ਗੁਹਾਟੀ – ਆਸਾਮ ਦੇ ਜੋਰਹਾਟ ਅਤੇ ਗੋਲਾਘਾਟ ਜਿਲ੍ਹਿਆਂ ਵਿੱਚ ਜਹਿਰੀਲੀ ਸ਼ਰਾਬ ਪੀਕੇ ਮਰਨ ਵਾਲਿਆਂ ਦੀ ਸੰਖਿਆ ਵੱਧ ਕੇ 93 ਤੱਕ ਪਹੁੰਚ ਗਈ ਹੈ। ਸਥਾਨਕ ਪੁਲਿਸ ਅਧਿਕਾਰੀ ਨੇ ਕਿਹਾ, ‘ਆਬਕਾਰੀ ਵਿਭਾਗ ਨੇ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।’ ਸ਼ੁਕਰਵਾਰ ਨੂੰ ਮਰਨ ਵਾਲਿਆਂ ਦੀ ਸੰਖਿਆ 30 ਸੀ। ਜਿਲ੍ਹਾ ਅਧਿਕਾਰੀਆਂ ਅਨੁਸਾਰ 50 ਲੋਕਾਂ ਦਾ ਵੱਖ-ਵੱਖ ਹਸਪਤਾਲਾਂ ਵਿੱਚ ਇਲਾਜ ਚੱਲ ਰਿਹਾ ਹੈ ।
100 ਤੋਂ ਵੱਧ ਲੋਕਾਂ ਨੇ ਵੀਰਵਾਰ ਨੂੰ ਸ਼ਰਾਬ ਪੀਤੀ ਸੀ ਅਤੇ ਇਨ੍ਹਾਂ ਨੂੰ ਸ਼ਰਾਬ ਵੇਚਣ ਵਾਲਾ ਇੱਕ ਹੀ ਦੁਕਾਨਦਾਰ ਸੀ। ਇਹ ਸੱਭ ਲੋਕ ਸਾਲੀਮੀਰਾ ਚਾਹ ਦੇ ਬਾਗ ਵਿੱਚ ਕੰਮ ਕਰਦੇ ਸਨ। ਇਸ ਸਬੰਧ ਵਿੱਚ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਵੀ ਕੀਤਾ ਗਿਆ ਸੀ। ਆਬਕਾਰੀ ਵਿਭਾਗ ਦੇ ਦੋ ਅਧਿਕਾਰੀਆਂ ਨੂੰ ਬਰਖਾਸਤ ਕਰ ਦਿੱਤਾ ਗਿਆ ਹੈ। ਕੁਝ ਦਿਨ ਪਹਿਲਾਂ ਹੀ ਉਤਰਪ੍ਰਦੇਸ਼ ਅਤੇ ਉਤਰਾਖੰਡ ਵਿੱਚ ਜਹਿਰੀਲੀ ਸ਼ਰਾਬ ਪੀਣ ਨਾਲ ਸੌ ਤੋਂ ਵੱਧ ਲੋਕਾਂ ਦੀ ਮੌਤ ਹੋ ਗਈ ਸੀ। ਅਜੇ ਤੱਕ ਵੀ ਕੁਝ ਲੋਕਾਂ ਦੀ ਹਾਲਤ ਚਿੰਤਾਜਨਕ ਬਣੀ ਹੋਈ ਹੈ।
ਵਰਨਣਯੋਗ ਹੈ ਕਿ ਜਿਆਦਾਤਰ ਲੋਕ ਸ਼ਰਾਬ ਪੀਣ ਦੇ ਤੁਰੰਤ ਬਾਅਦ ਹੀ ਬੀਮਾਰ ਹੋ ਗਏ ਸਨ ਅਤੇ ਉਨ੍ਹਾਂ ਨੂੰ ਠੀਕ ਸਮੇਂ ਤੇ ਹਸਪਤਾਲ ਵੀ ਨਹੀਂ ਲਿਜਾਇਆ ਜਾ ਸਕਿਆ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਸ਼ਰਾਬ ਦਾ ਇਹ ਗੈਰ ਕਾਨੂੰਨੀ ਧੰਦਾ ਪੁਲਿਸ ਦੀ ਮਿਲੀ ਭੁਗਤ ਨਾਲ ਹੀ ਚੱਲਦਾ ਹੈ।