ਪਟਨਾ – ਰਾਜਦ ਮੁੱਖੀ ਲਾਲੂ ਪ੍ਰਸਾਦ ਯਾਦਵ ਨੇ ਟਵੀਟ ਦੁਆਰਾ ਸੰਘ ਅਤੇ ਬੀਜੇਪੀ ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਉਨ੍ਹਾਂ ਨੂੰ ਡੇਗਣ ਲਈ ਕੁਝ ਲੋਕ ਵਾਰ-ਵਾਰ ਡਿੱਗੇ। ਉਨ੍ਹਾਂ ਨੇ ਟਵੀਟ ਤੇ ਇਹ ਵੀ ਲਿਖਿਆ, ‘ਮੁਦੱਈ ਲੱਖ ਬੁਰਾ ਚਾਹੇ ਤਾਂ ਕਿਆ ਹੋਤਾ ਹੈ, ਵਹੀ ਹੋਤਾ ਹੈ ਜੋ ਮੰਜੂਰੇ ‘ਜਨਤਾ’ ਹੁੰਦਾ ਹੈ।’
ਬਿਹਾਰ ਦੇ ਸਰਵਉਚ ਅਤੇ ਹਰਮਨ ਪਿਆਰੇ ਨੇਤਾ ਲਾਲੂ ਨੇ ਆਪਣੇ ਟਵੀਟ ਤੇ ਇੱਕ ਫੋਟੋ ਸ਼ੇਅਰ ਕੀਤੀ ਹੈ। ਇਸ ਤਸਵੀਰ ਵਿੱਚ ਉਹ ਆਪਣੇ ਆਪ ਦੀ ਤੁਲਣਾ ‘ਗੁਲਿਵਰ ਇਨ ਲਿਲਿਪੁਟ’ ਦੇ ਕਿਰਦਾਰ ਗੁਲਿਵਰ ਨਾਲ ਕਰਦੇ ਵਿਖਾਈ ਦੇ ਰਹੇ ਹਨ। ਇਸ ਤਸਵੀਰ ਵਿੱਚ ਸੰਘ, ਬੀਜੇਪੀ, ਜਨਤਾ ਦਲ ਯੂਨਾਈਟਡ, ਸੀਬੀਆਈ, ਈਡੀ, ਪ੍ਰਧਾਨਮੰਤਰੀ ਆਫਿਸ ਅਤੇ ਇਨਕਮ ਵਿਭਾਗ ਦੁਆਰਾ ਉਨ੍ਹਾਂ ਨੂੰ ਬੰਨ੍ਹਣ ਜਾਂ ਕਾਬੂ ਕਰਨ ਦੇ ਯਤਨ ਕੀਤੇ ਜਾ ਰਹੇ ਹਨ।
ਲਾਲੂ ਯਾਦਵ ਵੱਲੋਂ ਸ਼ੇਅਰ ਕੀਤੀ ਗਈ ਇਸ ਤਸਵੀਰ ਦੇ ਉਪਰ ਲਿਖਿਆ ਹੈ, “ਨਾ ਮੈਂ ਡਿੱਗੇ, ਨਾ ਮੇਰੇ ਹੌਂਸਲਿਆਂ ਦੇ ਮੀਨਾਰ ਡਿੱਗੇ, ਮਗਰ ਮੈਨੂੰ ਗਿਰਾਉਣ ਲਈ ਕਈ ਲੋਕ ਵਾਰ-ਵਾਰ ਡਿੱਗੇ।” ਇਸ ਤੋਂ ਪਹਿਲਾਂ ਐਤਵਾਰ ਨੂੰ ਪਟਨਾ ਦੇ ਗਾਂਧੀ ਗਰਾਊੰਂਡ ਵਿੱਚ ਬੀਜੇਪੀ, ਨਤੀਸ਼ ਦੀ ਜਦਯੂ ਅਤੇ ਪਾਸਵਾਨ ਵੱਲੋਂ ਮਿਲ ਕੇ ਜੋ ਸੰਕਲਪ ਰੈਲੀ ਕੀਤੀ ਗਈ ਸੀ, ਉਸ ਵਿੱਚ ਸਾਰੇ ਸਰਕਾਰੀ ਸਾਧਨ ਵਰਤਣ ਦੇ ਬਾਵਜੂਦ ਵੀ ਇੱਕਠੀ ਕੀਤੀ ਗਈ ਭੀੜ ਤੇ ਵੀ ਤੰਜ ਕਸਿਆ ਸੀ। ਉਨ੍ਹਾਂ ਨੇ ਲਿਖਿਆ ਸੀ ਕਿ ਏਨੀ ਭੀੜ ਤਾਂ ਮੈਂ ਪਾਨ ਖਾਣ ਲਈ ਗੁੰਮਟੀ ਤੇ ਰੁਕਦਾ ਸੀ ਤਾਂ ਹੋ ਜਾਂਦੀ ਸੀ।
ਵਰਨਣਯੋਗ ਹੈ ਕਿ ਲਾਲੂ ਜੀ ਇਸ ਸਮੇਂ ਇੱਕ ਪਾਸੇ ਤਾਂ ਕਈ ਗੰਭੀਰ ਬਿਮਾਰੀਆਂ ਨਾਲ ਜੂਝ ਰਹੇ ਹਨ ਅਤੇ ਦੂਸਰੇ ਪਾਸੇ ਮੋਦੀ ਸਰਕਾਰ ਨੇ ਉਨ੍ਹਾਂ ਨੂੰ ਅਤੇ ਉਨ੍ਹਾਂ ਦੇ ਪ੍ਰੀਵਾਰ ਨੂੰ ਕਈ ਝਮੇਲਿਆਂ ਵਿੱਚ ਫਸਾਇਆ ਹੋਇਆ ਹੈ ਪਰ ਫਿਰ ਵੀ ਉਹ ਹਿੰਮਤ ਨਹੀਂ ਹਾਰ ਰਹੇ।