ਜੰਮੂ – ਸਾਬਕਾ ਮੁੱਖਮੰਤਰੀ ਉਮਰ ਅਬਦੁੱਲਾ ਨੇ ਕਿਹਾ ਹੈ ਕਿ ਮੋਦੀ ਨੇ ਜੰਮੂ-ਕਸ਼ਮੀਰ ਵਿੱਚ ਵਿਧਾਨਸਭਾ ਚੋਣਾਂ ਵਿੱਚ ਦੇਰੀ ਕਰ ਕੇ ਪਾਕਿਸਤਾਨ ਅਤੇ ਚੀਨ ਦੇ ਸਾਹਮਣੇ ਆਤਮਸਮੱਰਪਣ ਕਰ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਬੀਜੇਪੀ ਅੰਦਰੂਨੀ ਸੁਰੱਖਿਆ ਨੂੰ ਲੈ ਕੇ ਅਤੇ ਅੱਤਵਾਦ ਦੇ ਖਿਲਾਫ਼ ਸਖਤ ਕਾਰਵਾਈ ਕਰਨ ਦਾ ਦਾਅਵਾ ਕਿਵੇਂ ਕਰ ਸਕਦੀ ਹੈ।
ਉਮਰ ਅਬਦੁੱਲਾ ਨੇ ਇੱਕ ਟਵੀਟ ਵਿੱਚ ਮੋਦੀ ਕੈਬਨਿਟ ਦੇ ਮੰਤਰੀ ਰਵੀਸ਼ੰਕਰ ਪ੍ਰਸਾਦ ਵੱਲੋਂ ਰਾਹੁਲ ਗਾਂਧੀ ਤੇ ਕੀਤੀ ਗਈ ਟਿਪਣੀ ਦੀ ਸਖਤ ਆਲੋਚਨਾ ਕੀਤੀ ਹੈ। ਉਨ੍ਹਾਂ ਨੇ ਇੱਕ ਹੋਰ ਟਵੀਟ ਕਰ ਕੇ ਕਿਹਾ ਹੈ ਕਿ ਮੰਤਰੀ ਜੀ ਆਪ ਦੀ ਸਰਕਾਰ ਨੇ 2017 ਵਿੱਚ ਅਨੰਤਨਾਗ ਊਪ ਚੋਣ ਸਥਗਿਤ ਕਰ ਦਿੱਤੀ ਸੀ ਅਤੇ ਹੁਣ ਤੁਸੀਂ ਵਿਧਾਨਸਭਾ ਚੋਣਾਂ ਕਰਵਾਉਣ ਵਿੱਚ ਅਸਫਲ ਰਹੇ ਹੋ ਅਤੇ ਪਾਕਿਸਤਾਨ ਨੇ ਛੋਟੀ ਜਿੱਤ ਪ੍ਰਾਪਤ ਕਰ ਲਈ ਹੈ।
ਚੀਨ ਸਰਕਾਰ ਨੇ ਚੌਥੀ ਵਾਰ ਸੰਯੁਕਤ ਰਾਸ਼ਟਰ ਦੁਆਰਾ ਜੈਸ਼-ਏ-ਮੁਹੰਮਦ ਦੇ ਮੁੱਖੀ ਮਸੂਦ ਅਜ਼ਹਰ ਨੂੰ ਗਲੋਬਲ ਅੱਤਵਾਦੀ ਦੇ ਰੂਪ ਵਿੱਚ ਕਰਾਰ ਦੇਣ ਦੇ ਯਤਨਾਂ ਨੂੰ ਅਸਫ਼ਲ ਬਣਾ ਦਿੱਤਾ। ਉਨ੍ਹਾਂ ਨੇ ਕਿਹਾ ਕਿ ਪਾਕਿਸਤਾਨ ਨੂੰ ਜਸ਼ਨ ਮਨਾਉਣ ਦਾ ਜੇ ਕੋਈ ਮੌਕਾ ਦੇ ਰਿਹਾ ਹੈ ਤਾਂ ਉਹ ਰਾਹੁਲ ਗਾਂਧੀ ਨਹੀਂ ਹੈ।
ਉਨ੍ਹਾਂ ਨੇ ਕਿਹਾ ਕਿ ਮੋਦੀ ਨੇ ਅਜ਼ਹਰ ਦੇ ਮੁੱਦੇ ਤੇ ਚੀਨ ਦੇ ਅੱਗੇ ਆਤਮ ਸਮੱਰਪਣ ਕਰ ਦਿੱਤਾ ਹੈ ਅਤੇ ਜੰਮੂ-ਕਸ਼ਮੀਰ ਵਿੱਚ ਚੋਣਾਂ ਵਿੱਚ ਦੇਰੀ ਕਰਵਾ ਕੇ ਪਾਕਿਸਤਾਨ ਦੇ ਅੱਗੇ ਗੋਡੇ ਟੇਕ ਦਿੱਤੇ।