ਇਸਲਾਮਾਬਾਦ – ਪਾਕਿਸਤਾਨ ਦੇ ਸਾਬਕਾ ਰਾਸ਼ਟਰਪਤੀ ਪ੍ਰਵੇਜ਼ ਮੁਸ਼ਰੱਫ਼ ਨੇ ਮੰਨਿਆ ਹੈ ਕਿ ਪੁਲਵਾਮਾ ਵਿੱਚ ਸੀਆਰਪੀਐਫ ਤੇ ਹੋਏ ਅੱਤਵਾਦੀ ਹਮਲੇ ਵਿੱਚ ਜੈਸ਼-ਏ-ਮੁਹੰਮਦ ਦਾ ਹੱਥ ਹੈ । ਉਨ੍ਹਾਂ ਨੇ ਇਸ ਹਮਲੇ ਦੀ ਨਿੰਦਿਆ ਕਰਦੇ ਹੋਏ ਇਸ ਤੇ ਦੁੱਖ ਜਾਹਿਰ ਕੀਤਾ। ਉਨ੍ਹਾਂ ਨੇ ਇਹ ਵੀ ਕਿਹਾ ਕਿ ਇਸ ਮਾਮਲੇ ਵਿੱਚ ਪਾਕਿਸਤਾਨ ਨਿਰਦੋਸ਼ ਹੈ।
ਮੁਸ਼ਰੱਫ਼ ਨੇ ਇੱਕ ਇੰਟਰਵਿਯੂ ਦੌਰਾਨ ਕਿਹਾ, ‘ਇਹ ਭਿਆਨਕ ਹੈ। ਸਾਨੂੰ ਖੇਦ ਹੈ ਅਤੇ ਇਸ ਦੀ ਨਿੰਦਿਆ ਕਰਦੇ ਹਾਂ।ਮੇਰੀ ਉਸ ਨਾਲ ਕੋਈ ਹਮਦਰਦੀ ਨਹੀਂ ਹੈ। ਜੈਸ਼ ਨੇ ਮੇਰੇ ਤੇ ਵੀ ਹਮਲਾ ਕੀਤਾ ਸੀ। ਮੈਨੂੰ ਨਹੀਂ ਲਗਦਾ ਕਿ ਇਮਰਾਨ ਖਾਨ ਨੂੰ ਜੈਸ਼ ਦੇ ਨਾਲ ਕੋਈ ਹਮਦਰਦੀ ਹੋਵੇਗੀ। ਉਨ੍ਹਾਂ ਨੇ ਬੜੀ ਦ੍ਰਿੜਤਾ ਨਾਲ ਕਿਹਾ ਕਿ ਇਸ ਹਮਲੇ ਵਿੱਚ ਪਾਕਿਸਤਾਨ ਦੀ ਕੋਈ ਭੂਮਿਕਾ ਨਹੀਂ ਸੀ।’
ਉਨ੍ਹਾਂ ਨੇ ਕਿਹਾ, ‘ਮੌਲਾਨਾ ਨੇ ਇਹ ਕੀਤਾ। ਜੈਸ਼ ਨੇ ਇਹ ਕੀਤਾ,ਪਰ ਇਸ ਦੇ ਲਈ ਪਾਕਿਸਤਾਨੀ ਸਰਕਾਰ ਨੂੰ ਦੋਸ਼ ਨਹੀਂ ਦੇਣਾ ਚਾਹੀਦਾ। ਸਾਰੀ ਜਾਣਕਾਰੀ ਜੁਟਾਉਣ ਦੇ ਲਈ ਇੱਕ ਸੰਯੁਕਤ ਜਾਂਚ ਦਲ ਹੋਣਾ ਚਾਹੀਦਾ ਹੈ। ਅਗਰ ਇਸ ਵਿੱਚ ਸਰਕਾਰ ਸ਼ਾਮਿਲ ਹੈ ਤਾਂ ਇਹ ਨਿਰਾਸ਼ਾਜਨਕ ਹੋਵੇਗਾ।’
ਜਨਰਲ ਪ੍ਰਵੇਜ਼ ਮੁਸ਼ਰੱਫ਼ ਨੇ ਇਹ ਵੀ ਕਿਹਾ ਕਿ ਅੱਤਵਾਦੀ ਸੰਗਠਨ ਜੈਸ਼ ਦੇ ਖਿਲਾਫ਼ ਕਾਰਵਾਈ ਹੋਣੀ ਚਾਹੀਦੀ ਹੈ। ਉਸ ਤੇ ਪਾਬੰਦੀ ਲਗਾ ਦੇਣੀ ਚਾਹੀਦੀ ਹੈ। ਜੈਸ਼ ਨੇ ਪੁਲਵਾਮਾ ਹਮਲੇ ਦੀ ਜਿੰਮੇਵਾਰੀ ਲਈ ਸੀ ਅਤੇ ਆਤਮਘਾਤੀ ਹਮਲਾ ਕਰਨ ਵਾਲੇ ਦੀ ਪਛਾਣ ਕਸ਼ਮੀਰੀ ਨੌਜਵਾਨ ਆਦਿਲ ਅਹਿਮਦ ਡਾਰ ਦੇ ਤੌਰ ਤੇ ਹੋਈ ਸੀ।