ਅਜੋਕਾ ਯੁਗ ਵਿਗਿਆਨ ਦਾ ਯੁਗ ਹੈ। ਹਰ ਪਾਸੇ ਵਿਗਿਆਨਕ ਕਾਢਾਂ ਦਾ ਬੋਲ- ਬਾਲਾ ਹੈ। ਮਨੁੱਖੀ ਜੀਵਨ ਪਹਿਲਾਂ ਨਾਲੋਂ ਵਧੇਰੇ ਸੁਖਾਲਾ ਹੋ ਗਿਆ ਹੈ। ਹੱਥੀਂ ਕੰਮ ਕਰਨ ਤੋਂ ਨਿਜ਼ਾਤ ਮਿਲ ਗਈ ਹੈ ਕਿਉਂਕਿ ਮਸ਼ੀਨਾਂ ਨੇ ਬਹੁਤੇ ਮਨੁੱਖੀ ਕੰਮਾਂ ਨੂੰ ਆਸਾਨੀ ਨਾਲ ਨੇਪਰੇ ਚਾੜਨਾ ਸ਼ੁਰੁ ਕਰ ਦਿੱਤਾ ਹੈ। ਦਿਨਾਂ ਦਾ ਕੰਮ, ਘੰਟਿਆਂ ਵਿਚ ਹੋਣ ਲੱਗਾ ਹੈ। ਪਰ ਅੱਜ ਦਾ ਮਨੁੱਖ ਸਰੀਰਕ ਲੋੜਾਂ ਤੋਂ ਇਲਾਵਾ ਮਾਨਸਿਕ ਲੋੜਾਂ ਨੂੰ ਪੂਰਾ ਕਰਨਾ ਚਾਹੁੰਦਾ ਹੈ/ ਮਾਨਸਿਕ ਸਕੂਨ ਪ੍ਰਾਪਤ ਕਰਨਾ ਚਾਹੁੰਦਾ ਹੈ। ਇਸ ਕਰਕੇ ਮਨੁੱਖ ਆਪਣੇ ਮਨਪੰਸਦ ਗੀਤ- ਸੰਗੀਤ ਨੂੰ ਸੁਣਨਾ ਚਾਹੁੰਦਾ ਹੈ। ਖ਼ਬਰੇ ! ਇਸੇ ਕਰਕੇ ਸੰਗੀਤ ਨੂੰ ਮਨੁੱਖ ਦੇ ਰੂਹ ਦੀ ਖੁਰਾਕ ਕਿਹਾ ਜਾਂਦਾ ਹੈ/ ਮੰਨਿਆ ਜਾਂਦਾ ਹੈ।
ਪੰਜਾਬੀ ਗੀਤਕਾਰੀ ਅਤੇ ਗਾਇਕੀ ਦੇ ਡਿੱਗਦੇ ਮਿਆਰ ਨਾਲ ਸੰਬੰਧਤ ਬਹੁਤ ਸਾਰੇ ਲੇਖ ਅਤੇ ਸੈਮੀਨਾਰ ਅਕਸਰ ਹੁੰਦੇ ਰਹਿੰਦੇ ਹਨ। ਪਰ ! ਸੰਗੀਤ ਦੇ ਸਾਰਥਕ ਪਹਿਲੂਆਂ ਬਾਰੇ ਨਿੱਠ ਕੇ ਕੰਮ ਕਰਨ ਵਿਚ ਆਮਤੌਰ ਤੇ ਕੁਤਾਹੀ ਹੀ ਵਰਤੀ ਜਾਂਦੀ ਹੈ। ਇਸ ਕਰਕੇ ਬਹੁਤ ਸਾਰੇ ਚੰਗੇ ਗਾਇਕ/ ਗੀਤਕਾਰ ਗਿਲ਼ਾ ਕਰਦੇ ਰਹਿੰਦੇ ਹਨ ਕਿ ਮਾੜੇ ਗੀਤਾਂ ਉੱਪਰ ਬਹੁਤ ਰੋਲ਼ਾ ਪਾਇਆ ਜਾਂਦਾ ਹੈ ਪਰ ਚੰਗੇ ਗੀਤਾਂ ਦੀ ਸਿਫ਼ਤ ਨਹੀਂ ਕੀਤੀ ਜਾਂਦੀ। ਉਂਝ ਇਹ ਗੱਲ ਬਿਲਕੁਲ ਸੱਚ ਵੀ ਹੈ ਕਿ ਅਸੀਂ ਮੰਦੇ ਗੀਤਾਂ ਨੂੰ ਮਸ਼ਹੂਰ ਕਰ ਦਿੰਦੇ ਹਾਂ ਪਰ ! ਚੰਗੇ ਅਤੇ ਸਾਰਥਕ ਗੀਤਾਂ ਉੱਪਰ ਕਦੇ ਕੋਈ ਵਿਚਾਰ- ਚਰਚਾ ਨਹੀਂ ਕਰਦੇ। ਇਸ ਕਰਕੇ ਬਹੁਤ ਸਾਰੇ ਚੰਗੇ ਗਾਇਕ ਅਤੇ ਗੀਤਕਾਰ ਸੰਗੀਤ ਦੀ ਮੰਡੀ ਵਿਚੋਂ ਬਾਹਰ ਹੋ ਚੁਕੇ ਹਨ ਜਾਂ ਇਸ ਕਾਰਜ ਨੂੰ ਅਲਵਿਦਾ ਆਖ ਚੁਕੇ ਹਨ।
ਖ਼ੈਰ ! ਗੀਤ- ਸੰਗੀਤ ਨਾਲ ਜਿੱਥੇ ਮਨੁੱਖ ਦਾ ਮਨੋਰੰਜਨ ਹੁੰਦਾ ਹੈ ਉੱਥੇ ਹੀ ਬਹੁਤ ਸਾਰੇ ਨਵੇਂ ਤੱਥਾਂ ਬਾਰੇ ਜਾਣਕਾਰੀ ਵੀ ਪ੍ਰਾਪਤ ਹੁੰਦੀ ਹੈ। ਲੋਕ ਗੀਤਾਂ ਰਾਹੀਂ ਇਤਿਹਾਸਕ ਸਰੋਤਾਂ ਦੀ ਜਾਣਕਾਰੀ ਮਿਲਦੀ ਹੈ। ਮਨੋਵਿਗਿਆਨੀਆਂ ਦਾ ਕਹਿਣਾ ਹੈ, ‘ਮਨੁੱਖੀ ਬਿਰਤੀ ਪੜਨ ਨਾਲੋਂ ਸੁਣਨ ਨਾਲ ਜਿਆਦਾ ਤੇਜੀ ਨਾਲ ਗ੍ਰਹਿਣ ਕਰਦੀ ਹੈ ਭਾਵ ਬੰਦਾ ਪੜਨ ਨਾਲੋਂ ਸੁਣ ਕੇ ਜਿਆਦਾ ਤੇਜੀ ਨਾਲ ਸਿੱਖਦਾ ਹੈ। ਮਨੁੱਖ ਵੱਲੋਂ ਸੁਣਿਆ ਹੋਇਆ ਕੋਈ ਵਾਕਿਆ ਬਹੁਤ ਦੇਰ ਤੱਕ ਯਾਦ ਸ਼ਕਤੀ ਵਿਚ ਮੌਜੂਦ ਰਹਿੰਦਾ ਹੈ ਪਰ ! ਪੜਿਆ ਹੋਇਆ ਵਾਕਿਆ ਕੁਝ ਸਮੇਂ ਮਗ਼ਰੋਂ ਭੁੱਲ ਜਾਂਦਾ ਹੈ।’
