ਨਾ ਪੜ੍ਹੀਂ ਮੇਰੀਆਂ ਨਜ਼ਮਾਂ ਨੂੰ,
ਤੂੰ ਮੇਰਾ ਹਾਲ ਜਾਣ ਜਾਏਂਗੀ ।
ਕਰਮਾਂ ਮਾਰੇ ਕੁਝ ਚਾਵਾਂ ਦਾ,
ਤੂੰ ਦੁੱਖ ਪਛਾਣ ਜਾਏਂਗੀ ।
ਇੱਕ ਜ਼ਿੰਦਗੀ ਕਿਵੇਂ ਬਣੀ ਸੀ ਸਜ਼ਾ,
ਤੂੰ ਉਮਰਾਂ ਦੀ ਕੈਦ ਜਾਣ ਜਾਏਂਗੀ ।
ਨਾ ਪੜ੍ਹੀਂ ਮੇਰੀਆਂ ਨਜ਼ਮਾਂ ਨੂੰ,
ਤੂੰ ਮੇਰਾ ਹਾਲ ਜਾਣ ਜਾਏਂਗੀ ।
ਕੁਝ ਅਣਭੋਲ ਮੁਹੱਬਤਾਂ ਨੂੰ ,
ਸਜ਼ਾ ਹੋ ਗਈ ਸੀ ਜੁਦਾਈਆਂ ਦੀ,
ਜਾਤਾਂ ਦੀ ਮੰਡੀ ਕੋਈ ਮੁੱਲ ਨਾ ਪਿਆ,
ਪੰਡ ਭਾਰੀ ਸੀ ਇਸ਼ਕ ਕਮਾਈਆਂ ਦੀ,
ਪਿਆ ਪਾਣੀ ਹੁਣ ਦਿਲਾਸਿਆਂ ਦਾ,
ਤੂੰ ਕੋਈ ਪੁੰਨ ਕਮਾਣ ਜਾਏਂਗੀ,
ਨਾ ਪੜ੍ਹੀਂ ਮੇਰੀਆਂ ਨਜ਼ਮਾਂ ਨੂੰ,
ਤੂੰ ਮੇਰਾ ਹਾਲ ਜਾਣ ਜਾਏਂਗੀ ।
ਉਹਦੀ ਪੈੜ ਲੱਭਦਾ-ਲੱਭਦਾ,
ਮੈਂ ਧੂੜ ਬਣ ਗਿਆ ਸੀ ਰਾਹਾਂ ਦੀ,
ਇੱਕ ਵਾਰ ਤਾਂ ਆ ਕੇ ਲੈ ਜਾਂਦੀ,
ਅਮਾਨਤ ਬਚੀ ਸੀ ਕੁਝ ਸਾਹਾਂ ਦੀ,
ਤੈਨੂੰ ਲੱਗੂ ਆਖਰੀ ਸਫਰਾਂ ਦਾ,
ਤੂੰ ਕੋਈ ਮਰਸੀਆ ਗਾਣ ਜਾਏਂਗੀ ।
ਨਾ ਪੜ੍ਹੀਂ ਮੇਰੀਆਂ ਨਜ਼ਮਾਂ ਨੂੰ,
ਤੂੰ ਮੇਰਾ ਹਾਲ ਜਾਣ ਜਾਏਂਗੀ ।
ਤੂੰ ਮੇਰਾ ਹਾਲ ਜਾਣ ਜਾਏਂਗੀ ।