ਅੰਮ੍ਰਿਤਸਰ - ਦਮਦਮੀ ਟਕਸਾਲ ਦੇ ਮੁੱਖੀ ਸੰਤ ਗਿਆਨੀ ਹਰਨਾਮ ਸਿੰਘ ਖਾਲਸਾ ਨੇ ਚੀਫ ਖਾਲਸਾ ਦੀਵਾਨ ਦੀ ਚੋਣ ਦੌਰਾਨ ਇਤਿਹਾਸਕ ਤੇ ਸ਼ਾਨਦਾਰ ਜਿੱਤ ਹਾਸਲ ਕਰਦਿਆਂ ਨਵੇਂ ਬਣੇ ਪ੍ਰਧਾਨ ਸ: ਨਿਰਮਲ ਸਿੰਘ ਠੇਕੇਦਾਰ ਅਤੇ ਉਹਨਾਂ ਦੇ ਸਾਥੀ ਅਹੁਦੇਦਾਰਾਂ ਮੀਤ ਪ੍ਰਧਾਨ ਡਾ: ਇੰਦਰਜੀਤ ਸਿੰਘ ਨਿਜਰ ਤੇ ਸ: ਅਮਰਜੀਤ ਸਿੰਘ ਵਿਕਰਾਂਤ, ਆਨਰੇਰੀ ਸਕਤਰਾਂ ਸ: ਸਵਿੰਦਰ ਸਿੰਘ ਕਥੂਨੰਗਲ ਤੇ ਸੁਰਿੰਦਰ ਸਿੰਘ ਰੁਮਾਲਿਆਂ ਵਾਲਾ ਅਤੇ ਸ: ਭਾਗ ਸਿੰਘ ਅਣਖੀ ਅਤੇ ਸ: ਰਾਜਮਹਿੰਦਰ ਸਿੰਘ ਮਜੀਠਾ ਨੂੰ ਵਧਾਈ ਦਿਤੀ ਹੈ। ਉਹਨਾਂ ਆਸ ਪ੍ਰਗਟ ਕੀਤੀ ਕਿ ਸ: ਨਿਰਮਲ ਸਿੰਘ ਦੀ ਟੀਮ ਗੁਰੂ ਪੰਥ ਦੀ ਪੁਰਾਤਨ ਸੰਸਥਾ ਚੀਫ ਖਾਲਸਾ ਦੀਵਾਨ ਦੀ ਸ਼ਾਨਦਾਰ ਛੱਵੀ ਨੂੰ ਮੁੜ ਬਹਾਲ ਕਰਨ ਵਿਚ ਕਾਮਯਾਬ ਹੋਵੇਗੀ।
ਇਸੇ ਦੌਰਾਨ ਇਕ ਪ੍ਰੈਸ ਬਿਆਨ ਰਾਹੀਂ ਦਮਦਮੀ ਟਕਸਾਲ ਦੇ ਮੁਖੀ ਨੇ ਨਵਾਂਸ਼ਹਿਰ ਦੀ ਇਕ ਅਦਾਲਤ ਵਲੋਂ ਤਿੰਨ ਸਿੱਖ ਨੌਜਵਾਨਾਂ ਨੂੰ ਧਾਰਮਿਕ ਸਾਹਿਤ ਰੱਖਣ ਦੇ ਦੋਸ਼ ‘ਚ ਸੁਣਾਈ ਗਈ ਉਮਰ ਕੈਦ ਦੀ ਸਜ਼ਾ ਦਾ ਸਖਤ ਨੋਟਿਸ ਲੈਦਿਆਂ ਅਦਾਲਤ ਨੂੰ ਆਪਣੇ ਫੈਸਲੇ ’ਤੇ ਮੁੜ ਵਿਚਾਰ ਕਰਨ ਦੀ ਅਪੀਲ ਕੀਤੀ ਹੈ। ਉਹਨਾਂ ਕਿਹਾ ਕਿ ਉਕਤ ਸਖਤ ਫੈਸਲੇ ਨਾਲ ਸਿਖ ਪੰਥ ’ਚ ਕਾਫੀ ਰੋਸ ਪੈਦਾ ਹੋਗਿਆ ਹੈ। ਉਹਨਾਂ ਕਿਹਾ ਕਿ ਇਕ ਪਾਸੇ ਦਿਲੀ ਦੀਆਂ ਅਦਾਲਤਾਂ ਵਲੋਂ ਸਜਨ ਕੁਮਾਰ ਸਮੇਤ ਸਿਖ ਕਤਲੇਆਮ ਦੇ ਹੋਰਨਾਂ ਦੋਸ਼ੀਆਂ ਨੂੰ ਸੁਣਾਈਆਂ ਗਈਆਂ ਸਜ਼ਾਵਾਂ ਨਾਲ ਇਨਸਾਫ ਮਿਲਣ ਦੀ ਕੁਝ ਆਸ ਬਝੀ ਸੀ ਪਰ ਨਵਾਂ ਸ਼ਹਿਰ ਅਦਾਲ ਦੇ ਫੈਸਲੇ ਨੇ ਸਿਖ ਕੌਮ ਨੂੰ ਮੁੜ ਨਿਰਾਸ਼ ਕਰਦਿਤਾ ਹੈ। ਉਹਨਾਂ ਸਿੱਖ ਨੌਜਵਾਨਾਂ ਨੂੰ ਦਿਤੀ ਗਈ ਸਖਤ ਸਜ਼ਾ ਬਾਰੇ ਪ੍ਰਤੀਕਰਮ ‘ਚ ਚਿੰਤਾ ਜ਼ਾਹਿਰ ਕਰਦਿਆਂ ਹੋਇਆਂ ਕਿਹਾ ਹੈ ਕਿ ਸਾਹਿਤ ਰੱਖਣ ਦੇ ਦੋਸ਼ ‘ਚ ਕਿਸੇ ਨੂੰ ਉਮਰ ਕੈਦ ਦੀ ਸਜ਼ਾ ਦੇਣੀ ਬਿਲਕੁਲ ਨਾ ਇਨਸਾਫੀ ਹੈ ਜਿਸ ਨਾਲ ਸਿੱਖ ਨੌਜਵਾਨਾਂ ’ਚ ਬੇਗਾਨਗੀ ਦਾ ਅਹਿਸਾਸ ਪ੍ਰਬਲ ਹੋਵੇਗਾ। ਉਹਨਾਂ ਰਾਜ ਸਰਕਾਰ ਨੂੰ ਉਕਤ ਮੁਦੇ ’ਤੇ ਦਖਲ ਦੇਣ ਅਤੇ ਸਿਖ ਨੌਜਵਾਨਾਂ ਨੂੰ ਤੁਰੰਤ ਰਿਹਾਅ ਕਰਨ ਦੀ ਮੰਗ ਕੀਤੀ ਹੈ ਤੇ ਕਿਹਾ ਕਿ ਕੇਦਰੀ ਅਤੇ ਰਾਜ ਸਰਕਾਰਾਂ ਦਾ ਅਜਿਹਾ ਸਿਖ ਵਿਰੋਧੀ ਵਰਤਾਰਾ ਦੇਸ਼ ਦੇ ਹਿੱਤ ਵਿਚ ਨਹੀਂ ਹੋਵੇਗਾ। ਉਹਨਾਂ ਕਿਹਾ ਕਿ ਦਮਦਮੀ ਟਕਸਾਲ ਸਬੰਧਿਤ ਸਿੱਖ ਨੌਜਵਾਨਾਂ ਦੀ ਹਰ ਸੰਭਵ ਸਹਾਇਤਾ ਕਰੇਗੀ।