ਨਵੀਂ ਦਿੱਲੀ : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਹੁਦੇਦਾਰਾਂ ਅਤੇ ਅੰਤ੍ਰਿੰਗ ਬੋਰਡ ਦੀ ਚੋਣ ਸ਼ਾਮ 4:30 ਵਜੇ ਕਮੇਟੀ ਦੇ ਮੁੱਖ ਦਫ਼ਤਰ ਦੇ ਕਾਨਫਰੰਸ ਹਾਲ ਗੁਰੂ ਗੋਬਿੰਦ ਸਿੰਘ ਭਵਨ, ਗੁਰਦੁਆਰਾ ਰਕਾਬਗੰਜ ਸਾਹਿਬ ਵਿਖੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਅਰਦਾਸ ਉਪਰੰਤ ਗੁਰਦੁਆਰਾ ਚੋਣ ਅਧਿਕਾਰੀਆਂ ਦੀ ਦੇਖ-ਰੇਖ ਹੇਠ ਹੋਈ। ਜਿਸ ’ਚ ਸ੍ਰ. ਸੰਤਾ ਸਿੰਘ ਉਮੇਦਪੁਰੀ ਨੂੰ ਚੋਣ ਪ੍ਰਕ੍ਰਿਆ ਲਈ ਚੇਅਰਮੈਨ ਨਿਯੁਕਤ ਕੀਤਾ ਗਿਆ। ਸ੍ਰ. ਮਨਜਿੰਦਰ ਸਿੰਘ ਸਿਰਸਾ ਦਾ ਨਾਂ ਪ੍ਰਧਾਨਗੀ ਲਈ ਜਥੇਦਾਰ ਅਵਤਾਰ ਸਿੰਘ ਹਿਤ ਨੇ ਪੇਸ਼ ਕੀਤਾ ਅਤੇ ਉਸਦੀ ਸ੍ਰ. ਜਗਦੀਪ ਸਿੰਘ ਕਾਹਲੋ ਨੇ ਪ੍ਰੜੋ੍ਹਤਾ ਕੀਤੀ। ਜਨਰਲ ਸਕੱਤਰ ਦੇ ਅਹੁਦੇ ਲਈ ਸ੍ਰ: ਹਰਮੀਤ ਸਿੰਘ ਕਾਲਕਾ ਦਾ ਨਾਂ ਅਮਰਜੀਤ ਸਿੰਘ ਪਿੰਕੀ ਨੇ ਪੇਸ਼ ਕੀਤਾ ਅਤੇ ਵਿਕਰਮ ਸਿੰਘ ਰੋਹਿਣੀ ਨੇ ਉਸਦੀ ਪ੍ਰੋੜ੍ਹਤਾ ਕੀਤੀ। ਸਰਵ ਸੰਮਤੀ ਨਾਲ ਸਮੂਹ ਮੈਂਬਰਾਂ ਨੇ ਜੈਕਾਰਿਆਂ ਦੇ ਨਾਲ ਇਸਦੀ ਪ੍ਰਵਾਨਗੀ ਦਿੱਤੀ। ਇਸੇ ਤਰ੍ਹਾਂ ਸੀਨੀਅਰ ਮੀਤ ਪ੍ਰਧਾਨ ਬੀਬੀ ਰਣਜੀਤ ਕੌਰ, ਜੂਨੀਅਰ ਮੀਤ ਪ੍ਰਧਾਨ ਕੁਲਵੰਤ ਸਿੰਘ ਬਾਠ ਅਤੇ ਜੁਆਇੰਟ ਸਕੱਤਰ ਦੇ ਅਹੁਦੇ ਲਈ ਸ੍ਰ. ਹਰਵਿੰਦਰ ਸਿੰਘ ਕੇ.ਪੀ ਨੂੰ ਸਰਬ ਸੰਮਤੀ ਨਾਲ ਚੁਣਿਆ ਗਿਆ।
ਅੰਤਿ੍ਰੰਗ ਬੋਰਡ ਦੇ 10 ਮੈਂਬਰ ਸ੍ਰ. ਹਰਿੰਦਰ ਪਾਲ ਸਿੰਘ, ਮਹਿੰਦਰ ਪਾਲ ਸਿਘ ਚੱਢਾ, ਪਰਮਜੀਤ ਸਿੰਘ ਚੰਢੋਕ, ਪਰਮਜੀਤ ਸਿੰਘ ਰਾਣਾ, ਕੁਲਦੀਪ ਸਿੰਘ ਸਾਹਨੀ, ਜਗਦੀਪ ਸਿੰਘ ਕਾਹਲੋ, ਭੁਪਿੰਦਰ ਸਿੰਘ ਭੁੱਲਰ, ਵਿਕਰਮ ਸਿੰਘ ਰੋਹਿਣੀ, ਮਲਕਿੰਦਰ ਸਿੰਘ, ਜਤਿੰਦਰ ਸਿੰਘ ਸਾਹਨੀ ਨਿਰਵਿਰੋਧ ਸਰਬ ਸੰਮਤੀ ਨਾਲ ਚੁਣੇ ਗਏ। ਚੋਣ ਉਪਰੰਤ ਸ੍ਰ: ਬਲਵਿੰਦਰ ਸਿੰਘ ਭੂੰਦੜ ਸੀਨੀਅਰ ਅਕਾਲੀ ਆਗੂ (ਦਿੱਲੀ ਇਕਾਈ) ਮੁੱਖੀ ਨੇ ਸਮੂਹ ਅਹੁਦੇਦਾਰਾਂ ਅਤੇ ਅੰਤ੍ਰਿੰਗ ਬੋਰਡ ਦੇ ਮੈਂਬਰਾਂ ਨੂੰ ਵਧਾਈ ਦਿੱਤੀ। ਉਪਰੰਤ ਕਮੇਟੀ ਦੇ ਪ੍ਰਧਾਨ ਸ੍ਰ: ਮਨਜਿੰਦਰ ਸਿੰਘ ਸਿਰਸਾ ਨੇ ਸਮੂਹ ਮੈਂਬਰਾਂ ਨੂੰ ਸੰਬੋਧਨ ਕਰਦਿਆਂ ਸ਼੍ਰੋਮਣੀ ਅਕਾਲੀ ਦੇ ਸਰਪ੍ਰਸਤ ਸ੍ਰ: ਪ੍ਰਕਾਸ਼ ਸਿੰਘ ਬਾਦਲ, ਸ੍ਰ: ਸੁਖਬੀਰ ਸਿੰਘ ਬਾਦਲ, ਬਲਵਿੰਦਰ ਸਿੰਘ ਭੂੰਦੜ ਦਾ ਧੰਨਵਾਦ ਕੀਤਾ ਜਿਨ੍ਹਾਂ ਨੇ ਸਮੇਂ-ਸਮੇਂ ਸਾਨੂੰ ਸਹੀ ਸੇਧ ਅਤੇ ਦਿਸ਼ਾ ਨਿਰਦੇਸ਼ ਦਿੱਤੀ ਹੈ। ਉਨ੍ਹਾਂ ਕਿਹਾ ਕਿ ਭਾਵੇਂ ਕੁਝ ਵਿਰੋਧੀਆਂ ਵੱਲੋਂ ਇਸ ਚੋਣ ਪ੍ਰਕ੍ਰਿਆ ਵਿੱਚ ਅਨੇਕਾਂ ਰੁਕਾਵਟਾ ਪਾਈਆਂ ਗਈਆਂ ਸਨ ਪਰ ਅਕਾਲ ਪੁਰਖ ਦੀ ਬਖਸ਼ਿਸ ਅਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਓਟ ਆਸਰੇ ਨਾਲ ਇਹ ਪ੍ਰਕ੍ਰਿਆ ਨਿਰਵਿਘਨ ਸੰਪੂਰਨ ਹੋਈ ਹੈ। ਉਨ੍ਹਾਂ ਨੇ ਇਸ ਮੌਕੇ ’ਤੇ ਤਿੰਨ ਮਤੇ ਪੇਸ਼ ਕੀਤੇ। ਪਹਿਲਾ ਮਤਾ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ 550ਵਾਂ ਸਾਲ ਪ੍ਰਕਾਸ਼ ਪੁਰਬ ਨੂੰ ਵੱਡੇ ਪੈਮਾਨੇ ਉੱਤੇ ਮਨਾਉਣ ਦੇ ਸੰਬੰਧ ਵਿੱਚ ਦੇਸ਼ ਅਤੇ ਵਿਦੇਸ਼ ਵਿੱਚ ਧਾਰਮਿਕ ਖੇਤਰ ਵਲੋਂ ਸੰਬੰਧ ਰੱਖਣ ਵਾਲੀਆਂ 5 ਨਾਮਚੀਨ ਹਸਤੀਆਂ ਨੂੰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਐਸੋਸਿਏਟ ਮੈਂਬਰ ਬਣਾਉਣ ਲਈ ਜਨਰਲ ਹਾਊਸ ਵਿੱਚ ਪ੍ਰਸਤਾਵ ਪੇਸ਼ ਕਰਣ ਉੱਤੇ ਸਰਵ ਸੰਮਤੀ ਨਾਲ ਮੰਜੂਰੀ ਦਿੱਤੀ ਗਈ। ਦੂਜੀ ਮਤਾ ਗੁਰਦੁਆਰਾ ਬਾਲਾ ਸਾਹਿਬ ਸਥਿਤ ਗੁਰੂ ਹਰਿਕ੍ਰਿਸ਼ਨ ਹਸਪਤਾਲ ਜੋ ਸਵਰਗਵਾਸੀ ਜੱਥੇਦਾਰ ਬਾਬਾ ਹਰਬੰਸ ਸਿੰਘ ਜੀ ਕਾਰ ਸੇਵਾ ਵਾਲੀਆਂ ਦੇ ਅਗਵਾਈ ਅਤੇ ਅਸ਼ੀਰਵਾਦ ਤੋਂ ਉਸਾਰੀ ਕੀਤਾ ਗਿਆ ਸੀ ਉੱਤੇ ਵਿਰੋਧੀਆਂ ਦੀ ਸਾਜਿਸ਼ ਭਰੀ ਕੁਚਾਲਾਂ ਦੇ ਕਾਰਨ ਸੰਗਤਾਂ ਦੀ ਸੇਵਾ ਤੋਂ ਦੂਰ ਰੱਖਿਆ ਗਿਆ । ਉਸਨੂੰ ਦੁਬਾਰਾ ਸੰਗਤਾਂ ਦੀ ਸੇਵਾ ਵਿੱਚ ਲੈ ਜਾਣ ਲਈ ਅਤੇ ਅੱਗੇ ਤੋਂ ਉਸਦੀ ਦੇਖ – ਰੇਖ ਲਈ 5 ਨਾਮਚੀਨ ਡਾਕਟਰ ਅਤੇ 6 ਨਾਮਚੀਨ ਹਸਤੀਆਂ ਜਿਸ ਵਿੱਚ 2 ਮੈਂਬਰ ਦਿੱਲੀ ਕਮੇਟੀ ਦੇ ਹੋਣਗੇ । ਇਸ ਮੈਬਰਾਂ ਵਿੱਚ ਇੱਕ ਮੈਂਬਰ ਵਿਰੋਧੀ ਦਲ ਦਾ ਹੋਵੇਗਾ । ਕੁਲ 11 ਮੈਂਬਰ ਤੇ ਆਧਾਰਿਮਤ ਕਮੇਟੀ ਬਾਬਾ ਬਚਨ ਸਿੰਘ ਜੀ ਕਾਰ ਸੇਵਾ ਵਾਲੀਆਂ ਦੀ ਸਰਪ੍ਰਸਤੀ ਵਿੱਚ ਬਣਾਉਣ ਦਾ ਜਨਰਲ ਹਾਊਸ ਵਿੱਚ ਪ੍ਰਸਤਾਵ ਪੇਸ਼ ਕਰਣ ਉੱਤੇ ਸਰਵ ਸੰਮਤੀ ਨਾਲ ਮੰਜੂਰੀ ਦਿੱਤੀ ਗਈ ਅਤੇ ਤੀਜਾ ਮਤਾ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੁਆਰਾ ਸਾਰੇ ਸਿੱਖ ਸੰਗਤ ਅਤੇ ਕਮੇਟੀ ਮੈਬਰਾਂ ਨੂੰ ਗੁਰਦੁਆਰਾ ਕਮੇਟੀ ਵਿੱਚ ਸ਼ਾਮਿਲ ਹੋਣ ਵਾਲੇ ਸਾਰੇ ਕਾਰਜਾਂ, ਖਰਚਾਂ ਅਤੇ ਆਮਦਨੀ ਦੇ ਪ੍ਰਤੀ ਜਾਣਕਾਰੀ ਦੇਣਾ ਯਕੀਨੀ ਬਣਾਉਣ ਲਈ ਜਨਰਲ ਹਾਊਸ ਵਿੱਚ ਪ੍ਰਸਤਾਵ ਪੇਸ਼ ਕਰਣ ਉੱਤੇ ਸਰਵ ਸੰਮਤੀ ਨਾਲ ਮਨਜੂਰੀ ਦਿੱਤੀ ਗਈ। ਉਪਰੰਤ ਸ੍ਰ: ਬਲਵਿੰਦਰ ਸਿੰਘ ਭੂੰਦੜ ਨੇ ਸਮੂਹ ਅਹੁਦੇਦਾਰਾਂ ਤੇ ਅੰਤ੍ਰਿੰਗ ਬੋਰਡ ਦੇ ਮੈਂਬਰਾਂ ਨੂੰ ਵਧਾਈ ਦਿੰਦਿਆ ਕਿਹਾ ਕਿ ਸਮੂਹ ਮੈਂਬਰਾਂ ਨਾਲ ਨਿਮਰਤਾ ਨਾਲ ਮਿਲਜੁਲ ਕੇ ਅਤੇ ਇੱਕਮੁੱਠ ਹੋ ਕੇ ਕੰਮ ਕਰਨਾ ਹੈ ਅਤੇ ਦਿੱਲੀ ਦੀ ਸੰਗਤਾਂ ਦੀਆਂ ਆਸਾਂ ’ਤੇ ਪੂਰਾ ਉਤਰਨਾ ਹੈ।