ਨਵੀਂ ਦਿੱਲੀ – ਕਸ਼ਮੀਰੀ ਮੁਸਲਿਮ ਭਾਈਚਾਰੇ ਦੇ ਨੌਜਵਾਨਾਂ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਸਿੱਖ ਕੌਮ ਵੱਲੋਂ ਪਨਾਹ ਦੇਣਾ ਸਿੱਖ ਸਿਧਾਂਤ ਦੀ ਪ੍ਰੋੜ੍ਹਤਾ ਕਰਨ ਵਰਗਾ ਹੈ। ਪੁਲਵਾਮਾ ਅੱਤਵਾਦੀ ਹਮਲੇ ਤੋਂ ਬਾਅਦ ਕਸ਼ਮੀਰੀਆਂ ਪ੍ਰਤੀ ਦੇਸ਼ਵਾਸੀਆਂ ‘ਚ ਭਰੇ ਗ਼ੁੱਸੇ ਦੜੇ ਬਾਵਜੂਦ ਸਿੱਖ ਕੌਮ ਨੇ ਮਨੁੱਖਤਾ ‘ਤੇ ਪਹਿਰਾ ਦੇ ਕੇ ਸਿੱਖ ਗੁਰੂਆਂ ਵੱਲੋਂ ”ਸਰਬੱਤ ਦੇ ਭਲੇ” ਦੀ ਦਿੱਤੀ ਵਿਚਾਰਧਾਰਾ ਨੂੰ ਅਮਲੀ ਜਾਮਾ ਪਹਿਨਾਈਆਂ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾਂ ਅੱਜ ਮਾਂ- ਬੋਲੀ ਦੇ ਸਤਿਕਾਰ ਅਤੇ ਪ੍ਰਚਾਰ ਨੂੰ ਸਮਰਪਿਤ ”ਵਾਰਿਸ ਵਿਰਸੇ ਦੇ” ਜਥੇਬੰਦੀ ਦੇ ਮੈਂਬਰਾਂ ਨੇ ਜਥੇਬੰਦੀ ਦੇ ਪ੍ਰਧਾਨ ਪਰਮਿੰਦਰ ਪਾਲ ਸਿੰਘ ਦੀ ਅਗਵਾਹੀ ‘ਚ ਹੋਈ ਬੈਠਕ ਦੌਰਾਨ ਪ੍ਰਗਟ ਕੀਤਾ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਪਰਮਿੰਦਰ ਨੇ ਦੱਸਿਆ ਕਿ ਪਰੇਸ਼ਾਨੀ ‘ਚ ਫਸੇ ਹੋਏ ਹਰ ਮਨੁੱਖ ਦੀ ਸੇਵਾ ਕਰਨਾ ਸਿੱਖ ਕੌਮ ਦਾ ਇਖ਼ਲਾਕੀ ਫ਼ਰਜ਼ ਹੈ। ਗੁਰੂ ਤੇਗ਼ ਬਹਾਦਰ ਸਾਹਿਬ ਨੇ ਇੱਕ ਸਮੇਂ ਪਰੇਸ਼ਾਨੀ ‘ਚ ਫਸੇ ਹੋਏ ਕਸ਼ਮੀਰੀ ਪੰਡਿਤਾਂ ਦੇ ਧਾਰਮਿਕ ਅਧਿਕਾਰ ਲਈ ਆਪਣੀ ਸ਼ਹਾਦਤ ਦਿੱਤੀ ਸੀ। ਅੱਜ ਗੁਰੂ ਸਾਹਿਬ ਦੇ ਸਿੱਖ ਕਸ਼ਮੀਰੀ ਮੁਸ਼ਲਿਮਾਂ ਦੇ ਹੱਕ ਵਿਚ ਖੜੇ ਹਨ। ਜਿਸ ਤੋਂ ਸਾਫ਼ ਹੁੰਦਾ ਹੈ ਕਿ ਸਿੱਖ ਹਮੇਸ਼ਾ ਕਮਜ਼ੋਰ ਅਤੇ ਲਾਚਾਰ ਦੇ ਨਾਲ ਖੜਾਂ ਰਿਹਾ ਹੈ।
ਪਰਮਿੰਦਰ ਨੇ ਜਾਣਕਾਰੀ ਦਿੱਤੀ ਕਿ ਪੁਲਵਾਮਾ ਹਮਲੇ ਦੌਰਾਨ ਮਾਰੇ ਗਏ ਸੀ।ਆਰ।ਪੀ।ਐਫ। ਦੇ ਜਵਾਨਾਂ ਨੂੰ ਸ਼ਰਧਾ ਦੇ ਫੁੱਲ ਵੀ ਜਥੇਬੰਦੀ ਦੇ ਮੈਂਬਰਾਂ ਨੇ ਭੇਟ ਕੀਤੇ। ਪਰਮਿੰਦਰ ਨੇ ਸੋਸ਼ਲ ਮੀਡੀਆ ‘ਤੇ ਕਸ਼ਮੀਰੀ ਮੁਸਲਿਮ ਵੱਲੋਂ ਸਿੱਖ ਕੌਮ ਦੇ ਕੀਤੇ ਜਾ ਰਹੇ ਧੰਨਵਾਦ ਨੂੰ ਬੇਲੋੜਾ ਦੱਸਦੇ ਹੋਈ ਕਿਹਾ ਕਿ ਸਿੱਖਾਂ ਨੇ ਅਜਿਹੀ ਨਫ਼ਰਤ ਨਵੰਬਰ 1984 ‘ਚ ਆਪਣੇ ਪਿੰਡੇ ‘ਤੇ ਹੰਢਾਈ ਹੈ। ਇਸ ਲਈ ਕੁੱਝ ਲੋਕਾਂ ਦੀ ਗ਼ਲਤੀ ਪਿੱਛੇ ਸਾਰੇ ਕਸ਼ਮੀਰੀਆਂ ਨੂੰ ਗ਼ਲਤ ਦੱਸਣਾ ਸਿੱਖਾਂ ਨੂੰ ਰਾਸ ਨਹੀਂ ਆਇਆ। ਪਰਮਿੰਦਰ ਨੇ ਸਾਫ਼ ਕਿਹਾ ਕਿ ਜੇਕਰ ਅਸੀਂ ਕਸ਼ਮੀਰ ਨੂੰ ਆਪਣੇ ਦੇਸ਼ ਦਾ ਨਾ ਵੱਖ ਹੋਣ ਵਾਲਾ ਹਿੱਸਾ ਦੱਸਦੇ ਹਾਂ,ਤਾਂ ਕਸ਼ਮੀਰੀ ਵੀ ਇਸ ਮੁਲਕ ਦੇ ਸ਼ਹਿਰੀ ਹਨ। ਇਸ ਲਈ ਸਾਰੇ ਕਸ਼ਮੀਰੀਆਂ ਨੂੰ ਗ਼ਲਤ ਨਹੀਂ ਗਰਦਾਨਿਆ ਜਾ ਸਕਦਾ।