ਨਵੀਂ ਦਿੱਲੀ – ਸਮਾਜਵਾਦੀ ਪਾਰਟੀ ਦੇ ਮੁੱਖ ਸਕੱਤਰ ਰਾਮ ਗੋਪਾਲ ਯਾਦਵ ਨੇ ਪੁਲਵਾਮਾ ਵਿੱਚ ਹੋਏ ਹਮਲੇ ਨੁੰ ਇੱਕ ਸਾਜਿਸ਼ ਕਰਾਰ ਦਿੱਤਾ ਹੈ। ਇਸ ਤੋਂ ਪਹਿਲਾਂ ਵੀ ਅਤੇ ਬਾਅਦ ਵਿੱਚ ਵੀ ਮੋਦੀ ਸਰਕਾਰ ਵੱਲੋਂ ਕਰਵਾਈ ਗਈ ਸਰਜੀਕਲ ਸਟਰਾਈਕਸ ਸ਼ੱਕ ਦੇ ਘੇਰੇ ਵਿੱਚ ਰਹੀਆਂ ਹਨ। ਪਹਿਲਾਂ ਵੀ ਕਈ ਰਾਜਨੀਤਕ ਦਲਾਂ ਵੱਲੋਂ ਸਰਜੀਕਲ ਸਟਰਾਈਕ ਦੇ ਸਬੰਧ ਵਿੱਚ ਸਬੂਤ ਮੰਗੇ ਗਏ ਸਨ ਅਤੇ ਕੇਂਦਰ ਸਰਕਾਰ ਕੁਝ ਵੀ ਸਪੱਸ਼ਟ ਨਹੀਂ ਕਰ ਸਕੀ।
ਉਨ੍ਹਾਂ ਨੇ ਕਿਹਾ, ‘ਪੈਰਾ ਮਿਲੀਟਰੀ ਫੋਰਸਸ ਮੋਦੀ ਸਰਕਾਰ ਤੋਂ ਬਹੁਤ ਦੁੱਖੀ ਹਨ। ਸਿਰਫ਼ ਵੋਟਾਂ ਦੀ ਖਾਤਿਰ ਜਵਾਨ ਮਾਰ ਦਿੱਤੇ ਗਏ। ਜੰਮੂ-ਕਸ਼ਮੀਰ ਵਿੱਚ ਚੈਕਿੰਗ ਨਹੀਂ ਸੀ। ਜਵਾਨਾਂ ਨੂੰ ਸਾਧਾਰਣ ਬੱਸ ਵਿੱਚ ਭੇਜ ਦਿੱਤਾ ਗਿਆ। ਇਹ ਸਾਜਿਸ਼ ਹੈ। ਅਜੇ ਕੁਝ ਨਹੀਂ ਕਹਿਣਾ ਚਾਹੁੰਦਾ, ਜਦੋਂ ਸਰਕਾਰ ਬਦਲੇਗੀ ਤਾਂ ਇਸ ਦੀ ਜਾਂਚ ਪੜਤਾਲ ਹੋਵੇਗੀ ਤਾਂ ਵੱਡੇ-ਵੱਡੇ ਲੋਕ ਫਸਣਗੇ।’
ਇਸ ਤੋਂ ਪਹਿਲਾਂ ਕਾਂਗਰਸ ਦੇ ਨੇਤਾ ਬੀਕੇ ਹਰੀਪ੍ਰਸਾਦ ਨੇ ਵੀ ਪੁਲਵਾਮਾ ਸਬੰਧੀ ਇਹ ਬਿਆਨ ਦਿੱਤਾ ਸੀ ਕਿ ਇਹ ਹਮਲਾ ਮੋਦੀ ਅਤੇ ਪਾਕਿਸਤਾਨ ਦੇ ਪ੍ਰਧਾਨਮੰਤਰੀ ਇਮਰਾਨ ਖਾਨ ਦੀ ਮਿਲੀਭਗਤ ਨਾਲ ਹੋਇਆ ਹੈ।
ਸਾਬਕਾ ਮੁੱਖਮੰਤਰੀ ਅਖਿਲੇਸ਼ ਯਾਦਵ ਨੇ ਕਿਹਾ ਕਿ ਜੇ ਸਰਹੱਦ ਤੇ ਨੇਤਾ ਜੀ {ਮੁਲਾਇਮ) ਦੁਆਰਾ ਲਿਆਂਦੇ ਗਏ ਜਹਾਜ਼ਾਂ ਦਾ ਇਸਤੇਮਾਲ ਹੋਇਆ ਹੁੰਦਾ ਤਾਂ ਪਾਕਿਸਤਾਨ ਉਸ ਦਾ ਸਾਹਮਣਾ ਨਾ ਕਰ ਸਕਦਾ। ਉਨ੍ਹਾਂ ਨੇ ਕਿਹਾ ਕਿ ਭਾਜਪਾ ਕੇਵਲ ਹਿੰਦੂਤੱਵ ਦਾ ਸਰਟੀਫਿਕੇਟ ਦੇਣ ਵਾਲੀ ਪਾਰਟੀ ਬਣ ਕੇ ਰਹਿ ਗਈ ਹੈ।
ਉਨ੍ਹਾਂ ਨੇ ਲੋਕਾਂ ਨੂੰ ਕਿਹਾ ਕਿ ਜੇ ਤੁਸੀਂ ਭੱਟਕਣ ਤੋਂ ਬਚਣਾ ਚਾਹੁੰਦੇ ਹੋ ਤਾਂ ਟੀਵੀ ਵੇਖਣਾ ਬੰਦ ਕਰ ਦੇਵੋ। ਨਿਊਜ਼ ਚੈਨਲ ਵੇਖਣਾ ਵੀ ਬੰਦ ਕਰ ਦੇਵੋ। ਉਨ੍ਹਾਂ ਨੇ ਕਿਹਾ ਕਿ ਇਨ੍ਹਾਂ ਚੋਣਾਂ ਵਿੱਚ ਗਠਬੰਧਨ ਮਜ਼ਬੂਤ ਹੈ ਅਤੇ ਗਠਬੰਧਨ ਦੀ ਹੀ ਸਰਕਾਰ ਬਣੇਗੀ।