ਚੰਡੀਗੜ੍ਹ – ਸਾਬਕਾ ਮੁੱਖਮੰਤਰੀ ਪ੍ਰਕਾਸ਼ ਸਿੰਘ ਬਾਦਲ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਮਾਮਲੇ ਵਿੱਚ ਗ੍ਰਿਫ਼ਤਾਰ ਕਰਨ ਦੀ ਦਿੱਤੀ ਗਈ ਚੁਣੌਤੀ ਨੂੰ ਮੁੱਖਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਨੌਟੰਕੀ ਕਰਾਰ ਦਿੱਤਾ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਅਜਿਹੀ ਨੌਟੰਕੀ ਕਰ ਕੇ ਅਕਾਲੀ ਆਪਣੀ ਰਾਜਨੀਤਕ ਤੌਰ ਤੇ ਜੋ ਸਾਖ ਗਵਾ ਚੁੱਕੇ ਹਨ, ਉਸ ਨੂੰ ਦੁਬਾਰਾ ਹਾਸਿਲ ਨਹੀਂ ਕਰ ਸਕਣਗੇ। ਉਨ੍ਹਾਂ ਨੇ ਇਹ ਵੀ ਕਿਹਾ ਕਿ ਉਹ ਰਾਜਨੀਤਕ ਬਦਲਾਖੋਰੀ ਦੀ ਰਾਹ ਤੇ ਨਹੀਂ ਚੱਲਣਗੇ।
ਕੈਪਟਨ ਨੇ ਕਿਹਾ ਕਿ ਬੇਅਦਬੀ ਮਾਮਲਿਆਂ ਸਬੰਧੀ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਵਿੱਚ ਬਾਦਲ ਆਪਣੇ ਆਪ ਨੂੰ ਅਲੱਗ-ਥਲੱਗ ਮਹਿਸੂਸ ਕਰ ਰਹੇ ਹਨ। ਬਾਦਲ ਕੋਲ ਜੇ ਛਿਪਾਉਣ ਦੇ ਲਈ ਕੁਝ ਨਹੀਂ ਹੈ ਤਾਂ ਉਹ ਏਨਾ ਸ਼ੋਰ ਕਿਉਂ ਮਚਾ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਬਹਿਬਲ ਕਲਾਂ ਅਤੇ ਕੋਟਕਪੂਰਾ ਗੋਲੀਕਾਂਢ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਮਾਮਲੇ ਵਿੱਚ ਕਦੇ ਵੀ ਬਾਦਲ ਜਾਂ ਕਿਸੇ ਹੋਰ ਦਾ ਨਾਮ ਤੱਕ ਨਹੀਂ ਲਿਆ ਗਿਆ। ਇਸ ਲਈ ਬਾਦਲ ਵੱਲੋਂ ਦਿੱਤੀ ਜਾ ਰਹੀ ਪ੍ਰਤੀਕ੍ਰਿਆ ਉਨ੍ਹਾਂ ਦੇ ਗੁਨਾਹਗਾਰ ਵਾਲੇ ਅਕਸ ਨੂੰ ਜਾਹਿਰ ਕਰਦੀ ਹੈ।
ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਵਾਰ-ਵਾਰ ਇਹ ਸਪੱਸ਼ਟ ਕੀਤਾ ਹੈ ਕਿ ਗੋਲੀਬਾਰੀ ਦੀਆਂ ਘਟਨਾਵਾਂ ਵਿੱਚ ਮਾਰੇ ਗਏ ਬੇਕਸੂਰ ਲੋਕਾਂ ਦੇ ਦੋਸ਼ੀਆਂ ਨੂੰ ਬਖਸਿ਼ਆ ਨਹੀਂ ਜਾਵੇਗਾ, ਭਾਂਵੇ ਉਹ ਰਾਜਨੀਤਕ ਤੌਰ ਤੇ ਕਿੰਨਾ ਵੀ ਕਦਾਵਰ ਜਾਂ ਉਚੇ ਅਹੁਦੇ ਤੇ ਵਿਰਾਜਮਾਨ ਕਿਉਂ ਨਾ ਹੋਵੇ। ਕੈਪਟਨ ਨੇ ਕਿਹਾ ਕਿ ਜੇ ਬਾਦਲ ਇਸ ਨੂੰ ਆਪਣੇ ਲਈ ਖ਼ਤਰੇ ਦੇ ਰੂਪ ਵਿੱਚ ਵੇਖਦੇ ਹਨ ਤਾਂ ਇਸ ਦਾ ਇਹੋ ਹੀ ਮਤਲੱਬ ਨਿਕਲਦਾ ਹੈ ਕਿ ਉਹ ਐਸਆਈਟੀ ਦੀ ਜਾਂਚ ਤੋਂ ਨਿਕਲਣ ਵਾਲੇ ਨਤੀਜਿਆਂ ਤੋਂ ਡਰ ਰਹੇ ਹਨ।