ਗੁਲਜ਼ਾਰ ਗਰੁੱਪ ਆਫ਼ ਇੰਸਟੀਚਿਊਟ, ਖੰਨਾ ਲੁਧਿਆਣਾ ਵੱਲੋਂ ਅੰਤਰ ਰਾਸ਼ਟਰੀ ਮਹਿਲਾ ਦਿਵਸ ਮੌਕੇ ‘‘ਮਹਿਲਾ ਸ਼ਸ਼ਕਤੀਕਰਨ ਅਤੇ ਇਸ ਦਾ ਭਵਿਖ’’ ਵਿਸ਼ੇ ਤੇ ਇਕ ਸੈਮੀਨਾਰ ਦਾ ਆਯੋਜਨ ਕੀਤਾ ਗਿਆ ਜਿਸ ‘ਚ ਅਧਿਆਪਕਾਂ ਅਤੇ ਸਾਰੇ ਵਿਭਾਗਾਂ ਦੇ ਵਿਦਿਆਰਥੀਆਂ ਨੇ ਹਿੱਸਾ ਲਿਆ । ਇਸ ਸੈਮੀਨਾਰ ਕਰਾਉਣ ਦਾ ਮੁੱਖ ਮੰਤਵ ਜਿੱਥੇ ਸਕੂਲ ਦੇ ਵਿਦਿਆਰਥੀਆਂ ਨੂੰ ਔਰਤਾਂ ਦੀ ਮਨੁੱਖੀ ਜਾਤੀ ਨੂੰ ਦੇਣ ਅਤੇ ਇਕ ਔਰਤ ਨੂੰ ਰੋਜ਼ਾਨਾ ਪੇਸ਼ ਆਉਣ ਵਾਲੀਆਂ ਮੁਸ਼ਕਲਾਂ ਨਾਲ ਜਾਣੂ ਕਰਾਉਣਾ ਸੀ । ਇਸ ਮੌਕੇ ਤੇ ਸਮੂਹ ਸਟਾਫ਼ ਨੇ ਸਟੇਜ ਤੇ ਆਪਣੇ ਵਿਚਾਰ ਸਾਂਝੇ ਕੀਤੇ ਅਤੇ ਸਕੂਲ ਦੇ ਵਿਦਿਆਰਥੀਆਂ ਨੇ ਵੀ ਆਪਣੀਆਂ ਭਾਵਨਾਵਾਂ ਸਾਰਿਆਂ ਨਾਲ ਸਾਂਝੀਆਂ ਕੀਤੀਆ । ਸਭ ਤੋਂ ਪਹਿਲਾਂ ਹਾਜ਼ਰ ਵਿਦਿਆਰਥੀਆਂ ਨੂੰ ਇਸ ਦਿਹਾੜੇ ਦੀ ਵਧਾਈ ਦਿੰਦੇ ਹੋਏ ਅੰਤਰ ਰਾਸ਼ਟਰੀ ਮਹਿਲਾ ਦਿਵਸ ਦੇ ਇਤਿਹਾਸ ਨਾਲ ਜਾਣੂ ਕਰਾਇਆ ਗਿਆ ।
ਇਸ ਮੌਕੇ ਤੇ ਗੁਲਜ਼ਾਰ ਗਰੁੱਪ ਦੇ ਚੇਅਰਮੈਨ ਗੁਰਚਰਨ ਸਿੰਘ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਅੱਜ ਦੀ ਸ਼ਹਿਰੀ ਔਰਤ ਬੇਸ਼ੱਕ ਘਰਾਂ ਦੀ ਚਾਰ ਦੀਵਾਰੀ ਤੋਂ ਬਾਹਰ ਆ ਚੁੱਕੀ ਹੈ ਪਰ ਪਿੰਡਾਂ ਦੇ ਹਾਲਾਤ ਹਾਲੇ ਵੀ ਕੋਈ ਬਹੁਤੇ ਚੰਗੇ ਨਹੀਂ ਹਨ । ਉਨ੍ਹਾਂ ਔਰਤਾਂ ਦੇ ਸਸ਼ਕਤੀਕਰਨ ਤੇ ਜੋਰ ਦਿੰਦੇ ਹੋਏ ਕਿਹਾ ਕਿ ਕਿਸੇ ਵੀ ਔਰਤ ਦੇ ਸਸ਼ਕਤੀਕਰਨ ਦੀ ਸ਼ੁਰੂਆਤ ਘਰ ਤੋਂ ਹੁੰਦੀ ਹੈ, ਜੇਕਰ ਘਰਾਂ ‘ਚ ਲਿੰਗ ਭੇਦ ਭਾਵ ਦੀ ਖ਼ਾਤਮਾ ਘਰਾਂ ਤੋਂ ਸ਼ੁਰੂ ਹੋ ਜਾਵੇਗਾ ਤਾਂ ਹਰ ਔਰਤ ਸਮਾਜ ‘ਚ ਇਕ ਉਸਾਰੂ ਸੋਚ ਲੈ ਕੇ ਵਿਚਰ ਸਕਦੀ ਹੈ ।ਉਨ੍ਹਾਂ ਵਿਦਿਆਰਥੀਆਂ ਨੂੰ ਛੇੜ-ਛਾੜ ਅਤੇ ਲਿੰਗ ਭੇਦ ਭਾਵ ਜਿਹੀਆਂ ਕੁਰੀਤੀਆਂ ਵਿਰੁੱਧ ਲਾਮਬੰਦ ਹੋਣ ਲਈ ਪ੍ਰੇਰਨਾ ਦਿਤੀ ।ਇਸ ਦੌਰਾਨ ਕੰਪਿਊਟਰ ਵਿਭਾਗ ਦੇ ਅਧਿਆਪਕਾਂ ਨੇ ਇਕ ਪਾਵਰ ਪ੍ਰੈਜ਼ਨਟੇਸ਼ਨ ਰਾਹੀਂ ਇਕ ਔਰਤ ਦੇ ਬਚਪਨ ਤੋਂ ਲੈ ਕੇ ਉਮਰ ਭਰ ਦੇ ਸਫ਼ਰ ਨੂੰ ਸਾਰਿਆਂ ਸਾਹਮਣੇ ਬਹੁਤ ਖ਼ੂਬਸੂਰਤ ਤਰੀਕੇ ਨਾਲ ਪੇਸ਼ ਕਰਦੇ ਹੋਏ ਇਕ ਔਰਤ ਨੂੰ ਸ਼ਹਿਰੀ ਅਤੇ ਪੇਂਡੂ ਖ਼ਿੱਤੇ ਦੀਆਂ ਔਰਤਾਂ ਨੂੰ ਰੋਜ਼ਾਨਾ ਪੇਸ਼ ਆਉਣ ਵਾਲੀਆਂ ਮੁਸ਼ਕਲਾਂ ਨਾਲ ਸਾਰਿਆਂ ਨੂੰ ਜਾਣੂ ਕਰਵਾਇਆ ।
ਗੁਲਜ਼ਾਰ ਗਰੁੱਪ ਦੇ ਐਗਜ਼ੈਕਟਿਵ ਡਾਇਰੈਕਟਰ ਗੁਰਕੀਰਤ ਸਿੰਘ ਨੇ ਇਸ ਮੌਕੇ ਬੋਲਦੇ ਹੋਏ ਕਿਹਾ ਕਿ ਅੱਜ ਦੀ ਔਰਤ ਇਕ ਮਾਂ,ਭੈਣ,ਬੇਟੀ,ਪਤਨੀ ਹੋਣ ਦੇ ਫ਼ਰਜ਼ ਪੂਰੇ ਕਰਨ ਦੇ ਨਾਲ ਨਾਲ ਇਕ ਪ੍ਰੋਫੈਸ਼ਨਲ ਜ਼ਿੰਦਗੀ ਵੀ ਜੀ ਰਹੀ ਹੈ ਅਤੇ ਇਸ ਦੋਹਰੀ ਜ਼ਿੰਦਗੀ ‘ਚ ਪਹਿਲਾਂ ਘਰ ਦਾ ਖਿਆਲ ਰੱਖਣ ਦੇ ਨਾਲ ਨਾਲ ਪਰਿਵਾਰ ਲਈ ਰੁਪਏ ਕਮਾਉਣ ਲਈ ਵੀ ਆਪਣਾ ਯੋਗਦਾਨ ਪਾਉਣਾ ਯਕੀਨਨ ਇਕ ਔਰਤ ਦੀ ਅਪਾਰ ਹਿੰਮਤ ਦਾ ਹੀ ਪਛਾਣ ਹੈ ਪਰ ਰੋਜ਼ਾਨਾ ਵੱਧ ਰਹੇ ਬਲਾਤਕਾਰ ਅਤੇ ਛੇੜ-ਛਾੜ ਦੀਆਂ ਘਟਨਾਵਾਂ ਦੇ ਚੱਲਦਿਆਂ ਕਈ ਪਰਿਵਾਰਾਂ ਆਪਣੀਆਂ ਧੀਆਂ ਨੂੰ ਘਰਾਂ ਦੀ ਚਾਰ ਦੀਵਾਰੀ ਤੋਂ ਬਾਹਰ ਕੱਢਣ ਤੋਂ ਡਰਦੇ ਹਨ ਜੋ ਕਿ ਇਕ ਗੰਭੀਰ ਚਿੰਤਾ ਦਾ ਵਿਸ਼ਾ ਹੈ ਅਤੇ ਇਸ ਲਈ ਸਰਕਾਰ ਅਤੇ ਸੁਸਾਇਟੀ ਨੂੰ ਕੋਈ ਹੱਲ ਕੱਢਣ ਲਈ ਇਕਠੇ ਹੋਏ ਅੱਗੇ ਆਉਣਾ ਜ਼ਰੂਰੀ ਹੋ ਚੁੱਕਾ ਹੈ ।ਇਸ ਦੇ ਨਾਲ ਹੀ ਉਨ੍ਹਾਂ ਸਾਰੇ ਵਿਦਿਆਰਥੀਆਂ ਨੂੰ ਇਨ੍ਹਾਂ ਕੁਰੀਤੀਆਂ ਵਿਰੁੱਧ ਅੱਗੇ ਆਉਣ ਦੀ ਪ੍ਰੇਰਨਾ ਦਿਤੀ ।ਸੈਮੀਨਾਰ ਦੇ ਅੰਤ ‘ਚ ਆਖੀਰ ‘ਚ ਕੈਂਪਸ ਦੀਆਂ ਮਹਿਲਾਂ ਅਧਿਪਾਕਾਵਾਂ ਨੂੰ ਸਨਮਾਨਿਤ ਵੀ ਕੀਤਾ ਗਿਆ।