ਸਕੂਲਾਂ/ ਕਾਲਜਾਂ ਵਿਚ ਵੀ ਅੱਜ ਕੱਲ ਪੜਾਉਣ ਦੇ ਇਹਨਾਂ ਤਰੀਕਿਆਂ ਨੂੰ ਵਰਤਿਆ ਜਾ ਰਿਹਾ ਹੈ। ਨਿੱਕੇ ਬੱਚਿਆਂ ਨੂੰ ਪੜਾਉਣ ਲਈ ਕਿਤਾਬਾਂ ਦਾ ਸਹਾਰਾ ਨਹੀਂ ਲਿਆ ਜਾਂਦਾ ਬਲਕਿ ਗੀਤ- ਸੰਗੀਤ ਦਾ ਸਹਾਰਾ ਲਿਆ ਜਾਂਦਾ ਹੈ। ਉਂਝ ਬੱਚੇ ਸੁਣ ਕੇ ਜਿਆਦਾ ਯਾਦ ਰੱਖਦੇ ਹਨ। ਵਰਿਆਂ ਪਹਿਲਾਂ ਦੇਖੀ ਹੋਈ ਕਿਸੇ ਫਿਲਮ ਦੀ ਕਹਾਣੀ ਨੂੰ ਕਈ ਵਰੇ ਬਾਅਦ ਵਿਚ ਵੀ ਚੇਤੇ ਰੱਖਿਆ ਜਾ ਸਕਦਾ ਹੈ ਪਰ ! ਪੜੀ ਗਈ ਕੋਈ ਕਹਾਣੀ ਬਹੁਤੀ ਦੇਰ ਚੇਤੇ ਨਹੀਂ ਰਹਿੰਦੀ। ਠੀਕ ਇਸੇ ਤਰਾਂ ਪੰਜਾਬੀ ਲੋਕ ਗੀਤਾਂ ਨੂੰ ਸੁਣਨ ਨਾਲ ਬਹੁਤ ਸਾਰੇ ਇਤਿਹਾਸਕ ਪਾਤਰਾਂ ਦੀ ਜਾਣਕਾਰੀ ਪ੍ਰਾਪਤ ਹੁੰਦੀ ਹੈ ਜਿਨਾਂ ਬਾਰੇ ਕਿਤਾਬਾਂ ਤੋਂ ਕਦੇ ਨਹੀਂ ਪੜਿਆ ਗਿਆ ਹੁੰਦਾ। ਉਂਝ ਵੀ ਕਿਤਾਬਾਂ ਪੜਨ ਦਾ ਰੁਝਾਨ ਖ਼ਤਮ ਹੁੰਦਾ ਜਾ ਰਿਹਾ ਹੈ, ਖ਼ਾਸ ਕਰਕੇ ਮੁੱਲ ਖ਼ਰੀਦ ਕੇ। ਖ਼ੈਰ ! ਇਹ ਵੱਖਰਾ ਵਿਸ਼ਾ ਹੈ।
ਪੰਜਾਬ ਦੇ ਲੋਕ ਨਾਇਕ ਬਾਬਾ ਬੰਦਾ ਸਿੰਘ ਬਹਾਦਰ, ਦੁੱਲਾ- ਭੱਟੀ, ਜੀਉਣਾ- ਮੌੜ, ਜੱਗਾ- ਜੱਟ, ਸੁੱਚਾ- ਸੂਰਮਾ ਅਤੇ ਮਿਰਜ਼ਾ ਆਦਿਕ ਦੀਆਂ ਵਾਰਾਂ ਨੇ ਨੌਜਵਾਨਾਂ ਨੂੰ ਇਹਨਾਂ ਦੇ ਜੀਵਨ ਬਾਰੇ ਜਾਣਕਾਰੀ ਦਿੱਤੀ ਹੈ। ਪੰਜਾਬੀ ਦੇ ਬਹੁਤ ਸਾਰੇ ਗਾਇਕਾਂ ਨੇ ਇਹਨਾਂ ਸੂਰਮਿਆਂ ਦੇ ਜੀਵਨ ਨਾਲ ਸੰਬੰਧਤ ਲੋਕ- ਗਾਥਾਵਾਂ ਨੂੰ ਗਾਇਆ ਹੈ ਅਤੇ ਅਜੋਕੀ ਪੀੜੀ ਨੂੰ ਇਹਨਾਂ ਲੋਕ- ਨਾਇਕਾਂ ਦੇ ਜੀਵਨ ਬਾਰੇ ਜਾਣਕਾਰੀ ਦਿੱਤੀ ਹੈ। ਉਂਝ ਵੀ ਪੰਜਾਬੀ ਜਨ- ਜੀਵਨ ਵਿਚ ਇਹਨਾਂ ਸੂਰਬੀਰਾਂ ਦੀਆਂ ਵਾਰਾਂ ਗਾਉਣ/ ਸੁਣਨ ਦਾ ਰੁਝਾਨ ਰਿਹਾ ਹੈ।
ਲੋਕ ਨਾਇਕਾਂ ਤੋਂ ਇਲਾਵਾ ਸੂਫ਼ੀ ਸੰਗੀਤ ਨੇ ਮਨੁੱਖ ਨੂੰ ਰੂਹਾਨੀਅਤ ਭਰਪੂਰ ਸੰਦੇਸ਼ ਦਿੱਤਾ ਹੈ। ਸੂਫ਼ੀ ਸੰਗੀਤ ਤੋਂ ਇਹਨਾਂ ਸੂਫ਼ੀ ਸੰਤਾਂ ਦੇ ਜੀਵਨ ਬਾਰੇ ਜਾਣਕਾਰੀ ਪ੍ਰਾਪਤ ਹੁੰਦੀ ਹੈ। ਇਹਨਾਂ ਸੂਫ਼ੀਆਂ ਨੇ ਸੱਚੇ ਇਸ਼ਕ ਨਾਲ/ ਇਬਾਦਤ ਨਾਲ ਰੱਬ ਦੀ ਪ੍ਰਾਪਤੀ ਦਾ ਰਾਹ ਦੱਸਿਆ। ਇਹਨਾਂ ਗੱਲਾਂ ਨੂੰ ਲੋਕ ਗੀਤਾਂ ਰਾਹੀਂ ਬਹੁਤ ਸਾਰੇ ਸੂਫ਼ੀ ਗਾਇਕਾਂ ਨੇ ਚੰਗੇ ਢੰਗ ਨਾਲ ਪੇਸ਼ ਕੀਤਾ ਹੈ ਅਤੇ ਲੋਕਾਂ ਨੇ ਇਸ ਸੰਗੀਤ ਨੂੰ ਦਿਲੋਂ ਪਰਵਾਨ ਵੀ ਕੀਤਾ ਹੈ।
ਅਜੋਕੇ ਸਮੇਂ ਦੀਆਂ ਸਮਾਜਿਕ ਸਮੱਸਿਆਵਾਂ ਨੂੰ ਗੀਤਾਂ ਵਿਚ ਪੇਸ਼ ਕੀਤਾ ਗਿਆ ਹੈ। ਕਿਸਾਨਾਂ ਨੂੰ ਕਰਜ਼ੇ ਤੋਂ ਬਚਣ ਲਈ ਤਾਕੀਦ ਕੀਤੀ ਗਈ ਹੈ। ਦਾਜ- ਦਹੇਜ ਤੋਂ ਪ੍ਰਹੇਜ ਕਰਨ ਲਈ ਗੀਤਾਂ ਦੀ ਰਚਨਾ ਕੀਤੀ ਗਈ ਹੈ। ਨੌਜਵਾਨਾਂ ਨੂੰ ਗੈਰ- ਕਾਨੂੰਨੀ ਢੰਗ ਨਾਲ ਵਿਦੇਸ਼ਾਂ ਵਿਚ ਜਾਣ ਤੋਂ ਰੋਕਿਆ ਗਿਆ ਹੈ/ ਸਮਝਾਇਆ ਗਿਆ ਹੈ। ਕੁੜੀਆਂ ਨੂੰ ਅੱਗੇ ਵੱਧਣ ਲਈ ਪ੍ਰੇਰਿਤ ਕੀਤਾ ਗਿਆ ਹੈ। ਅੱਜ ਦਾ ਜ਼ਮਾਨਾ ਅੱਗੇ ਵੱਧਣ ਦਾ ਜ਼ਮਾਨਾ ਹੈ। ਹੁਣ ਕੁੜੀਆਂ ਕਿਸੇ ਵੀ ਖੇਤਰ ਵਿਚ ਮੁੰਡਿਆਂ ਤੋਂ ਘੱਟ ਨਹੀਂ ਹਨ। ਇਹਨਾਂ ਸੰਕਲਪਾਂ ਨੂੰ ਪੰਜਾਬੀ ਗੀਤਕਾਰੀ ਦੇ ਕੁਝ ਕੂ ਗੀਤਕਾਰ ਅਤੇ ਗਾਇਕ ਆਪਣੇ ਗੀਤਾਂ ਦਾ ਹਿੱਸਾ ਬਣਾ ਰਹੇ ਹਨ। ਇਹ ਚੰਗੀ ਗੱਲ ਹੈ।
