ਪਟਿਆਲਾ -: ਗੁਰਦੁਆਰਾ ਸਿੰਘ ਸਭਾ ਅਰਬਨ ਅਸਟੇਟ ਫੇਜ-2 ਵਿਚ ਗੁਰਦੁਆਰਾ ਪ੍ਰਬੰਧਕੀ ਕਮੇਟੀ ਅਤੇ ਬੀਬੀਆਂ ਦੀ ਸੁਖਮਨੀ ਸਾਹਿਬ ਸੇਵਾ ਸੋਸਾਇਟੀ ਵੱਲੋਂ ਸੰਗਤਾਂ ਦੇ ਸਹਿਯੋਗ ਨਾਲ ਰਲਮਿਲਕੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਤ ਅੰਤਰਰਾਸ਼ਟਰੀ ਮਹਿਲਾ ਸ਼ਕਤੀਕਰਣ ਦਿਵਸ ਮਨਾਇਆ ਗਿਆ। ਇਸ ਮੌਕੇ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਹਿਜ ਪਾਠ ਦਾ ਭੋਗ ਪਾਉਣ ਉਪਰੰਤ ਬੀਬੀਆਂ ਨੇ ਸ਼ਬਦ ਕੀਰਤਨ ਕੀਤਾ। ਇਨ੍ਹਾਂ ਸਾਰੇ ਪ੍ਰੋਗਰਾਮਾ ਦਾ ਸੰਚਾਲਣ ਅਤੇ ਪ੍ਰਬੰਧ ਸੁਖਮਨੀ ਸਾਹਿਬ ਸੇਵਾ ਸੋਸਾਇਟੀ ਦੀਆਂ ਬੀਬੀਆਂ ਨੇ ਹੀ ਕੀਤਾ। ਇਸ ਮੌਕੇ ਸੁਖਮਣੀ ਸਾਹਿਬ ਸੇਵਾ ਸੋਸਾਇਟੀ ਦੀ ਪ੍ਰਧਾਨ ਬੀਬੀ ਰਾਜਿੰਦਰ ਕੌਰ ਅਤੇ ਜਨਰਲ ਸਕੱਤਰ ਬੀਬੀ ਸ਼ਰਨਜੀਤ ਕੌਰ ਨੇ ਬੋਲਦਿਆਂ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਵੱਲੋਂ ਆਪਣੀ ਬਾਣੀ ਵਿਚ ਇਸਤਰੀਆਂ ਦਾ ਸਤਿਕਾਰ ਕਰਨ ਤੇ ਜ਼ੋਰ ਦਿੱਤਾ ਗਿਆ। ਉਨ੍ਹਾਂ ਇਸਤਰੀਆਂ ਨੂੰ ਗੁਰੂਆਂ ਦੀ ਵਿਚਾਰਧਾਰਾ ਤੇ ਪਹਿਰਾ ਦੇਣ ਦੀ ਤਾਕੀਦ ਕੀਤੀ ਗਈ। ਉਨ੍ਹਾਂ ਅੱਗੋਂ ਕਿਹਾ ਕਿ ਇਸਤਰੀਆਂ ਨੂੰ ਆਪਣੇ ਹੱਕਾਂ ਅਤੇ ਫਰਜਾਂ ਦੋਹਾਂ ਦਾ ਧਿਆਨ ਰੱਖਣਾ ਚਾਹੀਦਾ ਹੈ।
