ਫ਼ਤਹਿਗੜ੍ਹ ਸਾਹਿਬ – “ਪੁਰਾਤਨ ਸਮੇਂ ਦੀ ਸਿੱਖ ਕੌਮ ਦੀ ਹਰ ਮਜ਼ਲੂਮ ਦੀ ਬਿਨ੍ਹਾਂ ਕਿਸੇ ਭੇਦਭਾਵ ਦੇ ਰੱਖਿਆ ਕਰਨ, ਹਰ ਲੋੜਵੰਦ ਦੀ ਮਦਦ ਕਰਨ, ਔਖੀ ਘੜੀ ਵਿਚ ਮੁਸ਼ਕਿਲਾਂ ਵਿੱਚ ਘਿਰੇ ਇਨਸਾਨ ਦੀ ਮਦਦ ਕਰਨ, ਸਰਬੱਤ ਦੇ ਭਲੇ ਦੀ ਸੋਚ ਉਸ ਸਮੇਂ ਕੌਮਾਂਤਰੀ ਪੱਧਰ ਤੇ ਖੁਦ-ਬ-ਖੁਦ ਉਜਾਗਰ ਹੋ ਕੇ ਸਾਹਮਣੇ ਆ ਗਈ ਜਦੋਂ ਪੁਲਵਾਮਾ ਵਿੱਚ ਸੀ.ਆਰ.ਪੀ.ਐਫ. ਉਤੇ ਹੋਏ ਇਕ ਹਮਲੇ ਉਪਰੰਤ ਸਮੁੱਚੇ ਇੰਡੀਆ ਵਿਚ ਵੱਸਣ ਵਾਲੀ ਅਤੇ ਵੱਖ-ਵੱਖ ਯੂਨੀਵਰਸਿਟੀਆਂ, ਕਾਲਜਾਂ ਅਤੇ ਵਿਦਿਅਕ ਅਦਾਰਿਆਂ ਵਿਚ ਪੜ੍ਹਨ ਵਾਲੇ ਕਸ਼ਮੀਰੀ ਵਿਦਿਆਰਥੀਆਂ ਉਤੇ ਫਿਰਕੂ ਮੁਤੱਸਵੀਆਂ ਵੱਲੋਂ ਮੰਦਭਾਵਨਾ ਅਧੀਨ ਹਮਲੇ ਸੁਰੂ ਹੋਏ, ਤਾਂ ਸਮੁੱਚੇ ਇੰਡੀਆ ਵਿਚ ਵਿਚਰਣ ਵਾਲੀ ਸਿੱਖ ਕੌਮ ਨੇ ਆਪਣੀਆਂ ਪੁਰਾਤਨ ਇਨਸਾਨੀਅਤ ਪੱਖੀ ਮਰਿਯਾਦਾਵਾਂ ਅਤੇ ਸੋਚ ਉਤੇ ਪਹਿਰਾ ਦਿੰਦੇ ਹੋਏ ਕਸ਼ਮੀਰੀ ਵਿਦਿਆਰਥੀਆਂ ਅਤੇ ਕਸ਼ਮੀਰੀਆਂ ਦੀ ਕੰਧ ਬਣਕੇ ਸੁਰੱਖਿਆ ਹੀ ਨਹੀਂ ਕੀਤੀ, ਬਲਕਿ ਉਨ੍ਹਾਂ ਨੂੰ ਪੂਰਨ ਸੁਰੱਖਿਅਤ ਰੂਪ ਵਿਚ ਕਸ਼ਮੀਰ ਵਿਚ ਪਹੁੰਚਾਉਣ ਦੀ ਇਨਸਾਨੀ ਜਿ਼ੰਮੇਵਾਰੀ ਵੀ ਨਿਭਾਈ । ਜੋ ਪੁਰਾਤਨ ਸਮੇਂ ਵਿਚ ਮੁਗਲ, ਅਫ਼ਗਾਨਾਂ ਦੇ ਹਮਲਿਆ ਤੋਂ ਹਿੰਦੂ ਧੀਆਂ-ਭੈਣਾਂ ਤੇ ਬੀਬੀਆਂ ਡਰਦੀਆਂ ਹੋਈਆ ‘ਸਿੰਘ’ ਨੂੰ ਵੇਖਕੇ ਪੁਕਾਰਦੀਆਂ ਸਨ, ‘ਬਚਾਈ ਵੇ ਭਾਈ ਕੱਛ ਵਾਲਿਆ, ਮੇਰੀ ਧੀ ਬਸਰੇ ਨੂੰ ਗਈ’ ਜਾਂ ‘ਆ ਗਏ ਨਿਹੰਗ, ਬੂਹੇ ਖੋਲਦੋ ਨਿਸੰਗ’ ਦੀ ਮਨੁੱਖਤਾ ਪੱਖੀ ਮਹਾਨ ਤਸਵੀਰ ਨੇ ਖੁਦ-ਬ-ਖੁਦ ਸਿੱਖ ਕੌਮ ਦੀ ਵੱਖਰੀ ਤੇ ਅਣਖ਼ੀਲੀ ਪਹਿਚਾਣ ਨੂੰ ਕੌਮਾਂਤਰੀ ਪੱਧਰ ਤੇ ਇਕ ਵਾਰ ਫਿਰ ਉਜਾਗਰ ਕਰ ਦਿੱਤਾ । ਜਿਸ ਨਾਲ ਸਾਨੂੰ ਆਪਣੇ ਗੁਰੂ ਸਾਹਿਬਾਨ ਅਤੇ ਕੌਮੀ ਇਤਿਹਾਸ ਉਤੇ ਫਖ਼ਰ ਹੈ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਸਿੱਖ ਕੌਮ ਦੀ ਵੱਖਰੀ ਤੇ ਅਣਖ਼ੀਲੀ ਪਹਿਚਾਣ ਕੌਮਾਂਤਰੀ ਪੱਧਰ ਤੇ ਪੂਰਨ ਰੂਪ ਵਿਚ ਉਜਾਗਰ ਹੋਣ ਉਤੇ ਅਤੇ ਜੋ ਇੰਡੀਅਨ ਕਾਨੂੰਨ ਸਿੱਖ ਕੌਮ ਨੂੰ ਹਿੰਦੂ ਗਰਦਾਨਦਾ ਹੈ ਅਤੇ ਸਿੱਖ ਕੌਮ ਦੀ ਵੱਖਰੀ ਪਹਿਚਾਣ ਨੂੰ ਪ੍ਰਵਾਨ ਕਰਨ ਤੋਂ ਮੰਦਭਾਵਨਾ ਅਧੀਨ ਮੁਨਕਰ ਹੁੰਦਾ ਆ ਰਿਹਾ ਹੈ, ਬੇਸ਼ੱਕ ਪੁਲਵਾਮਾ ਸੀ.ਆਰ.ਪੀ.ਐਫ. ਹਮਲੇ ਦੀ ਅਸੀਂ ਨਿਖੇਧੀ ਕਰਦੇ ਹਾਂ, ਪਰ ਇਸ ਵਰਤਾਰੇ ਨੇ ਕੌਮਾਂਤਰੀ ਪੱਧਰ ਤੇ ਸਿੱਖ ਕੌਮ ਦੇ ਮਾਣ-ਸਨਮਾਨ ਨੂੰ ਹੋਰ ਪ੍ਰਫੁੱਲਿਤ ਕਰਨ ਦੀ ਕਾਰਵਾਈ ਸਬੰਧੀ ਵਿਚਾਰ ਜ਼ਾਹਿਰ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਸਿੱਖ ਕੌਮ ਦੇ ਮਹਾਨ ਇਤਿਹਾਸਕਾਰ ਭਾਈ ਕਾਹਨ ਸਿੰਘ ਨਾਭਾ ਵੱਲੋਂ ਜੋ ‘ਅਸੀਂ ਹਿੰਦੂ ਨਹੀਂ’ ਦੀ ਪੂਰੇ ਦਲੀਲ ਤੇ ਸਬੂਤ ਸਹਿਤ ਵਰਤਾਰੇ ਲਿਖਕੇ ਸਿੱਖ ਕੌਮ ਨੂੰ ਹਿੰਦੂ ਕੌਮ ਤੋਂ ਵੱਖਰੀ ਸਾਬਤ ਕੀਤਾ ਹੈ, ਉਹ ਬਿਲਕੁਲ ਦਰੁਸਤ ਅਤੇ ਸਹੀ ਇਤਿਹਾਸ ਹੈ ਅਤੇ ਸਾਡੀ ਇਸ ਕੌਮੀ ਵੱਖਰੀ ਤੇ ਅਣਖੀਲੀ ਪਹਿਚਾਣ ਨੂੰ ਇੰਡੀਆ ਦੇ ਮੁਤੱਸਵੀ ਹੁਕਮਰਾਨ ਤਾਂ ਕੀ ਦੁਨੀਆਂ ਦੀ ਕੋਈ ਵੀ ਤਾਕਤ ਰਲਗਡ ਕਰਨ ਅਤੇ ਸਾਡੀ ਇਹ ਪਹਿਚਾਣ ਨੂੰ ਧੁੰਦਲਾ ਕਰਨ ਵਿਚ ਕਾਮਯਾਬ ਨਹੀਂ ਹੋ ਸਕੇਗੀ । ਕਿਉਂਕਿ ਸਿੱਖ ਕੌਮ ਦੇ ਬੀਤੇ ਇਤਿਹਾਸ ਦੇ ਅਜੋਕੇ ਸਮੇਂ ਦੇ ਹਰ ਖੇਤਰ ਵਿਚ ਕੀਤੇ ਜਾਣ ਵਾਲੇ ਉਦਮ, ਵਿਸ਼ੇਸ਼ ਤੌਰ ਤੇ ਮਨੁੱਖਤਾ ਤੇ ਇਨਸਾਨੀਅਤ ਕਦਰਾ-ਕੀਮਤਾ ਉਤੇ ਪਹਿਰਾ ਦੇਣ ਦੇ ਅਮਲਾਂ ਨੇ ਖੁਦ-ਬ-ਖੁਦ ਕੌਮੀ ਵੱਖਰੀ ਪਹਿਚਾਣ ਨੂੰ ਕਾਇਮ ਕਰ ਦਿੱਤਾ ਹੈ । ਇਕ ਨਾ ਇਕ ਦਿਨ ਇਨ੍ਹਾਂ ਮੁਤੱਸਵੀ ਹੁਕਮਰਾਨਾਂ ਨੂੰ ਕਾਨੂੰਨੀ ਤੌਰ ਤੇ ਵੀ ਅਤੇ ਭੂਗੋਲਿਕ ਤੌਰ ਤੇ ਵੀ ਸਿੱਖ ਕੌਮ ਨੂੰ ਇਕ ਆਜ਼ਾਦ ਬਾਦਸ਼ਾਹੀ ਸਿੱਖ ਕੌਮ ਪ੍ਰਵਾਨ ਕਰਨਾ ਪਵੇਗਾ ਅਤੇ ਅਸੀਂ ਆਪਣੇ ਗੁਰੂ ਸਾਹਿਬਾਨ ਵੱਲੋਂ ਬਖਸਿ਼ਸ਼ ਕੀਤੇ ਗਏ ਇਨਸਾਨੀ ਅਤੇ ਮਨੁੱਖਤਾ ਪੱਖੀ ਨਿਯਮਾਂ ਅਤੇ ਅਸੂਲਾਂ ਉਤੇ ਪਹਿਰਾ ਦਿੰਦੇ ਹੋਏ ਘੱਟ ਗਿਣਤੀ ਕੌਮਾਂ, ਫਿਰਕਿਆ, ਕਬੀਲਿਆ, ਲੋੜਵੰਦਾਂ, ਮਜ਼ਲੂਮਾਂ ਦੀ ਰੱਖਿਆ ਕਰਨ ਅਤੇ ਲੋੜ ਪੈਣ ਤੇ ਮਦਦ ਕਰਨ ਤੋਂ ਕਿਸੇ ਤਰ੍ਹਾਂ ਕਤਈ ਵੀ ਪਿੱਛੇ ਨਹੀਂ ਹਟਾਂਗੇ । ਇਹੀ ਵਜਹ ਹੈ ਕਿ ਸਾਡੀ ਕੌਮਾਂਤਰੀ ਪੱਧਰ ਦੀ ਵੱਖਰੀ ਤੇ ਅਣਖੀਲੀ ਪਹਿਚਾਣ ਅੱਜ ਵੀ ਕਾਇਮ ਹੈ ਅਤੇ ਅੱਗੋ ਨੂੰ ਵੀ ਰਹੇਗੀ, ਭਾਵੇਕਿ ਹਿੰਦੂਤਵ ਹੁਕਮਰਾਨ ਮੁਕਾਰਤਾ ਨਾਲ ਸਾਨੂੰ ਕਾਨੂੰਨ ਦੀ ਜਕੜ ਵਿਚ ਲੈਦੇ ਹੋਏ ਹਿੰਦੂ ਕਰਾਰ ਦੇਣ ਦੀਆਂ ਸਾਜਿ਼ਸਾ ਕਿਉਂ ਨਾ ਰਚਣ ।