗੋਲੀਆਂ ਨਾਲ ਸ਼ਹੀਦ ਕਰਨ ਵਾਲੇ ਅਤੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਅਪਮਾਨ ਕਰਨ ਵਾਲੇ ਬਾਦਲ ਦਲੀਆ ਨੂੰ ਅਲਵਿਦਾ ਕਹਿਕੇ ਅਤੇ ਆਪਣੀ ਐਮ.ਐਲ.ਏ. ਸਿਪ ਤੋਂ ਅਸਤੀਫ਼ਾਂ ਦੇ ਕੇ ਇਖ਼ਲਾਕੀ ਤੇ ਧਰਮੀ ਗੱਲ ਨੂੰ ਸ. ਗੁਰਪ੍ਰਤਾਪ ਸਿੰਘ ਵਡਾਲਾ ਵੱਲੋਂ ਮਜਬੂਤੀ ਦੇਣੀ ਬਣਦੀ ਹੈ । ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਸਿੱਖ ਵਸੋਂ ਵਾਲੇ ਇਲਾਕੇ ਤੇ ਪੰਜਾਬ ਵਿਚ ਪੁਰਅਮਨ ਚਾਹੁੰਦਾ ਹੈ । ਇਸ ਲਈ ਜਿਨ੍ਹਾਂ ਪੰਥਕ ਮੁਖੋਟਾ ਪਹਿਨਕੇ ਸਿੱਖ ਕੌਮ ਦੀ ਮਹਾਨ ਸੰਸਥਾਂ ਐਸ.ਜੀ.ਪੀ.ਸੀ. ਨੂੰ ਬਦਨਾਮ ਕੀਤਾ ਹੈ ਅਤੇ ਜੋ ਇਸ ਸੰਸਥਾਂ ਉਤੇ ਗੈਰ-ਕਾਨੂੰਨੀ ਤਰੀਕੇ ਆਪਣਾ ਕਬਜਾ ਰੱਖਣ ਹਿੱਤ ਅੱਜ ਵੀ ਐਸ.ਜੀ.ਪੀ.ਸੀ. ਦੀਆਂ ਚੋਣਾਂ ਦੀ ਵਿਰੋਧਤਾ ਕਰ ਰਹੇ ਹਨ, ਉਨ੍ਹਾਂ ਤੋਂ ਸਿੱਖ ਕੌਮ ਜਿੰਨੀ ਜਲਦੀ ਹੋ ਸਕੇ ਪਿੱਛਾਂ ਛੁਡਾਏ ਅਤੇ ਤੁਰੰਤ ਸੈਂਟਰ ਅਤੇ ਪੰਜਾਬ ਦੀ ਹਕੂਮਤ ਐਸ.ਜੀ.ਪੀ.ਸੀ. ਦੀਆਂ ਜਰਨਲ ਚੋਣਾਂ ਦਾ ਐਲਾਨ ਕਰਕੇ ਸਿੱਖ ਕੌਮ ਨੂੰ ਫੈਸਲਾ ਕਰਨ ਦਾ ਕਾਨੂੰਨੀ ਹੱਕ ਦੇਵੇ।
ਸ. ਮਾਨ ਨੇ ਨਕੋਦਰ ਕਾਂਡ ਵਿਚ ਸ਼ਹੀਦ ਹੋਏ ਸਿੱਖ ਨੌਜ਼ਵਾਨਾਂ ਬਲਜੀਤ ਸਿੰਘ, ਹਰਮਿੰਦਰ ਸਿੰਘ, ਝਿਲਮਨ ਸਿੰਘ ਅਤੇ ਸ. ਰਵਿੰਦਰ ਸਿੰਘ ਦੇ ਬੱਚਿਆਂ, ਪਤਨੀਆਂ ਅਤੇ ਪਰਿਵਾਰਿਕ ਮੈਬਰਾਂ ਨੂੰ ਦੋ-ਦੋ ਕਰੋੜ ਅਤੇ ਇਨ੍ਹਾਂ ਦੇ ਬੱਚਿਆਂ ਜਾਂ ਇਨ੍ਹਾਂ ਦੀਆਂ ਪਤਨੀਆਂ ਨੂੰ ਚੰਗੀ ਸਰਕਾਰੀ ਨੌਕਰੀ ਦੇਣ ਦੀ ਪੰਜਾਬ ਸਰਕਾਰ ਤੋਂ ਮੰਗ ਵੀ ਕੀਤੀ ।