ਜਦੋਂ ਗੁਰੂ ਸਾਹਿਬ ਨੇ ਸਾਨੂੰ ਬਰਾਬਰ ਦੇ ਅਧਿਕਾਰ ਦਿੱਤੇ ਹਨ ਤਾਂ ਇਸਤਰੀਆਂ ਨੂੰ ਆਪਣੇ ਅਧਿਕਾਰਾਂ ਦੀ ਸਹਿਜਤਾ ਨਾਲ ਵਰਤੋਂ ਕਰਨੀ ਚਾਹੀਦੀ ਹੈ ਪ੍ਰੰਤੂ ਗੁਰੂਆਂ ਦੇ ਮਾਰਗ ਦਰਸ਼ਨ ਅਨੁਸਾਰ ਹੀ ਕੰਮ ਕਰਨੇ ਚਾਹੀਦੇ ਹਨ। ਇਸਤਰੀ ਅਤੇ ਆਦਮੀ ਦੋਵੇਂ ਬਰਾਬਰ ਹਨ, ਇਸ ਲਈ ਉਨ੍ਹਾਂ ਦੋਹਾਂ ਨੂੰ ਇਕ ਦੂਜੇ ਦਾ ਸਤਿਕਾਰ ਕਰਨਾ ਚਾਹੀਦਾ ਹੈ। ਇਸ ਮੌਕੇ ਤੇ ਉਨ੍ਹਾਂ ਸੋਸਾਇਟੀਆਂ ਦੀਆਂ ਬੀਬੀਆਂ ਜਿਨ੍ਹਾਂ ਨੇ ਸਿੱਖ ਧਰਮ ਦੇ ਪ੍ਰਚਾਰ ਤੇ ਪ੍ਰਸਾਰ ਲਈ ਬਿਹਤਰੀਨ ਕੰਮ ਕੀਤਾ ਉਨ੍ਹਾਂ ਨੂੰ ਸਿਰੋਪਾਓ ਦੇ ਕੇ ਸਨਮਾਨਤ ਕੀਤਾ ਗਿਆ। ਸਨਮਾਨਤ ਕੀਤੀਆਂ ਬੀਬੀਆਂ ਵਿਚ ਸੀਨੀਅਰ ਸਿਟੀਜ਼ਨ-ਬੀਬੀ ਮਨਿੰਦਰ ਕੌਰ, ਬੀਬੀ ਗੁਰਨਾਮ ਕੌਰ, ਬੀਬੀ ਦਵਿੰਦਰ ਕੌਰ, ਪਿਆਰਾ ਸਿੰਘ, ਐਸ ਐਸ ਐਸ ਸੁਖਮਣੀ ਸੋਸਾਇਟੀ ਦੀ ਬੀਬੀ ਨਿਰਮਲ ਕੌਰ, ਸੁਖਮਣੀ ਸੋਸਾਇਟੀ ਅਰਬਨ ਅਸਟੇਟ ਦੀ ਬੀਬੀ ਰਾਮ ਕੌਰ , ਬੇਬੇ ਨਾਨਕੀ ਸੋਸਾਇਟੀ ਦੀ ਬੀਬੀ ਸੁਰਿੰਦਰ ਕੌਰ, ਇਸਤਰੀ ਸਤਿਸੰਗ ਸਭਾ ਡੀ ਸੀ ਡਵਲਯੂ ਦੀ ਬੀਬੀ ਸੁਰਿੰਦਰ ਕੌਰ, ਇਸਤਰੀ ਸਤਿਸੰਗ ਸਭਾ ਵਿਜੈ ਨਗਰ ਦੀ ਬੀਬੀ ਬਲਜਿੰਦਰ ਕੌਰ ਅਤੇ ਮਾਤਾ ਗੁਜਰੀ ਸੁਖਮਣੀ ਸੋਸਾਇਟੀ ਦੀ ਬੀਬੀ ਰਾਣੀ ਭੈਣਜੀ। ਇਸ ਮੌਕੇ ਗੁਰਦੁਆਰਾ ਸਿੰਘ ਸਭਾ ਦੇ ਮੁੱਖ ਸੇਵਾਦਾਰ ਜਗਦੇਵ ਸਿੰਘ ਭੁਲਰ, ਜਨਰਲ ਸਕੱਤਰ ਇੰਦਰਵੀਰ ਸਿੰਘ, ਅਜਾਇਬ ਸਿੰਘ ਚੱਠਾ ਸਾਬਕਾ ਪ੍ਰਧਾਨ ਅਤੇ ਉਜਾਗਰ ਸਿੰਘ ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ ਮੌਜੂਦ ਸਨ। ਸਮਾਗਮ ਤੋਂ ਉਪਰੰਤ ਲੰਗਰ ਦੀ ਸੇਵਾ ਕੀਤੀ ਗਈ।