ਲੋਕ ਗੀਤਾਂ ਰਾਹੀਂ ਦੇਸ਼ ਦੇ ਰਾਜਨੀਤਕ ਹਾਲਾਤਾਂ ਦਾ ਜ਼ਿਕਰ ਵੀ ਕੀਤਾ ਜਾਂਦਾ ਹੈ। ਜਿਵੇਂ ਦੇਸ਼ ਦੀ ਤਰੱਕੀ ਦੀ ਗੱਲ/ ਰਾਜਨੀਤਕ ਪਾਰਟੀਆਂ ਦੇ ਘਪੱਲਿਆਂ ਦੀ ਗੱਲ/ ਫ਼ੌਜੀ ਜਵਾਨਾਂ ਦੀ ਗੱਲ/ ਪਰਵਾਸ ਦੀ ਗੱਲ ਅਤੇ ਸਮਾਜਿਕ ਬਣਤਰ ਦੀ ਗੱਲ। ਇਹਨਾਂ ਗੀਤਾਂ ਨੂੰ ਸੁਣ ਕੇ ਆਮ ਲੋਕਾਂ ਨੂੰ ਰਾਜਨੀਤਕ ਸੰਦਰਭ ਦੀ ਗੱਲ ਛੇਤੀ ਸਮਝ ਵਿਚ ਆ ਜਾਂਦੀ ਹੈ। ਲੋਕ ਇਹਨਾਂ ਗੀਤਾਂ ਦੇ ਮਾਧਿਅਮ ਰਾਹੀਂ ਮੁਲਕ ਦੇ ਹਾਲਾਤਾਂ ਨੂੰ ਸਮਝਦੇ ਹਨ/ ਜਾਣਦੇ ਹਨ।
ਪਰ ! ਬਦਕਿਸਮਤੀ ਅਸੀਂ ਕਦੇ ਸਾਰਥਕ ਪਹਿਲੂਆਂ ਉੱਪਰ ਵਿਚਾਰ- ਚਰਚਾ ਨਹੀਂ ਕਰਦੇ। ਕਦੇ ਚੰਗੇ ਕੰਮ ਦੀ ਸੋਭਾ ਨਹੀਂ ਕਰਦੇ/ ਵਡਿਆਈ ਨਹੀਂ ਕਰਦੇ। ਹਾਂ, ਮੰਦੇ ਕੰਮ ਲਈ ਭੰਡਣਾ ਜ਼ਰੂਰ ਸ਼ੁਰੂ ਕਰ ਦਿੰਦੇ ਹਾਂ। ਸਾਹਿਤ ਵਿਚ ਪੜਾਇਆ ਜਾਂਦਾ ਹੈ ਕਿ ਹਰ ਚੀਜ਼ ਦੇ ਦੋ ਪੱਖ ਹੁੰਦੇ ਹਨ। ਸਾਰਥਕ ਅਤੇ ਨਿਰਾਰਥਕ। ਜੇਕਰ ਕੁਝ ਲੋਕ ਮੰਦਾ ਗਾ ਰਹੇ ਹਨ ਤਾਂ ਕੁਝ ਲੋਕ ਚੰਗਾ ਅਤੇ ਰੂਹਾਨੀਅਤ ਭਰਪੂਰ ਗਾਇਕੀ ਵੀ ਗਾ ਰਹੇ ਹਨ। ਪਰ ! ਉਹਨਾਂ ਦੀ ਕਦੇ ਕੋਈ ਸਾਰਥਕ ਚਰਚਾ ਨਹੀਂ ਕੀਤੀ ਜਾਂਦੀ। ਉਹਨਾਂ ਗਾਇਕਾਂ/ ਗੀਤਕਾਰਾਂ ਨੂੰ ਕਦੇ ਸਾਹਮਣੇ ਨਹੀਂ ਲਿਆਇਆ ਜਾਂਦਾ ਜਿਨਾਂ ਅਰਥ ਭਰਪੂਰ ਗਾਇਕੀ ਰਾਹੀਂ ਸਮਾਜ ਨੂੰ ਸਿੱਧੇ ਰਾਹ ਪਾਉਣ ਦਾ ਉੱਪਰਾਲਾ ਕੀਤਾ ਹੁੰਦਾ ਹੈ। ਇਹ ਬਹੁਤ ਮੰਦਭਾਗਾ ਰੁਝਾਨ ਹੈ।
ਇਹ ਸਾਡੇ ਉੱਪਰ ਨਿਰਭਰ ਕਰਦਾ ਹੈ ਕਿ ਅਸੀਂ ਸਾਰਥਕ ਸੋਚ ਦੇ ਧਾਰਨੀ ਲੋਕਾਂ/ ਗਾਇਕਾਂ/ ਗੀਤਕਾਰਾਂ ਨੂੰ ਅੱਗੇ ਲੈ ਕੇ ਆਉਣਾ ਹੈ ਜਾਂ ਫਿਰ ਨਕਾਰਤਮਕਤਾ ਭਰਪੂਰ ਲੋਕਾਂ ਨੂੰ। ਚੰਗੇ ਕੰਮ ਦੀ ਜੇਕਰ ਸੋਭਾ ਹੋਵੇਗੀ ਤਾਂ ਚੰਗਾ ਗਾਉਣ ਵਾਲੇ ਲੋਕ ਅੱਗੇ ਆਉਣਗੇ ਅਤੇ ਜੇਕਰ ਇਸੇ ਤਰਾਂ ਮੰਦਾ ਗਾਉਣ ਵਾਲੇ ਸੋਭਾ ਖੱਟਦੇ ਰਹੇ ਤਾਂ ਚੰਗਾ ਗਾਉਣ ਵਾਲੇ ਕਦੇ ਵੀ ਅੱਗੇ ਨਹੀਂ ਆ ਸਕਦੇ। ਇਹ ਅਟੱਲ ਸੱਚਾਈ ਹੈ। ਇਸ ਤੋਂ ਮੁਨਕਰ ਨਹੀਂ ਹੋਇਆ ਜਾ ਸਕਦਾ।
ਮੰਦੇ ਕੰਮ ਦੀ ਭੰਡੀ ਹੋਣੀ ਚਾਹੀਦੀ ਹੈ ਪਰ ! ਨਾਲ ਹੀ ਚੰਗੇ ਕੰਮ ਦੀ ਸੋਭਾ ਵੀ ਹੋਣੀ ਚਾਹੀਦੀ ਹੈ/ ਨਹੀਂ ਤਾਂ ਚੰਗਾ ਗਾਉਣ ਵਾਲੇ/ ਚੰਗਾ ਲਿਖਣ ਵਾਲੇ ਹੌਸਲਾ ਹਾਰ ਜਾਂਦੇ ਹਨ। ਸਾਨੂੰ ਸਾਰਿਆਂ ਨੂੰ ਸੁਚੇਤ ਹੋ ਕੇ ਚੰਗਾ ਗਾਉਣ ਵਾਲਿਆਂ ਦੇ ਨਾਲ ਖੜਨਾ ਚਾਹੀਦਾ ਹੈ ਤਾਂ ਕਿ ਉਹ ਹੋਰ ਵਧੀਆ ਗਾਇਕੀ ਰਾਹੀਂ ਸਮਾਜ ਵਿਚ ਸਾਰਥਕ ਰੋਲ ਅਦਾ ਕਰ ਸਕਣ ਅਤੇ ਮੰਦਾ ਗਾਉਣ ਵਾਲਿਆਂ ਨੂੰ ਸਬਕ ਮਿਲ ਸਕੇ।